ਅਲਬਰਟਾ ਐਨਡੀਪੀ ਆਗੂ ਨਾਹੀਦ ਨੇਨਸ਼ੀ ਨੇ ਐਡਮੰਟਨ-ਸਟਰੈਥਕੋਨਾ ਵਿੱਚ ਲੜੀ ਚੋਣ
ਐਡਮੰਟਨ-ਇੱਕ ਸਾਲ ਤੋਂ ਪਾਸੇ ਬੈਠੇ ਰਹਿਣ ਤੋਂ ਬਾਅਦ ਆਖਰਕਾਰ ਅਲਬਰਟਾ ਐਨਡੀਪੀ ਆਗੂ ਨਾਹੀਦ ਨੇਨਸ਼ੀ ਨੇ ਵਿਧਾਨ ਸਭਾ ਵਿੱਚ ਚੋਣ ਲੜਣ ਦਾ ਫੈਸਲਾ ਕਰ ਹੀ ਲਿਆ ਹੈ। ਜਾਣਕਾਰੀ ਮੁਤਾਬਕ ਨਾਹੀਦ ਨੇਨਸ਼ੀ ਐਡਮੰਟਨ-ਸਟਰੈਥਕੋਨਾ ਵਿੱਚ ਉਮੀਦਵਾਰ ਵਜੋਂ ਤਿੰਨ ਸੂਬਾਈ ਉਪ-ਚੋਣਾਂ ਵਿੱਚੋਂ ਇੱਕ ਵਿੱਚ ਚੋਣ ਲੜੀ ਜਿੱਥੇ ਉਨ੍ਹਾਂ ਦੀ ਪੂਰਵਗਾਮੀ ਸਾਬਕਾ ਪ੍ਰੀਮੀਅਰ ਰੇਚਲ ਨੋਟਲੀ ਨੇ ਆਖਰੀ ਵਾਰ 80 ਪ੍ਰਤੀਸ਼ਤ ਵੋਟਾਂ ਪ੍ਰਾਪਤ ਕੀਤੀਆਂ ਸਨ। ਇਸ ਸੀਟ ਲਈ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਡਾਰਬੀ ਕਰੌਚ ਵੀ ਚੋਣ ਲੜ ਰਹੇ ਹਨ। ਜ਼ਿਕਰਯੋਗ ਹੈ ਐਡਮੰਟਨ-ਐਲਰਸਲੀ ਵਿੱਚ, ਐਨਡੀਪੀ ਉਮੀਦਵਾਰ ਗੁਰਤੇਜ ਸਿੰਘ ਬਰਾੜ ਸ਼ਹਿਰ ਉੱਤੇ ਵਿਰੋਧੀ ਪਾਰਟੀ ਦੀ ਪਕੜ ਮਜ਼ਬੂਤ ਕਰ ਸਕਦੇ ਹਨ, ਪਰ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਨਰੇਸ਼ ਭਾਰਦਵਾਜ ਆਪਣੀ ਪਕੜ ਬਣਾਉਣ ਦੀ ਉਮੀਦ ਕਰ ਰਹੇ ਹਨ।
ਇਸ ਤੋਂ ਇਲਾਵਾ ਪੇਂਡੂ ਕੇਂਦਰੀ ਅਲਬਰਟਾ ਵਿੱਚ, ਅਲਬਰਟਾ ਦੀ ਵੱਖਵਾਦੀ ਰਿਪਬਲਿਕਨ ਪਾਰਟੀ ਓਟਾਵਾ ਨਾਲ ਅਸੰਤੋਸ਼ ਦਾ ਫਾਇਦਾ ਉਠਾਉਣ ਦਾ ਟੀਚਾ ਰੱਖ ਰਹੀ ਹੈ। ਇਸ ਚੋਣ ਲਈ ਪਾਰਟੀ ਨੇਤਾ ਕੈਮਰਨ ਡੇਵਿਸ ਓਲਡਜ਼-ਡਿਡਸਬਰੀ-ਥਰੀ ਹਿਲਜ਼ ਵਿੱਚ ਯੂਸੀਪੀ ਦੀ ਤਾਰਾ ਸੌਅਰ, ਐਨਡੀਪੀ ਦੀ ਬੇਵ ਟੋਵਜ਼ ਅਤੇ ਵਾਈਲਡਰੋਜ਼ ਲੌਇਲਟੀ ਗੱਠਜੋੜ ਦੇ ਬਿੱਲ ਟਫਟਸ ਦੇ ਖਿਲਾਫ ਚੋਣ ਪ੍ਰਚਾਰ ਕਰ ਰਹੇ ਹਨ। ਇਹ ਸੀਟ ਸਾਬਕਾ ਵਿਧਾਨ ਸਭਾ ਸਪੀਕਰ ਅਤੇ ਲੰਬੇ ਸਮੇਂ ਤੋਂ ਯੂਸੀਪੀ ਵਿਧਾਨ ਸਭਾ ਮੈਂਬਰ ਨਾਥਨ ਕੂਪਰ ਦੇ ਵਾਸ਼ਿੰਗਟਨ, ਡੀ.ਸੀ. ਵਿੱਚ ਅਲਬਰਟਾ ਦੇ ਪ੍ਰਤੀਨਿਧੀ ਵਜੋਂ ਅਹੁਦਾ ਸੰਭਾਲਣ ਲਈ ਅਸਤੀਫਾ ਦੇਣ ਤੋਂ ਬਾਅਦ ਖਾਲੀ ਹੋ ਗਈ ਸੀ। ਗੌਰਤਲਬ ਹੈ ਅਪ੍ਰੈਲ ਦੀਆਂ ਸੰਘੀ ਚੋਣਾਂ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਚੌਥੇ ਲਿਬਰਲ ਫਤਵੇ ਨੂੰ ਜਿੱਤਣ ਤੋਂ ਬਾਅਦ ਸੂਬੇ ਨੂੰ ਕਨਫੈਡਰੇਸ਼ਨ ਛੱਡਣ ਲਈ ਦਬਾਅ ਦੁਬਾਰਾ ਸ਼ੁਰੂ ਹੋਇਆ। ਜਿਸ ਤੋਂ ਬਾਅਦ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਦੀ ਯੂਸੀਪੀ ਸਰਕਾਰ ਨੇ ਇੱਕ ਕਾਨੂੰਨ ਪਾਸ ਕੀਤਾ ਜੋ ਨਾਗਰਿਕਾਂ ਲਈ ਕੈਨੇਡਾ ਤੋਂ ਵੱਖ ਹੋਣ ’ਤੇ ਜਨਮਤ ਸੰਗ੍ਰਹਿ ਸ਼ੁਰੂ ਕਰਨ ਲਈ ਸੀਮਾ ਨੂੰ ਘਟਾ ਦੇਵੇਗਾ। ਪ੍ਰੀਮੀਅਰ ਸਮਿਥ ਨੇ ਵਾਰ ਵਾਰ ਕਿਹਾ ਕਿ ਉਹ ਚਾਹੁੰਦੀ ਹੈ ਕਿ ਅਲਬਰਟਾ ਕੈਨੇਡਾ ਵਿੱਚ ਰਹੇ, ਪਰ ਉਸਨੇ ਇਹ ਵੀ ਕਿਹਾ ਹੈ ਕਿ ਸਿੱਧੇ ਲੋਕਤੰਤਰ ਲਈ ਹੋਰ ਮੌਕੇ ਹੋਣੇ ਚਾਹੀਦੇ ਹਨ। ਦੱਸਣਯੋਗ ਹੈ ਐਡਮੰਟਨ-ਸਟਰੈਥਕੋਨਾ ਸੀਟ ਤੋਂ ਰਿਪਬਲਿਕਨ ਰਵੀਨਾ ਚੰਦ, ਅਲਬਰਟਾ ਪਾਰਟੀ ਦੇ ਸੈਮੂਅਲ ਪੈਟਰੋਵ, ਲਿਬਰਲ ਡੌਨ ਸਲੇਟਰ ਅਤੇ ਵਾਈਲਡਰੋਜ਼ ਲੌਇਲਟੀ ਕੋਲੀਸ਼ਨ ਦੇ ਉਮੀਦਵਾਰ ਜੇਸੀ ਸਟਰੈਚ ਵੀ ਚੋਣ ਲੜ ਰਹੇ ਹਨ। ਐਡਮੰਟਨ-ਐਲਰਸਲੀ ਵਿੱਚ ਹੋਰ ਉਮੀਦਵਾਰ ਅਲਬਰਟਾ ਪਾਰਟੀ ਦੇ ਕੈਰੋਲੀਨ ਕਰੀ, ਵਾਈਲਡਰੋਜ਼ ਲੌਇਲਟੀ ਕੋਲੀਸ਼ਨ ਤੋਂ ਪਾਮੇਲਾ ਹੈਨਸਨ, ਰਿਪਬਲਿਕਨ ਪਾਰਟੀ ਦੇ ਫਰੈੱਡ ਮੁੰਨ ਅਤੇ ਲਿਬਰਲ ਮਨਪ੍ਰੀਤ ਟਿਵਾਣਾ ਹਨ। ਦੱਖਣੀ-ਐਡਮੰਟਨ ਰਾਈਡਿੰਗ ਦੀ ਨੁਮਾਇੰਦਗੀ ਰੌਡ ਲੋਯੋਲਾ ਦੁਆਰਾ ਐਨਡੀਪੀ ਬੈਨਰ ਹੇਠ ਕੀਤੀ ਗਈ ਸੀ ਜਦੋਂ ਤੱਕ ਉਸਨੇ ਸੰਘੀ ਚੋਣ ਵਿੱਚ ਹਿੱਸਾ ਲੈਣ ਲਈ ਅਸਤੀਫਾ ਨਹੀਂ ਦਿੱਤਾ। ਤਿੰਨਾਂ ਉਪ-ਚੋਣਾਂ ਵਿੱਚ ਪੋਲਿੰਗ ਸਟੇਸ਼ਨ ਰਾਤ 8 ਵਜੇ ਬੰਦ ਹੋ ਗਏ।
















