ਕੈਲਗਰੀ-ਸ਼ਾਅ ਉਪ-ਚੋਣ 14 ਸਤੰਬਰ ਨੂੰ, ਯੂਸੀਪੀ ਵੱਲੋਂ ਮਾਈਕ ਡੈਰੀ ਉਮੀਦਵਾਰ

ਕੈਲਗਰੀ-ਸ਼ਾਅ ਉਪ-ਚੋਣ 14 ਸਤੰਬਰ ਨੂੰ, ਯੂਸੀਪੀ ਵੱਲੋਂ ਮਾਈਕ ਡੈਰੀ ਉਮੀਦਵਾਰ

ਕੈਲਗਰੀ-ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਐਲਾਨ ਕੀਤਾ ਹੈ ਕਿ ਕੈਲਗਰੀ-ਸ਼ਾਅ ਹਲਕੇ ਵਿੱਚ ਸੂਬਾਈ ਉਪ-ਚੋਣ 14 ਸਤੰਬਰ 2026, ਸੋਮਵਾਰ ਨੂੰ ਕਰਵਾਈ ਜਾਵੇਗੀ।ਯੂਨਾਈਟਿਡ ਕੰਜ਼ਰਵੇਟਿਵ ਪਾਰਟੀ (ਯੂਸੀਪੀ) ਵੱਲੋਂ ਮਾਈਕ ਡੈਰੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਡੈਰੀ ਕੈਲਗਰੀ ਦੇ ਲੰਮੇ ਸਮੇਂ ਤੋਂ ਵਸਨੀਕ, ਕਾਰੋਬਾਰੀ ਅਤੇ ਭਾਈਚਾਰਕ ਸੇਵਾਦਾਰ ਹਨ। ਉਨ੍ਹਾਂ ਕੋਲ ਅਲਬਰਟਾ ਦੇ ਤੇਲ ਅਤੇ ਗੈਸ ਖੇਤਰ ਵਿੱਚ ਵੀ ਵਿਆਪਕ ਤਜਰਬਾ ਹੈ।

ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ ਮਾਈਕ ਡੈਰੀ ਕੈਲਗਰੀ ਦੀਆਂ ਸਮੱਸਿਆਵਾਂ ਅਤੇ ਪਰਿਵਾਰਾਂ ਤੇ ਕਾਰੋਬਾਰਾਂ ਸਾਹਮਣੇ ਆ ਰਹੀਆਂ ਚੁਣੌਤੀਆਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਉਨ੍ਹਾਂ ਕਿਹਾ ਕਿ ਡੈਰੀ ਘੱਟ ਟੈਕਸ, ਸੁਰੱਖਿਅਤ ਭਾਈਚਾਰਿਆਂ ਅਤੇ ਰੁਜ਼ਗਾਰ ਪੈਦਾ ਕਰਨ ਵਾਲੀ ਮਜ਼ਬੂਤ ਅਰਥਵਿਵਸਥਾ ਲਈ ਕੰਮ ਕਰਨਗੇ।

ਮਾਈਕ ਡੈਰੀ ਆਪਣੀ ਪਤਨੀ ਨਾਲ ਕੈਲਗਰੀ ਵਿੱਚ ਆਪਣੇ ਦੋ ਪੁੱਤਰਾਂ ਦੀ ਪਰਵਰਿਸ਼ ਕਰ ਰਹੇ ਹਨ। ਉਹ ਪਿਛਲੇ ਕਈ ਸਾਲਾਂ ਤੋਂ ਨੌਜਵਾਨਾਂ ਦੀਆਂ ਖੇਡਾਂ, ਸਿੱਖਿਆ ਪ੍ਰੋਗਰਾਮਾਂ ਅਤੇ ਸਥਾਨਕ ਗੈਰ-ਮੁਨਾਫ਼ਾ ਸੰਸਥਾਵਾਂ ਨਾਲ ਜੁੜ ਕੇ ਭਾਈਚਾਰੇ ਵਿੱਚ ਸਰਗਰਮ ਰਹੇ ਹਨ।ਡੈਰੀ ਨੇ ਕਿਹਾ ਕਿ ਕੈਲਗਰੀ-ਸ਼ਾਅ ਉਨ੍ਹਾਂ ਦਾ ਘਰ ਹੈ ਅਤੇ ਉਹ ਉਸ ਭਾਈਚਾਰੇ ਨੂੰ ਵਾਪਸ ਕੁਝ ਦੇਣਾ ਚਾਹੁੰਦੇ ਹਨ, ਜਿਸ ਨੇ ਉਨ੍ਹਾਂ ਦੇ ਪਰਿਵਾਰ ਨੂੰ ਬਹੁਤ ਕੁਝ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਵਸਨੀਕਾਂ ਦੀਆਂ ਤਰਜੀਹਾਂ ਸੁਣਨ ਅਤੇ ਉਨ੍ਹਾਂ ਦੀ ਮਜ਼ਬੂਤ ਆਵਾਜ਼ ਬਣਨ ਲਈ ਕੰਮ ਕਰਨਗੇ।

ਉਪ-ਚੋਣ ਨੂੰ ਅਲਬਰਟਾ ਦੀ ਆਰਥਿਕਤਾ ਅਤੇ ਊਰਜਾ ਨੀਤੀ ਨਾਲ ਵੀ ਜੋੜਿਆ ਜਾ ਰਿਹਾ ਹੈ। ਯੂਸੀਪੀ ਦਾ ਕਹਿਣਾ ਹੈ ਕਿ ਸੂਬਾ ਨਵੇਂ ਰੁਜ਼ਗਾਰ ਪੈਦਾ ਕਰਨ, ਨਿਵੇਸ਼ ਆਕਰਸ਼ਿਤ ਕਰਨ ਅਤੇ ਅਲਬਰਟਾ ਦੀ ਊਰਜਾ ਨੂੰ ਵਿਸ਼ਵ ਬਾਜ਼ਾਰਾਂ ਤੱਕ ਪਹੁੰਚਾਉਣ ਲਈ ਕੰਮ ਕਰ ਰਿਹਾ ਹੈ।ਯੂਸੀਪੀ ਨੇ ਵਿਰੋਧੀ ਧਿਰਾਂ ’ਤੇ ਪਾਈਪਲਾਈਨ ਪ੍ਰਾਜੈਕਟਾਂ ਦਾ ਵਿਰੋਧ ਕਰਨ ਦੇ ਦੋਸ਼ ਲਗਾਏ ਹਨ ਅਤੇ ਕਿਹਾ ਹੈ ਕਿ ਕੈਲਗਰੀ-ਸ਼ਾਅ ਦੇ ਵੋਟਰਾਂ ਸਾਹਮਣੇ ਅਲਬਰਟਾ ਦੀ ਆਰਥਿਕ ਦਿਸ਼ਾ ਨੂੰ ਲੈ ਕੇ ਸਪੱਸ਼ਟ ਚੋਣ ਹੈ।ਕੈਲਗਰੀ-ਸ਼ਾਅ ਦੇ ਵੋਟਰ 14 ਸਤੰਬਰ ਨੂੰ ਆਪਣਾ ਨਵਾਂ ਵਿਧਾਇਕ ਚੁਣਨਗੇ।