ਭਾਰਤ-ਏ ਪੁਰਸ਼ ਹਾਕੀ ਟੀਮ ਨੇ ਯੂਰਪੀਅਨ ਦੌਰੇ ’ਤੇ ਅਪਣਾ ਦਬਦਬਾ ਜਾਰੀ ਰੱਖਿਆ
ਨੀਦਰਲੈਂਡ-ਭਾਰਤ-ਏ ਪੁਰਸ਼ ਹਾਕੀ ਟੀਮ ਨੇ ਯੂਰਪੀਅਨ ਦੌਰੇ ’ਤੇ ਅਪਣਾ ਦਬਦਬਾ ਜਾਰੀ ਰਖਿਆ ਤੇ ਇਥੇ ਹਾਕੀ ਕਲੱਬ ਓਰੈਂਜੇ-ਰੂਡ ਵਿਖੇ ਆਇਰਲੈਂਡ ਨੂੰ 6-0 ਨਾਲ ਕਰਾਰੀ ਹਾਰ ਦਿਤੀ। ਇਹ ਇੰਡੀਆ-ਏ ਦੀ ਆਇਰਲੈਂਡ ਵਿਰੁਧ ਲਗਾਤਾਰ ਦੂਜੀ ਜਿੱਤ ਹੈ, ਜਿਸ ਨੂੰ ਉਨ੍ਹਾਂ ਨੇ ਟੂਰ ਓਪਨਰ ਵਿਚ 6-1 ਨਾਲ ਹਰਾਇਆ। ਜਾਣਕਾਰੀ ਮੁਤਾਬਕ ਉੱਤਮ ਸਿੰਘ ਨੇ ਇੰਡੀਆ-ਏ ਲਈ ਸਕੋਰਿੰਗ ਦੀ ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਕਪਤਾਨ ਸੰਜੇ ਨੇ 2-0 ਨਾਲ ਸਕੋਰ ਬਣਾਇਆ। ਇਸ ਤੋਂ ਬਾਅਦ ਮਿਡਫ਼ੀਲਡਰ ਮੁਹੰਮਦ ਰਾਹੀਲ ਮਾਊਸੀਨ ਨੇ ਪ੍ਰਭਾਵਸ਼ਾਲੀ ਲਗਾਤਾਰ ਦੋ ਗੋਲ ਕੀਤੇ, ਜਿਸ ਤੋਂ ਬਾਅਦ ਅਮਨਦੀਪ ਲਾਕੜਾ ਅਤੇ ਵਰੁਣ ਕੁਮਾਰ ਨੇ ਇਕ-ਇਕ ਗੋਲ ਕੀਤਾ। ਭਾਰਤੀ ਟੀਮ ਅਗਲਾ ਮੈਚ ਸ਼ਨਿਚਰਵਾਰ ਨੂੰ ਫ਼ਰਾਂਸ ਨਾਲ ਖੇਡੇਗੀ।
















