ਕੈਨੇਡਾ ਵਿੱਚ ਫੌਜੀ ਭਰਤੀ ਵਿੱਚ ਵਾਧਾ, ਪੈਸਿਫਿਕ ਖੇਤਰ ਵਿੱਚ 700 ਤੋਂ ਵੱਧ ਨੌਜਵਾਨ ਭਰਤੀ

ਕੈਨੇਡਾ ਵਿੱਚ ਫੌਜੀ ਭਰਤੀ ਵਿੱਚ ਵਾਧਾ, ਪੈਸਿਫਿਕ ਖੇਤਰ ਵਿੱਚ 700 ਤੋਂ ਵੱਧ ਨੌਜਵਾਨ ਭਰਤੀ

ਵੈਨਕੂਵਰ-ਕੈਨੇਡਾ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ ਫੌਜੀ ਭਰਤੀ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ ਅਤੇ ਬ੍ਰਿਟਿਸ਼ ਕੋਲੰਬੀਆ ਵੀ ਇਸ ਰੁਝਾਨ ਨਾਲ ਕਦਮ ਮਿਲਾ ਰਿਹਾ ਹੈ। ਕੈਨੇਡੀਅਨ ਫੋਰਸਿਜ਼ ਰਿਕਰੂਟਿੰਗ ਸੈਂਟਰ (ਸੀਐੱਫਆਰਸੀ) ਅਨੁਸਾਰ ਸਿਰਫ਼ ਲੋਅਰ ਮੇਨਲੈਂਡ ਖੇਤਰ ਤੋਂ ਹੀ ਪਿਛਲੇ ਇੱਕ ਸਾਲ ਵਿੱਚ 480 ਤੋਂ ਵੱਧ ਨੌਜਵਾਨ ਫੌਜ ਵਿੱਚ ਭਰਤੀ ਹੋਏ ਹਨ।ਪੈਸਿਫਿਕ ਖੇਤਰ, ਜਿਸ ਵਿੱਚ ਬ੍ਰਿਟਿਸ਼ ਕੋਲੰਬੀਆ ਅਤੇ ਯੂਕਨ ਸ਼ਾਮਲ ਹਨ, ਵਿੱਚ ਇਹ ਗਿਣਤੀ 700 ਤੋਂ ਵੀ ਉੱਪਰ ਰਹੀ। ਨਿਊ ਵੈਸਟਮਿੰਸਟਰ ਸਥਿਤ ਸੀਐੱਫਆਰਸੀ ਪੈਸਿਫਿਕ ਮੁੱਖ ਦਫ਼ਤਰ ਵਿੱਚ ਤਾਇਨਾਤ ਕੈਪਟਨ ਜੋਸ਼ੂਆ ਰਜਿਸਟਰ ਨੇ ਦੱਸਿਆ ਕਿ ਆਬਾਦੀ ਦੇ ਅਨੁਪਾਤ ਅਨੁਸਾਰ ਪੈਸਿਫਿਕ ਖੇਤਰ ਤੋਂ ਵਧੀਆ ਗਿਣਤੀ ਵਿੱਚ ਨਵੇਂ ਭਰਤੀ ਹੋ ਰਹੇ ਹਨ।

ਉਨ੍ਹਾਂ ਦੇ ਮੁਤਾਬਕ ਕੈਨੇਡੀਅਨ ਆਰਮਡ ਫੋਰਸਿਜ਼ ਵੱਲੋਂ ਵਧੀਆ ਤਨਖਾਹਾਂ, ਭੱਤੇ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਣ ਕਾਰਨ ਨੌਜਵਾਨਾਂ ਦੀ ਦਿਲਚਸਪੀ ਵਧੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਵੱਡੀ ਗਿਣਤੀ ਵਿੱਚ ਅਰਜ਼ੀਆਂ ਆ ਰਹੀਆਂ ਹਨ ਅਤੇ ਫੌਜੀ ਸੇਵਾ ਹੁਣ ਇੱਕ ਮੁਕਾਬਲੇਯੋਗ ਰੁਜ਼ਗਾਰ ਵਿਕਲਪ ਬਣ ਚੁੱਕੀ ਹੈ।

ਕੈਪਟਨ ਰਜਿਸਟਰ ਨੇ ਇਹ ਵੀ ਦੱਸਿਆ ਕਿ ਕੁਝ ਅਹਿਮ ਅਹੁਦਿਆਂ ਲਈ ਭਰਤੀ ਭੱਤਾ ਅਤੇ ਸਾਈਨਿੰਗ ਬੋਨਸ ਵੀ ਸ਼ੁਰੂ ਕੀਤੇ ਗਏ ਹਨ ਤਾਂ ਜੋ ਲੋੜੀਂਦੇ ਖੇਤਰਾਂ ਵਿੱਚ ਕਰਮਚਾਰੀਆਂ ਦੀ ਘਾਟ ਪੂਰੀ ਕੀਤੀ ਜਾ ਸਕੇ।ਉਨ੍ਹਾਂ ਕਿਹਾ ਕਿ ਫੌਜ ਵਿੱਚ ਨੌਕਰੀ ਸਿਰਫ਼ ਜੰਗੀ ਮੋਰਚੇ ਤੱਕ ਸੀਮਿਤ ਨਹੀਂ ਹੈ। ਫੌਜ ਵਿੱਚ ਕਈ ਅਜਿਹੇ ਵਿਭਾਗ ਹਨ ਜੋ ਨਾਗਰਿਕ ਖੇਤਰਾਂ ਨਾਲ ਮਿਲਦੇ-ਜੁਲਦੇ ਹਨ ਅਤੇ ਵੱਖ-ਵੱਖ ਹੁਨਰਾਂ ਵਾਲੇ ਲੋਕਾਂ ਲਈ ਮੌਕੇ ਪ੍ਰਦਾਨ ਕਰਦੇ ਹਨ।

ਦੇਸ਼ ਭਰ ਵਿੱਚ 2025-26 ਦੌਰਾਨ 7,310 ਨਵੇਂ ਭਰਤੀ ਦਰਜ ਕੀਤੇ ਗਏ, ਜਦਕਿ ਇਸ ਤੋਂ ਪਿਛਲੇ ਸਾਲ ਇਹ ਗਿਣਤੀ 6,710 ਸੀ। ਛੇ ਸਾਲ ਪਹਿਲਾਂ ਇਹ ਅੰਕੜਾ ਘਟ ਕੇ ਸਿਰਫ਼ 2,011 ਰਹਿ ਗਿਆ ਸੀ।ਜ਼ਿਕਰਯੋਗ ਹੈ ਕਿ ਇਸ ਸਾਲ ਮਾਰਚ ਵਿੱਚ ਫੈਡਰਲ ਸਰਕਾਰ ਨੇ ਐਲਾਨ ਕੀਤਾ ਸੀ ਕਿ ਕੈਨੇਡਾ ਨੇ ਰੱਖਿਆ ਖਰਚੇ ਨੂੰ ਜੀਡੀਪੀ ਦੇ 2 ਫੀਸਦੀ ਟੀਚੇ ਤੱਕ ਪਹੁੰਚਾ ਦਿੱਤਾ ਹੈ। 2025-26 ਵਿੱਤੀ ਸਾਲ ਦੌਰਾਨ ਰਾਸ਼ਟਰੀ ਰੱਖਿਆ ਵਿਭਾਗ, ਕੈਨੇਡੀਅਨ ਆਰਮਡ ਫੋਰਸਿਜ਼ ਅਤੇ ਹੋਰ ਸਰਕਾਰੀ ਭਾਗੀਦਾਰਾਂ ਰਾਹੀਂ ਰੱਖਿਆ ਖੇਤਰ ‘ਤੇ 63 ਬਿਲੀਅਨ ਡਾਲਰ ਖਰਚ ਕੀਤੇ ਜਾ ਰਹੇ ਹਨ।