ਕੈਲਗਰੀ ਵਿੱਚ ਟਰੈਫਿਕ ਜਾਂਚ ਦੌਰਾਨ 840 ਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥ ਬਰਾਮਦ, ਦੋ ਨੌਜਵਾਨਾਂ ਖ਼ਿਲਾਫ਼ ਕੇਸ ਦਰਜ

ਕੈਲਗਰੀ ਵਿੱਚ ਟਰੈਫਿਕ ਜਾਂਚ ਦੌਰਾਨ 840 ਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥ ਬਰਾਮਦ, ਦੋ ਨੌਜਵਾਨਾਂ ਖ਼ਿਲਾਫ਼ ਕੇਸ ਦਰਜ

ਕੈਲਗਰੀ-ਕੈਲਗਰੀ ਪੁਲਿਸ ਨੇ ਉੱਤਰ-ਪੂਰਬੀ ਕੈਲਗਰੀ ਵਿੱਚ ਇੱਕ ਰੁਟੀਨ ਟਰੈਫਿਕ ਜਾਂਚ ਦੌਰਾਨ 840 ਗ੍ਰਾਮ ਤੋਂ ਵੱਧ ਸ਼ੱਕੀ ਨਸ਼ੀਲੇ ਪਦਾਰਥ, ਨਕਦੀ ਅਤੇ ਗੋਲੀਆਂ ਬਰਾਮਦ ਕਰਨ ਤੋਂ ਬਾਅਦ 18 ਸਾਲਾ ਅਤੇ 17 ਸਾਲਾ ਦੋ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਪੁਲਿਸ ਅਨੁਸਾਰ ਬੁੱਧਵਾਰ ਸ਼ਾਮ ਕਰੀਬ 5:25 ਵਜੇ 68 ਸਟਰੀਟ ਅਤੇ ਮੈਕਨਾਈਟ ਬੁਲੇਵਾਰਡ ਐਨ.ਈ. ਨੇੜੇ ਇੱਕ ਵਾਹਨ ਨੂੰ ਰੋਕਿਆ ਗਿਆ। ਪੁਲਿਸ ਨੇ ਵਾਹਨ ਇਸ ਲਈ ਰੋਕਿਆ ਕਿਉਂਕਿ ਇਸ ਦਾ ਰਜਿਸਟਰਡ ਮਾਲਕ ਟਰੈਫਿਕ ਸੇਫਟੀ ਐਕਟ ਤਹਿਤ ਲੋੜੀਂਦਾ ਸੀ।ਭਾਵੇਂ ਵਾਹਨ ਦਾ ਰਜਿਸਟਰਡ ਮਾਲਕ ਉਸ ਸਮੇਂ ਗੱਡੀ ਵਿੱਚ ਮੌਜੂਦ ਨਹੀਂ ਸੀ, ਪਰ ਤਲਾਸ਼ੀ ਦੌਰਾਨ ਵਾਹਨ ਵਿੱਚ ਬਣੇ ਗੁਪਤ ਖਾਨਿਆਂ ਵਿੱਚੋਂ ਵੱਡੀ ਮਾਤਰਾ ਵਿੱਚ ਸ਼ੱਕੀ ਨਸ਼ੀਲੇ ਪਦਾਰਥ ਬਰਾਮਦ ਹੋਏ।ਪੁਲਿਸ ਨੇ 738 ਗ੍ਰਾਮ ਸ਼ੱਕੀ ਕੋਕੀਨ ਅਤੇ 104 ਗ੍ਰਾਮ ਸ਼ੱਕੀ ਫੈਂਟਾਨਿਲ ਜ਼ਬਤ ਕੀਤੀ। ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਅੰਦਾਜ਼ਨ ਕੀਮਤ 43 ਹਜ਼ਾਰ ਡਾਲਰ ਦੱਸੀ ਗਈ ਹੈ।

ਇਸ ਤੋਂ ਇਲਾਵਾ ਪੁਲਿਸ ਨੇ 1,040 ਡਾਲਰ ਨਕਦ ਅਤੇ 9 ਮਿਲੀਮੀਟਰ ਦੀਆਂ 44 ਗੋਲੀਆਂ ਵੀ ਬਰਾਮਦ ਕੀਤੀਆਂ ਹਨ।ਪੁਲਿਸ ਨੇ 18 ਸਾਲਾ ਨਟਾਲੇ ਮਾਹਦਰ ਟੈਸਫੇ ਖ਼ਿਲਾਫ਼ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਕਸਦ ਨਾਲ ਕਬਜ਼ੇ ਵਿੱਚ ਰੱਖਣ ਦੇ ਦੋ ਦੋਸ਼ ਲਗਾਏ ਹਨ। ਇਸ ਦੇ ਨਾਲ ਹੀ 17 ਸਾਲਾ ਲੜਕੇ, ਜਿਸ ਦੀ ਪਛਾਣ ਯੂਥ ਕ੍ਰਿਮੀਨਲ ਜਸਟਿਸ ਐਕਟ ਤਹਿਤ ਜਨਤਕ ਨਹੀਂ ਕੀਤੀ ਜਾ ਸਕਦੀ, ਖ਼ਿਲਾਫ਼ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਕਸਦ ਨਾਲ ਕਬਜ਼ੇ ਵਿੱਚ ਰੱਖਣ ਦੇ ਦੋ ਅਤੇ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋ ਦੋਸ਼ ਦਰਜ ਕੀਤੇ ਗਏ ਹਨ।

ਪੁਲਿਸ ਨੇ ਇਸ ਮਾਮਲੇ ਸਬੰਧੀ ਹੋਰ ਜਾਣਕਾਰੀ ਰੱਖਣ ਵਾਲੇ ਲੋਕਾਂ ਨੂੰ 403-266-1234 'ਤੇ ਕੈਲਗਰੀ ਪੁਲਿਸ ਨਾਲ ਜਾਂ ਗੁਪਤ ਰੂਪ ਵਿੱਚ ਕ੍ਰਾਈਮ ਸਟਾਪਰਜ਼ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ।