ਸਿੱਖ ਬੰਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ, ਕਈ ਥਾਵਾਂ ’ਤੇ ਆਵਾਜਾਈ ਪ੍ਰਭਾਵਿਤ

ਸਿੱਖ ਬੰਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ, ਕਈ ਥਾਵਾਂ ’ਤੇ ਆਵਾਜਾਈ ਪ੍ਰਭਾਵਿਤ

ਚੰਡੀਗੜ੍ਹ: ਸਿੱਖ ਬੰਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚਾ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਸ਼ੁੱਕਰਵਾਰ ਨੂੰ ਸੂਬੇ ਭਰ ਵਿੱਚ ਮਿਲਿਆ-ਜੁਲਿਆ ਅਸਰ ਦੇਖਣ ਨੂੰ ਮਿਲਿਆ। ਮੋਰਚੇ ਵੱਲੋਂ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਦਾ ਸੱਦਾ ਦਿੱਤਾ ਗਿਆ ਸੀ।ਬੰਦ ਦੌਰਾਨ ਮਾਲਵਾ ਖੇਤਰ ਦੇ ਕਈ ਹਿੱਸਿਆਂ ਵਿੱਚ ਬਾਜ਼ਾਰ ਬੰਦ ਰਹੇ ਅਤੇ ਸੜਕਾਂ ’ਤੇ ਆਮ ਦਿਨਾਂ ਦੇ ਮੁਕਾਬਲੇ ਆਵਾਜਾਈ ਘੱਟ ਰਹੀ। ਹਾਲਾਂਕਿ ਸਰਕਾਰੀ ਦਫ਼ਤਰ ਅਤੇ ਜ਼ਿਆਦਾਤਰ ਜ਼ਰੂਰੀ ਸੇਵਾਵਾਂ ਆਮ ਤਰ੍ਹਾਂ ਚੱਲਦੀਆਂ ਰਹੀਆਂ।

ਬੰਦ ਨੂੰ ਲਾਗੂ ਕਰਵਾਉਣ ਲਈ ਕੌਮੀ ਇਨਸਾਫ਼ ਮੋਰਚੇ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਬਠਿੰਡਾ, ਸੰਗਰੂਰ, ਪਟਿਆਲਾ, ਬਰਨਾਲਾ, ਫਰੀਦਕੋਟ ਅਤੇ ਮੋਗਾ ਸਮੇਤ ਕਈ ਥਾਵਾਂ ’ਤੇ ਧਰਨੇ ਦਿੱਤੇ ਗਏ।ਬਰਨਾਲਾ-ਬਠਿੰਡਾ ਕੌਮੀ ਮਾਰਗ ’ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਮੈਂਬਰਾਂ ਵੱਲੋਂ ਆਵਾਜਾਈ ਰੋਕੀ ਗਈ। ਧਰਨੇ ਦੌਰਾਨ ਐਂਬੂਲੈਂਸ ਨੂੰ ਰਸਤਾ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਵੱਲੋਂ ਆਉਣ-ਜਾਣ ਵਾਲੇ ਲੋਕਾਂ ਨੂੰ ਵੀ ਬਦਲਵੇਂ ਰਸਤੇ ਵੱਲ ਜਾਣ ਲਈ ਕਿਹਾ ਗਿਆ।

ਚੰਡੀਗੜ੍ਹ-ਖਰੜ ਕੌਮੀ ਮਾਰਗ ’ਤੇ ਵੀ ਸੜਕ ਰੋਕਣ ਕਾਰਨ ਆਵਾਜਾਈ ਜਾਮ ਦੀ ਸਥਿਤੀ ਬਣੀ ਰਹੀ।ਕੌਮੀ ਇਨਸਾਫ਼ ਮੋਰਚੇ ਵੱਲੋਂ ਪੰਜਾਬ ਬੰਦ ਦਾ ਮੁੱਖ ਮਕਸਦ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਉਭਾਰਨਾ ਦੱਸਿਆ ਗਿਆ ਹੈ। ਬੰਦ ਨੂੰ ਲੈ ਕੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰਤੀਕਿਰਿਆ ਵੱਖ-ਵੱਖ ਰਹੀ ਅਤੇ ਕਈ ਥਾਵਾਂ ’ਤੇ ਆਮ ਜਨਜੀਵਨ ਪ੍ਰਭਾਵਿਤ ਹੋਇਆ।