ਜੈਵਲਿਨ ਥਰੋਅਰ ਨੀਰਜ ਚੋਪੜਾ ਦੇ 90 ਮੀਟਰ ਦੇ ਅੰਕੜੇ ਨੂੰ ਪਾਰ ਕਰਨ ’ਤੇ ਪ੍ਰਧਾਨ ਮੰਤਰੀ ਮੋਦੀ ਨੇ ਪਾਈ ਪੋਸਟ

ਜੈਵਲਿਨ ਥਰੋਅਰ ਨੀਰਜ ਚੋਪੜਾ ਦੇ 90 ਮੀਟਰ ਦੇ ਅੰਕੜੇ ਨੂੰ ਪਾਰ ਕਰਨ ’ਤੇ ਪ੍ਰਧਾਨ ਮੰਤਰੀ ਮੋਦੀ ਨੇ ਪਾਈ ਪੋਸਟ

ਨਵੀਂ ਦਿੱਲੀ-ਭਾਰਤ ਦੇ ਸਟਾਰ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਦੋਹਾ ਡਾਇਮੰਡ ਲੀਗ ਵਿੱਚ 90.23 ਮੀਟਰ ਦੀ ਦੂਰੀ ’ਤੇ ਜੈਵਲਿਨ ਸੁੱਟਿਆ। ਉਸਨੇ ਪਹਿਲੀ ਕੋਸ਼ਿਸ਼ ਵਿੱਚ 88.44 ਮੀਟਰ ਦਾ ਸਕੋਰ ਕੀਤਾ, ਜਦੋਂ ਕਿ ਦੂਜਾ ਥਰੋਅ ਅਵੈਧ ਘੋਸ਼ਿਤ ਕਰ ਦਿੱਤਾ ਗਿਆ। ਫਿਰ ਨੀਰਜ ਨੇ ਤੀਜੀ ਕੋਸ਼ਿਸ਼ ਵਿੱਚ ਆਪਣੇ ਕਰੀਅਰ ਦਾ ਸਭ ਤੋਂ ਵਧੀਆ ਥਰੋਅ ਕੀਤਾ ਅਤੇ ਨੀਰਜ ਦੋਹਾ ਡਾਇਮੰਡ ਲੀਗ ਵਿੱਚ ਦੂਜੇ ਸਥਾਨ ’ਤੇ ਰਿਹਾ। ਜਰਮਨੀ ਦੇ ਜੂਲੀਅਨ ਵੇਬਰ 91.06 ਮੀਟਰ ਦੇ ਥਰੋਅ ਨਾਲ ਪਹਿਲੇ ਸਥਾਨ ’ਤੇ ਰਹੇ ਅਤੇ ਗ੍ਰੇਨਾਡਾ ਦੇ ਪੀਟਰਸ ਐਂਡਰਸਨ 85.64 ਮੀਟਰ ਦੇ ਨਾਲ ਤੀਜੇ ਸਥਾਨ ’ਤੇ ਰਹੇ। ਵੇਬਰ ਨੇ ਆਪਣੀ ਆਖਰੀ ਕੋਸ਼ਿਸ਼ ਵਿੱਚ 91.06 ਮੀਟਰ ਦਾ ਸਕੋਰ ਕੀਤਾ। ਨੀਰਜ ਤੋਂ ਇਲਾਵਾ, ਗੁਲਵੀਰ ਸਿੰਘ (13:24.32 ਮਿੰਟ) 5000 ਮੀਟਰ ਦੌੜ ਵਿੱਚ ਨੌਵੇਂ ਸਥਾਨ ’ਤੇ ਰਿਹਾ। ਦੱਸ ਦਈਏ ਕਿ ਨੀਰਜ ਚੋਪੜਾ ਜੈਵਲਿਨ ਥਰੋਅ ਵਿੱਚ 90 ਮੀਟਰ ਤੋਂ ਵੱਧ ਦਾ ਸਕੋਰ ਕਰਨ ਵਾਲਾ ਤੀਜਾ ਏਸ਼ੀਆਈ ਖਿਡਾਰੀ ਬਣ ਗਿਆ ਹੈ। ਇੰਨਾ ਹੀ ਨਹੀਂ, ਉਹ ਅਜਿਹਾ ਕਰਨ ਵਾਲਾ ਦੁਨੀਆ ਦਾ 25ਵਾਂ ਜੈਵਲਿਨ ਥਰੋਅਰ ਬਣ ਗਿਆ ਹੈ। ਨੀਰਜ ਚੋਪੜਾ ਦੀ ਇਸ ਕਾਮਯਾਬੀ ਤੋਂ ਬਾਅਦ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਫਲਤਾ ਲਈ ਉਨ੍ਹਾਂ ਦੇ ਅਣਥੱਕ ਸਮਰਪਣ, ਅਨੁਸ਼ਾਸਨ ਅਤੇ ਜਨੂੰਨ ਦਾ ਸਿਹਰਾ ਦਿੱਤਾ ਅਤੇ ਐਕਸ ’ਤੇ ਪੋਸਟ ਪਾਈ ਅਤੇ ਲਿਖਿਆ ਕਿ ਭਾਰਤ ਖੁਸ਼ ਅਤੇ ਮਾਣ ਮਹਿਸੂਸ ਕਰ ਰਿਹਾ ਹੈ।