ਸੰਘੀ ਚੋਣ ਮੁਹਿੰਮ ਦੇ ਅੰਤ ਦੇ ਨੇੜੇ ਆਉਣ ’ਤੇ ਟੋਰੀਜ਼ ਵੱਲੋਂ ਪਲੇਟਫਾਰਮ ਜਾਰੀ ਕਰਨ ਦੀ ਉਮੀਦ
ਓਟਾਵਾ-ਕੈਨੇਡਾ ਦੀਆਂ ਸੰਘੀ ਚੋਣਾਂ ਵਿੱਚ ਮਹਿਜ਼ ਹਫ਼ਤੇ ਤੋਂ ਦਿਨ ਘੱਟ ਗਿਆ ਹੈ ਤਾਂ ਸਾਰੇ ਰਾਜਨੀਤਿਕ ਸੰਘੀ ਪਾਰਟੀ ਨੇਤਾ ਪੂਰੇ ਹਲਕਿਆਂ ਵਿੱਚ ਘੁੰਮ ਰਹੇ ਹਨ ਅਤੇ ਕੈਨੇਡੀਅਨਾਂ ਨੂੰ ਆਪਣੀ ਆਪਣੀ ਪਾਰਟੀ ਲਈ ਵੋਟ ਪਾਉਣ ਲਈ ਉਤਸ਼ਾਹਿਤ ਕਰ ਰਹੇ ਹਨ। ਜਾਣਕਾਰੀ ਮੁਤਾਬਕ ਕੰਜ਼ਰਵੇਟਿਵ ਨੇਤਾ ਪੀਅਰੇ ਪੋਇਲੀਵਰ ਵੱਲੋਂ ਅੱਜ ਆਪਣੀ ਪਾਰਟੀ ਦੇ ਖਰਚੇ ਵਾਲੇ ਪਲੇਟਫਾਰਮ ਦਾ ਉਦਘਾਟਨ ਕਰਨ ਦੀ ਉਮੀਦ ਹੈ, ਜਦੋਂ ਕਿ ਲਿਬਰਲਾਂ ਅਤੇ ਐਨਡੀਪੀ ਨੇ ਹਫਤੇ ਦੇ ਅੰਤ ਵਿੱਚ ਪਹਿਲਾਂ ਹੀ ਆਪਣਾ ਪਲੇਟਫਾਰਮ ਜਾਰੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਚਾਰ ਦਿਨਾਂ ਦੀਆਂ ਅਗਾਊਂ ਪੋਲਾਂ ਕੱਲ੍ਹ ਬੰਦ ਹੋ ਗਈਆਂ। ਇਸ ਦੌਰਾਨ ਇਲੈਕਸ਼ਨਜ਼ ਕੈਨੇਡਾ ਨੇ ਪਹਿਲੇ ਦਿਨ ਰਿਕਾਰਡ ਵੋਟਿੰਗ ਦੀ ਰਿਪੋਰਟ ਕੀਤੀ ਜਿਸ ਵਿੱਚ ਦੋ ਮਿਲੀਅਨ ਤੋਂ ਵੱਧ ਲੋਕਾਂ ਨੇ ਆਪਣੀ ਵੋਟ ਪਾਈ।
ਇਸ ਦੌਰਾਨ ਪੋਇਲੀਵਰ ਨੇ ਸੋਮਵਾਰ ਟੋਰਾਂਟੋ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਘਰ ਬਣਾਉਣ ਦੀ ਯੋਜਨਾ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਲਿਬਰਲ ਨੇਤਾ ਮਾਰਕ ਕਾਰਨੀ ਨੇ ਸੋਮਵਾਰ ਨੂੰ ਸ਼ਾਰਲਟਟਾਊਨ ਵਿੱਚ ਆਪਣੀ ਸਿਹਤ-ਸੰਭਾਲ ਯੋਜਨਾ ਅਤੇ ਕੈਨੇਡਾ ਵਿੱਚ ਪ੍ਰਾਇਮਰੀ-ਸੰਭਾਲ ਪ੍ਰਦਾਤਾਵਾਂ ਦੀ ਘਾਟ ਨੂੰ ਦੂਰ ਕਰਨ ਦੇ ਯਤਨਾਂ ਬਾਰੇ ਗੱਲ ਕਰਦਿਆਂ ਸ਼ੁਰੂਆਤ ਕੀਤੀ ਅਤੇ ਫਿਰ ਟਰੂਰੋ, ਨੋਵਾ ਸਕੋਸ਼ੀਆ ਵਿੱਚ ਪ੍ਰਚਾਰ ਕੀਤਾ ਅਤੇ ਫਰੈਡਰਿਕਟਨ, ਨਿਊ ਬਰੰਸਵਿਕ ਵਿੱਚ ਇੱਕ ਰੈਲੀ ਕੀਤੀ। ਐਨਡੀਪੀ ਨੇਤਾ ਜਗਮੀਤ ਸਿੰਘ ਨੇ ਆਪਣੇ ਦਿਨ ਦੀ ਸ਼ੁਰੂਆਤ ਨਾਨਾਇਮੋ, ਬੀ.ਸੀ. ਵਿੱਚ ਕੀਤੀ, ਜਿੱਥੇ ਉਨ੍ਹਾਂ ਨੇ ਫਾਰਮਾਕੇਅਰ ਦੇ ਵਿਸਥਾਰ ਵਿੱਚ ਸਾਲ ਦੇ ਅੰਤ ਤੱਕ “ਜ਼ਰੂਰੀ ਦਵਾਈਆਂ” ਨੂੰ ਕਵਰ ਕਰਨ ਦਾ ਵਾਅਦਾ ਕੀਤਾ।
















