ਰੈੱਡ ਡੀਅਰ RCMP ਵੱਲੋਂ ਨਵਾਂ ਪ੍ਰੋਗਰਾਮ ਸ਼ੁਰੂ
ਕੈਲਗਰੀ-ਅਲਬਰਟਾ ਦੇ ਰੈੱਡ ਡੀਅਰ ਸ਼ਹਿਰ ਵਿੱਚ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ (RCMP) ਵੱਲੋਂ “ਡਰੋਨ ਐਜ਼ ਫਸਟ ਰਿਸਪਾਂਡਰ” (DFR) ਨਾਮਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਤਹਿਤ ਐਮਰਜੈਂਸੀ ਮੌਕਿਆਂ ’ਤੇ ਪੁਲਿਸ, ਫਾਇਰ ਜਾਂ ਐਮਰਜੈਂਸੀ ਮੈਡੀਕਲ ਸੇਵਾਵਾਂ ਤੋਂ ਪਹਿਲਾਂ ਡਰੋਨ ਭੇਜੇ ਜਾਣਗੇ।ਇਸ ਪ੍ਰੋਗਰਾਮ ਦੇ ਤਹਿਤ ਤਰਬੀਅਤਯਾਫਤਾ ਅਧਿਕਾਰੀ RCMP ਡਿਟੈਚਮੈਂਟ ਤੋਂ ਹੀ ਡਰੋਨ ਉਡਾ ਕੇ ਘਟਨਾ ਸਥਾਨ ਦੀ ਲਾਈਵ ਵੀਡੀਓ ਅਤੇ ਹੋਰ ਜਾਣਕਾਰੀ ਤੁਰੰਤ ਮੌਕੇ ’ਤੇ ਪਹੁੰਚ ਰਹੀਆਂ ਟੀਮਾਂ ਤੱਕ ਪਹੁੰਚਾਉਣਗੇ। RCMP ਅਨੁਸਾਰ ਇਸ ਨਾਲ ਸਥਿਤੀ ਨੂੰ ਜਲਦੀ ਸਮਝਣ, ਸਹੀ ਸਰੋਤ ਭੇਜਣ ਅਤੇ ਲੋਕਾਂ ਅਤੇ ਬਚਾਅ ਕਰਮਚਾਰੀਆਂ ਦੀ ਸੁਰੱਖਿਆ ਵਧਾਉਣ ਵਿੱਚ ਮਦਦ ਮਿਲੇਗੀ।
RCMP ਵੱਲੋਂ ਦੱਸਿਆ ਗਿਆ ਕਿ 2020 ਤੋਂ ਡਰੋਨ ਦੀ ਵਰਤੋਂ ਲਾਪਤਾ ਵਿਅਕਤੀਆਂ ਦੀ ਭਾਲ, ਸਰਚ ਐਂਡ ਰੈਸਕਿਊ ਆਪਰੇਸ਼ਨਾਂ, ਵੱਡੇ ਅਪਰਾਧਿਕ ਮਾਮਲਿਆਂ ਅਤੇ ਖ਼ਾਸ ਕਾਰਵਾਈਆਂ ਵਿੱਚ ਕੀਤੀ ਜਾ ਰਹੀ ਹੈ। ਹੁਣ DFR ਮਾਡਲ ਨਾਲ ਡਰੋਨ ਨੂੰ ਤੁਰੰਤ ਮੌਕੇ ’ਤੇ ਭੇਜਣ ਦੀ ਸਮਰੱਥਾ ਹੋਰ ਵਧੇਗੀ।ਡਰੋਨ ਆਪਰੇਸ਼ਨ ਦੀ ਪਹਿਲਾਂ ਤੋਂ ਟ੍ਰੇਨਿੰਗ ਲੈ ਚੁੱਕੇ ਅਧਿਕਾਰੀਆਂ ਨੂੰ ਹੁਣ DFR ਮਿਸ਼ਨਾਂ ਲਈ ਵਾਧੂ ਸਿਖਲਾਈ ਵੀ ਦਿੱਤੀ ਜਾਵੇਗੀ।ਅਧਿਕਾਰੀਆਂ ਅਨੁਸਾਰ ਇਹ ਡਰੋਨ ਸਿਰਫ ਪੁਲਿਸ ਹੀ ਨਹੀਂ, ਸਗੋਂ ਫਾਇਰ, EMS ਅਤੇ ਨਗਰ ਨਿਗਮ ਦੀ ਐਨਫੋਰਸਮੈਂਟ ਟੀਮਾਂ ਦੀ ਵੀ ਮਦਦ ਕਰਨਗੇ। ਜ਼ਰੂਰਤ ਪੈਣ ’ਤੇ ਇਹ ਅੱਗ ਜਾਂ ਮੈਡੀਕਲ ਐਮਰਜੈਂਸੀ ਮੌਕਿਆਂ ’ਤੇ ਵੀ ਤੁਰੰਤ ਸਹਾਇਤਾ ਮੁਹੱਈਆ ਕਰਵਾਉਣਗੇ।
















