ਅਮਰੀਕਾ ਦੇ ਆਜ਼ਾਦੀ ਦਿਵਸ ਮੌਕੇ ਓਟਾਵਾ ਦੇ ਅਸਮਾਨ 'ਚ ਕੈਨੇਡਾ ਤੇ ਅਮਰੀਕਾ ਦੇ ਲੜਾਕੂ ਜਹਾਜ਼ਾਂ ਦੀ ਸਾਂਝੀ ਉਡਾਣ

ਅਮਰੀਕਾ ਦੇ ਆਜ਼ਾਦੀ ਦਿਵਸ ਮੌਕੇ ਓਟਾਵਾ ਦੇ ਅਸਮਾਨ 'ਚ ਕੈਨੇਡਾ ਤੇ ਅਮਰੀਕਾ ਦੇ ਲੜਾਕੂ ਜਹਾਜ਼ਾਂ ਦੀ ਸਾਂਝੀ ਉਡਾਣ

ਓਟਾਵਾ-ਅਮਰੀਕਾ ਦੇ ਆਜ਼ਾਦੀ ਦਿਵਸ (ਫੋਰਥ ਆਫ਼ ਜੁਲਾਈ) ਦੇ ਮੌਕੇ 'ਤੇ ਓਟਾਵਾ ਦੇ ਅਸਮਾਨ ਵਿੱਚ ਕੈਨੇਡਾ ਅਤੇ ਅਮਰੀਕਾ ਦੀਆਂ ਹਵਾਈ ਸੈਨਾਵਾਂ ਨੇ ਸਾਂਝੀ ਉਡਾਣ ਭਰ ਕੇ ਦੋਵੇਂ ਦੇਸ਼ਾਂ ਦੇ ਰੱਖਿਆ ਸਹਿਯੋਗ ਦਾ ਪ੍ਰਦਰਸ਼ਨ ਕੀਤਾ।ਅਮਰੀਕਾ ਦੇ ਕੈਨੇਡਾ ਸਥਿਤ ਰਾਜਦੂਤ ਪੀਟ ਹੋਕਸਟਰਾ ਦੇ ਸਰਕਾਰੀ ਨਿਵਾਸ 'ਤੇ ਆਯੋਜਿਤ ਸਮਾਗਮ ਦੌਰਾਨ ਦੋ ਅਮਰੀਕੀ ਐਫ-35 ਲਾਈਟਨਿੰਗ-2 ਲੜਾਕੂ ਜਹਾਜ਼ਾਂ ਅਤੇ ਦੋ ਕੈਨੇਡੀਅਨ ਸੀਐਫ-18 ਹਾਰਨੇਟ ਜਹਾਜ਼ਾਂ ਨੇ ਨੀਵੀਂ ਉਚਾਈ 'ਤੇ ਸਾਂਝੀ ਉਡਾਣ ਭਰੀ।

ਇਸ ਮੌਕੇ ਰਾਜਦੂਤ ਹੋਕਸਟਰਾ ਨੇ ਕਿਹਾ ਕਿ ਕੈਨੇਡਾ ਇਸ ਸਾਲ ਦੇ ਅੰਤ ਤੱਕ ਅਮਰੀਕਾ ਵਿੱਚ ਬਣੇ ਆਧੁਨਿਕ ਐਫ-35 ਲੜਾਕੂ ਜਹਾਜ਼ਾਂ ਦਾ ਮਾਲਕ ਬਣਨ 'ਤੇ ਮਾਣ ਮਹਿਸੂਸ ਕਰੇਗਾ। ਉਨ੍ਹਾਂ ਦੱਸਿਆ ਕਿ ਕੈਨੇਡਾ ਸ਼ੁਰੂ ਤੋਂ ਹੀ ਇਸ ਅੰਤਰਰਾਸ਼ਟਰੀ ਜਹਾਜ਼ ਪ੍ਰੋਗਰਾਮ ਦਾ ਭਾਈਵਾਲ ਰਿਹਾ ਹੈ।

ਸਮਾਗਮ ਵਿੱਚ ਸੰਸਦ ਮੈਂਬਰਾਂ ਸਮੇਤ ਕਈ ਮਹਿਮਾਨ ਮੌਜੂਦ ਸਨ। ਇਸ ਸਾਲ ਅਮਰੀਕਾ ਨੇ ਆਪਣੀ ਆਜ਼ਾਦੀ ਦੀ ਘੋਸ਼ਣਾ (Declaration of Independence) 'ਤੇ ਦਸਤਖ਼ਤ ਹੋਣ ਦੀ 250ਵੀਂ ਵਰ੍ਹੇਗੰਢ ਵੀ ਮਨਾਈ।ਦੂਜੇ ਪਾਸੇ, ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਪਿਛਲੇ ਇੱਕ ਸਾਲ ਤੋਂ ਕੈਨੇਡਾ ਲਈ ਕੁੱਲ 88 ਐਫ-35 ਲੜਾਕੂ ਜਹਾਜ਼ਾਂ ਦੀ ਖਰੀਦ ਸਬੰਧੀ ਸਮਝੌਤੇ ਦੀ ਸਮੀਖਿਆ ਕਰ ਰਹੀ ਹੈ। ਇਹ ਸਮੀਖਿਆ ਉਸ ਸਮੇਂ ਸ਼ੁਰੂ ਹੋਈ ਸੀ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਨਾਲ ਵਪਾਰਕ ਟਕਰਾਅ ਦੀ ਸ਼ੁਰੂਆਤ ਕੀਤੀ ਸੀ। ਹਾਲਾਂਕਿ ਕੈਨੇਡਾ ਪਹਿਲਾਂ ਹੀ 16 ਐਫ-35 ਜਹਾਜ਼ਾਂ ਲਈ ਅਗਾਊਂ ਭੁਗਤਾਨ ਕਰ ਚੁੱਕਾ ਹੈ।

ਕੈਨੇਡਾ ਦੇ ਰੱਖਿਆ ਵਿਭਾਗ ਨੇ ਕਿਹਾ ਕਿ ਇਹ ਸਾਂਝੀ ਉਡਾਣ ਨੋਰਾਡ (NORAD) ਤਹਿਤ ਦੋਵੇਂ ਦੇਸ਼ਾਂ ਦੀਆਂ ਹਵਾਈ ਸੈਨਾਵਾਂ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੇ ਸਹਿਯੋਗ ਦਾ ਪ੍ਰਤੀਕ ਹੈ। ਰਾਜਦੂਤ ਹੋਕਸਟਰਾ ਨੇ ਵੀ ਨੋਰਾਡ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਾਂਝੇ ਰੱਖਿਆ ਢਾਂਚੇ ਨੇ ਪਿਛਲੇ 60 ਤੋਂ 70 ਸਾਲਾਂ ਦੌਰਾਨ ਦੋਵੇਂ ਦੇਸ਼ਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਉਨ੍ਹਾਂ ਆਪਣੇ ਸੰਬੋਧਨ ਦੌਰਾਨ ਮੰਨਿਆ ਕਿ ਕੈਨੇਡਾ ਅਤੇ ਅਮਰੀਕਾ ਵਿਚਕਾਰ ਵਪਾਰਕ ਵਿਵਾਦ ਅਤੇ ਗੋਰਡੀ ਹੋਵੇ ਇੰਟਰਨੈਸ਼ਨਲ ਬ੍ਰਿਜ ਵਰਗੇ ਕੁਝ ਮੁੱਦੇ ਅਜੇ ਵੀ ਮੌਜੂਦ ਹਨ, ਪਰ ਉਨ੍ਹਾਂ ਨੇ ਭਰੋਸਾ ਜਤਾਇਆ ਕਿ ਦੋਵੇਂ ਦੇਸ਼ ਆਪਸੀ ਸਹਿਯੋਗ ਨਾਲ ਇਨ੍ਹਾਂ ਮਤਭੇਦਾਂ ਨੂੰ ਦੂਰ ਕਰ ਲੈਣਗੇ।ਉਨ੍ਹਾਂ ਇਹ ਉਮੀਦ ਵੀ ਪ੍ਰਗਟਾਈ ਕਿ ਅਗਲੇ ਸਾਲ ਤੱਕ ਓਨਟਾਰੀਓ ਵਿੱਚ ਅਮਰੀਕੀ ਸ਼ਰਾਬ 'ਤੇ ਲੱਗੀਆਂ ਪਾਬੰਦੀਆਂ ਹਟ ਜਾਣਗੀਆਂ ਅਤੇ ਦੋਵੇਂ ਦੇਸ਼ ਆਪਣੀ ਦੋਸਤੀ ਅਤੇ ਮਜ਼ਬੂਤ ਸਾਂਝੇਦਾਰੀ ਦਾ ਜਸ਼ਨ ਇਕੱਠੇ ਮਨਾ ਸਕਣਗੇ।