ਸੰਜੀਵ ਅਰੋੜਾ ਪੰਜਾਬ ਕੈਬਨਿਟ ਵਿੱਚ ਉਦਯੋਗ, ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਵਜੋਂ ਸ਼ਾਮਲ
ਲੁਧਿਆਣਾ-ਲੁਧਿਆਣਾ ਪੱਛਮੀ ਤੋਂ ਨਵੇਂ ਚੁਣੇ ਗਏ ’ਆਪ’ ਵਿਧਾਇਕ ਸੰਜੀਵ ਅਰੋੜਾ ਨੂੰ ਉਦਯੋਗ ਵਿਭਾਗ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਵਿਭਾਗ ਦਾ ਚਾਰਜ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਇਸ ਦੌਰਾਨ ਪ੍ਰਵਾਸੀ ਭਾਰਤੀ ਮਾਮਲਿਆਂ ਦਾ ਪੋਰਟਫੋਲੀਓ ਸੰਭਾਲਣ ਵਾਲੇ ਕੁਲਦੀਪ ਸਿੰਘ ਧਾਲੀਵਾਲ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ। ਜ਼ਿਕਰਯੋਗ ਹੈ ਉਦਯੋਗ ਵਿਭਾਗ ਪਹਿਲਾਂ ਤਰੁਣਪ੍ਰੀਤ ਸਿੰਘ ਸੋਂਧ ਕੋਲ ਸੀ, ਜਿਨ੍ਹਾਂ ਕੋਲ ਪੇਂਡੂ ਵਿਕਾਸ, ਕਿਰਤ ਅਤੇ ਸੈਰ-ਸਪਾਟਾ ਵਿਭਾਗਾਂ ਦਾ ਚਾਰਜ ਜਾਰੀ ਰਹੇਗਾ। ਗੌਰਤਲਬ ਹੈ ਕਿ ਧਾਲੀਵਾਲ ਦੇ ਅਸਤੀਫ਼ੇ ਨਾਲ, ਭਗਵੰਤ ਮਾਨ ਕੈਬਨਿਟ ਵਿੱਚ ਕੁੱਲ ਮੰਤਰੀਆਂ ਦੀ ਗਿਣਤੀ 16 ਰਹਿ ਗਈ ਹੈ। ਕੈਬਨਿਟ ਵਿੱਚ ਦੋ ਅਹੁਦੇ ਅਜੇ ਵੀ ਖਾਲੀ ਹਨ। ਇਸ ਤੋਂ ਪਹਿਲਾਂ ਅਰੋੜਾ ਨੂੰ ਪਹਿਲਾਂ ਪੰਜਾਬ ਰਾਜ ਭਵਨ ਵਿਖੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ ਸੀ। ਉਨ੍ਹਾਂ ਦੇ ਸ਼ਾਮਲ ਹੋਣ ਨਾਲ, ਇਹ ਤਿੰਨ ਸਾਲਾਂ ਤੋਂ ਵੱਧ ’ਆਪ’ ਦੇ ਸ਼ਾਸਨ ਦੌਰਾਨ ਪੰਜਾਬ ਕੈਬਨਿਟ ਦਾ ਸੱਤਵਾਂ ਵਿਸਥਾਰ ਹੈ। ਮੁੱਖ ਸਕੱਤਰ, ਪੰਜਾਬ, ਕੇਏਪੀ ਸਿਨਹਾ ਦੁਆਰਾ ਸੰਚਾਲਿਤ ਸਮਾਰੋਹ ਸਿਰਫ਼ ਛੇ ਮਿੰਟ ਤੱਕ ਚੱਲਿਆ। ਇਸਦੀ ਸ਼ੁਰੂਆਤ ਰਾਸ਼ਟਰੀ ਗੀਤ ਗਾਇਨ ਨਾਲ ਹੋਈ, ਜਿਸ ਤੋਂ ਬਾਅਦ ਰਾਜਪਾਲ ਨੇ ਨਵੇਂ ਮੰਤਰੀ ਨੂੰ ਸਹੁੰ ਚੁਕਾਈ। ਸਮਾਰੋਹ ਦਾ ਅੰਤ ਰਾਸ਼ਟਰੀ ਗੀਤ ਦੀ ਪੇਸ਼ਕਾਰੀ ਨਾਲ ਹੋਇਆ।
















