ਆਪ੍ਰੇਸ਼ਨ ਸਿੰਦੂਰ ਦੌਰਾਨ ਨੂਰ ਖਾਨ ਬੇਸ ’ਤੇ ਭਾਰਤੀ ਮਿਜ਼ਾਈਲਾਂ ਨੇ ਕੀਤਾ ਹਮਲਾ: ਪ੍ਰਧਾਨ ਮੰਤਰੀ : ਸ਼ਾਹਬਾਜ਼ ਸ਼ਰੀਫ
Indian missiles attacked Noor Khan base during Operation Sindoor: Prime Minister: Shahbaz Sharif
ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇੱਕ ਹੈਰਾਨੀਜਨਕ ਬਿਆਨ ਦਿੰਦਿਆਂ ਪੁਸ਼ਟੀ ਕੀਤੀ ਕਿ ਭਾਰਤੀ ਮਿਜ਼ਾਈਲਾਂ ਨੇ ਪਾਕਿਸਤਾਨ ਦੇ ਅੰਦਰ ਕਈ ਥਾਵਾਂ ’ਤੇ ਹਮਲਾ ਕੀਤਾ, ਜਿਸ ਵਿੱਚ ਇਸਲਾਮਾਬਾਦ ਦੇ ਨੇੜੇ ਨੂਰ ਖਾਨ ਏਅਰਬੇਸ ਵੀ ਸ਼ਾਮਲ ਹੈ। ਜਾਣਕਾਰੀ ਮੁਤਾਬਕ ਇਸ ਮੌਕੇ ਪ੍ਰਧਾਨ ਮੰਤਰੀ ਸ਼ਰੀਫ ਨੇ ਕਿਹਾ ਕਿ ਉਨ੍ਹਾਂ ਨੂੰ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਅਸੀਮ ਮੁਨੀਰ ਦਾ 2:30 ਵਜੇ ਫ਼ੋਨ ਆਇਆ, ਜਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਭਾਰਤੀ ਮਿਜ਼ਾਈਲਾਂ ਦੇਸ਼ ਦੇ ਅੰਦਰ ਡਿੱਗ ਗਈਆਂ ਹਨ। ਇਹ ਹਮਲੇ ਆਪ੍ਰੇਸ਼ਨ ਸਿੰਦੂਰ ਦਾ ਹਿੱਸਾ ਸਨ। ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ 9 ਅੱਤਵਾਦੀ ਕੈਂਪਾਂ ਅਤੇ ਫੌਜੀ ਥਾਵਾਂ ’ਤੇ ਹਮਲਾ ਕਰਨ ਲਈ ਮਿਜ਼ਾਈਲਾਂ ਅਤੇ ਡਰੋਨਾਂ ਦੀ ਵਰਤੋਂ ਕੀਤੀ। ਜਿਸ ਵਿੱਚ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਵਰਗੇ ਸਮੂਹਾਂ ਨਾਲ ਜੁੜੇ ਲਗਭਗ 100 ਅੱਤਵਾਦੀ ਮਾਰੇ ਗਏ ਸਨ। ਇਸ ਆਪਰੇਸ਼ਨ ਵਿੱਚ ਭਾਰਤੀ ਹਵਾਈ ਸੈਨਾ, ਫੌਜ ਅਤੇ ਜਲ ਸੈਨਾ ਸਾਰਿਆਂ ਨੇ ਹਿੱਸਾ ਲਿਆ। ਇਸ ਹਮਲੇ ਬਾਰੇ ਸੈਟੇਲਾਈਟ ਤਸਵੀਰਾਂ ਨੇ ਕਈ ਥਾਵਾਂ ’ਤੇ ਨੁਕਸਾਨ ਦੀ ਪੁਸ਼ਟੀ ਕੀਤੀ ਹੈ। ਭਾਰਤੀ ਹਮਲੇ ਤੋਂ ਬਾਅਦ, ਪਾਕਿਸਤਾਨ ਨੇ ਕੰਟਰੋਲ ਰੇਖਾ ਦੇ ਪਾਰ ਜਵਾਬੀ ਗੋਲੀਬਾਰੀ ਕੀਤੀ ਅਤੇ ਜੰਮੂ-ਕਸ਼ਮੀਰ, ਪੰਜਾਬ ਅਤੇ ਗੁਜਰਾਤ ਵਿੱਚ ਭਾਰਤੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਲਈ ਡਰੋਨ ਅਤੇ ਮਿਜ਼ਾਈਲਾਂ ਦੀ ਵਰਤੋਂ ਕੀਤੀ। ਭਾਰਤ ਨੇ ਪਾਕਿਸਤਾਨੀ ਫੌਜ ਦੇ ਸਾਰੇ ਨਿਸ਼ਾਨਿਆਂ ਨੂੰ ਨਾਕਾਮ ਕਰ ਦਿੱਤਾ। ਗੌਰਤਲਬ ਹੈ 10 ਮਈ ਨੂੰ ਸ਼ਾਮ 5 ਵਜੇ ਦੇ ਕਰੀਬ ਜੰਗਬੰਦੀ ਦਾ ਐਲਾਨ ਕੀਤਾ ਗਿਆ ਸੀ ਦੋਵੇਂ ਧਿਰਾਂ ਜ਼ਮੀਨ, ਹਵਾ ਅਤੇ ਸਮੁੰਦਰ ਰਾਹੀਂ ਸਾਰੀਆਂ ਫੌਜੀ ਕਾਰਵਾਈਆਂ ਨੂੰ ਰੋਕਣ ਲਈ ਸਹਿਮਤ ਹੋਈਆਂ। ਹਾਲਾਂਕਿ, ਭਾਰਤ ਨੇ ਕਿਹਾ ਕਿ ਜੰਗਬੰਦੀ ਤੋਂ ਬਾਅਦ ਵੀ ਪਾਕਿਸਤਾਨੀ ਡਰੋਨ ਭਾਰਤੀ ਖੇਤਰ ’ਤੇ ਉੱਡ ਰਹੇ ਸਨ। ਭਾਰਤ ਨੇ ਇਹ ਵੀ ਕਿਹਾ ਕਿ ਉਹ ਅਪ੍ਰੈਲ ਦੇ ਅੱਤਵਾਦੀ ਹਮਲੇ ਦੇ ਜਵਾਬ ਵਜੋਂ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨਾ ਜਾਰੀ ਰੱਖੇਗਾ।
















