ਕੈਨੇਡਾ ਵਿੱਚ ਸੰਘੀ ਚੋਣਾਂ ਵਿੱਚ ਪੰਜਾਬੀ ਮੂਲ ਦੇ ਉਮੀਦਵਾਰਾਂ ਦਾ ਪ੍ਰਚਾਰ ਤੇਜ਼
ਟੋਰਾਂਟੋ-ਕੈਨੇਡਾ ਦੀਆਂ ਸੰਘੀ ਚੋਣਾਂ ਜੋ ਕਿ 28 ਅਪ੍ਰੈਲ ਨੂੰ ਹੋਣ ਜਾ ਰਹੀਆਂ ਹਨ, ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ ਹੋ ਕੇ ਜੀਅ ਤੋੜ ਮਿਹਨਤ ਕਰ ਰਹੀਆਂ ਹਨ ਅਤ ਚੋਣ ਪ੍ਰਚਾਰ ਮੁਹਿੰਮ ਵਿੱਚ ਡਟੀਆਂ ਹੋਈਆਂ ਹਨ। ਜਾਣਕਾਰੀ ਮੁਤਜਬਕ ਇਨ੍ਹਾਂ ਚੋਣਾਂ ਵਿੱਚ ਪੰਜਾਬੀ ਮੂਲ ਦੇ ਉਮੀਦਵਾਰ ਲੀਡ ਲੈ ਕੇ ਚੋਣ ਮੈਦਾਨ ਵਿੱਚ ਨਿੱਤਰ ਆਏ ਹਨ। ਜ਼ਿਕਰਯੋਗ ਹੈ ਐਬਟਸਫੋਰਡ-ਸਾਊਥ ਲੈਂਗਲੀ ਤੋਂ ਕੰਜ਼ਰਵੇਟਿਵ ਉਮੀਦਵਾਰ ਸੁਖਮਨ ਗਿੱਲ ਇਸ ਹਲਕੇ ਤੋਂ ਚੋਣ ਲੜ ਰਹੇ ਹਨ । ਇਸ ਮੌਕੇ ਸੁਖਮਨ ਗਿੱਲ ਨੇ ਕਿਹਾ ਕਿ ਉਨ੍ਹਾਂ ਦਾ ਜਨਮ ਤੇ ਪਾਲਣ ਪੋਸ਼ਣ ਇਸੇ ਹਲਕੇ ਵਿੱਚ ਹੋਇਆ ਹੈ। ਉਹ ਆਪਣੇ ਲੋਕਾਂ ਦੀਆਂ ਸਮੱਸਿਆਵਾਂ, ਉਨ੍ਹਾਂ ਦੀਆਂ ਲੋੜਾਂ ਅਤੇ ਇੱਛਾਵਾਂ ਅਤੇ ਆਪਣੇ ਹਲਕੇ ਦੇ ਮਾਮਲਿਆਂ ਤੋਂ ਚੰਗੀ ਤਰ੍ਹਾਂ ਜਾਣੂ ਹੈ। ਉਨ੍ਹਾਂ ਪਾਰਟੀ ਮੈਂਬਰਾਂ ਵੱਲੋਂ ਚੋਣਾਂ ਵਿੱਚ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਪਾਰਟੀ ਆਗੂ ਪੀਅਰੇ ਪੋਲੀਵਰੇ ਨੂੰ ਮੌਜੂਦਾ ਸਮੇਂ ਵਿੱਚ ਇੱਕ ਮਜ਼ਬੂਤ ਅਤੇ ਸਹੀ ਆਗੂ ਦੱਸਿਆ।
ਲਿਬਰਲ ਉਮੀਦਵਾਰ ਵਜੋਂ ਫਲੀਟਵੁੱਡ ਪੋਰਟ ਕੇਲਸ ਤੋਂ ਗੁਰਬਖਸ਼ ਸੈਣੀ ਚੋਣ ਮੈਦਾਨ ਵਿੱਚ ਉਤਰੇ ਹਨ। ਗੁਰਬਖਸ਼ ਸੈਣੀ ਨੇ ਆਪਣੀ ਉਮੀਦਵਾਰੀ ਲਈ ਸਾਬਕਾ ਸੰਸਦ ਮੈਂਬਰ ਕੇਨ ਹਾਰਡੀ ਅਤੇ ਲਿਬਰਲ ਸਮਰਥਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਸਰੀ ਸੈਂਟਰ ਲਈ ਲਿਬਰਲ ਉਮੀਦਵਾਰ ਰਣਦੀਪ ਸਿੰਘ ਸਰਾਏ ਚੋਣ ਲੜ ਰਹੇ ਹਨ। ਇਸ ਮੌਕੇ ਰਣਦੀਪ ਸਰਾਏ ਨੇ ਕਿਹਾ ਕਿ ਉਹ ਵੋਟਰਾਂ ਅਤੇ ਸਮਰਥਕਾਂ ਦੇ ਹਮੇਸ਼ਾ ਰਿਣੀ ਰਹਿਣਗੇ ਜਿਨ੍ਹਾਂ ਨੇ ਉਨ੍ਹਾਂ ਨੂੰ 2015 ਤੋਂ ਬਾਅਦ ਹਾਊਸ ਆਫ ਕਾਮਨਜ਼ ਦੀ ਅਗਵਾਈ ਕਰਨ ਦਾ ਮੌਕਾ ਦਿੱਤਾ। ਉਨ੍ਹਾਂ ਸਰੀ ਸੈਂਟਰ ਦੇ ਵਿਕਾਸ ਅਤੇ ਹੋਰ ਕੰਮਾਂ ਨੂੰ ਪਹਿਲ ਦਿੰਦੇ ਹੋਏ ਹਮੇਸ਼ਾ ਲੋਕਾਂ ਨਾਲ ਖੜ੍ਹਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਲਿਬਰਲ ਲੀਡਰ ਮਾਰਕ ਕਾਰਨੀ ਅਤੇ ਲਿਬਰਲ ਪਾਰਟੀ ਨੂੰ ਸਰੀ ਸੈਂਟਰ ਦੀ ਲਗਾਤਾਰ ਨੁਮਾਇੰਦਗੀ ਦਾ ਸਮਰਥਨ ਕਰਨ ਅਤੇ ਲੋਕਾਂ ਦੇ ਨਾਲ ਖੜ੍ਹੇ ਹੋਣ ਦਾ ਸੱਦਾ ਦਿੱਤਾ। ਉਸਨੇ ਪਿਛਲੀ ਲਿਬਰਲ ਸਰਕਾਰ ਦੌਰਾਨ ਸਰੀ ਅਤੇ ਬੀ.ਸੀ ਸ਼ਹਿਰ ਵਿੱਚ ਕੀਤੇ ਕੰਮਾਂ ਦਾ ਹਵਾਲਾ ਦਿੱਤਾ। ਇਸ ਤੋਂ ਇਲਾਵਾ ਬਰੈਂਪਟਨ ਈਸਟ ਤੋਂ ਮਨਿੰਦਰ ਸਿੱਧੂ ਲਿਬਰਲ ਪਾਰਟੀ ਵੱਲੋਂ ਤੀਜੀ ਵਾਰ ਚੋਣ ਲੜ ਰਹੇ ਹਨ। ਮਨਿੰਦਰ ਸਿੱਧੂ ਨੇ ਕਿਹਾ ਕਿ ਉਦਾਰਵਾਦੀ ਹਵਾ ਮੁੜ ਤੇਜ਼ੀ ਨਾਲ ਵਗ ਰਹੀ ਹੈ। ਇਮੀਗ੍ਰੇਸ਼ਨ ਅਤੇ ਹੋਰ ਮਾਮਲਿਆਂ ’ਤੇ ਸਖਤ ਰੁਖ਼ ਅਪਣਾਉਣ ਤੋਂ ਬਾਅਦ ਲਿਬਰਲਾਂ ’ਤੇ ਲੋਕਾਂ ਦਾ ਭਰੋਸਾ ਵਧਿਆ ਹੈ। ਸਰੀ-ਨਿਊਟਨ ਤੋਂ ਲਿਬਰਲ ਉਮੀਦਵਾਰ ਸੁੱਖ ਧਾਲੀਵਾਲ ਨੇ ਆਪਣੇ ਸਮਰਥਕਾਂ ਅਤੇ ਹਲਕਾ ਨਿਵਾਸੀਆਂ ਦੇ ਵੱਡੇ ਇਕੱਠ ਦਰਮਿਆਨ ਆਪਣੇ ਚੋਣ ਦਫਤਰ ਦਾ ਉਦਘਾਟਨ ਕੀਤਾ। ਸਰੀ ਵਿੱਚ 7536-130 ਸਟਰੀਟ ਸਥਿਤ ਇਮਾਰਤ ਵਿੱਚ ਚੋਣ ਦਫ਼ਤਰ ਦੇ ਉਦਘਾਟਨ ਮੌਕੇ ਬੋਲਦਿਆਂ ਧਾਲੀਵਾਲ ਨੇ ਲਿਬਰਲ ਆਗੂ ਮਾਰਕ ਕਾਰਨੀ ਦੀ ਅਗਵਾਈ ਵਿੱਚ ਨਵੀਂ ਸਰਕਾਰ ਬਣਾਉਣ ਲਈ ਲਿਬਰਲ ਉਮੀਦਵਾਰਾਂ ਨੂੰ ਸ਼ਾਨਦਾਰ ਜਿੱਤ ਦੀ ਅਪੀਲ ਕੀਤੀ।
















