ਕੈਨੇਡੀਅਨ ਪੁਲਾੜ ਯਾਤਰੀ ਜੋਸ਼ੂਆ ਕੁਟ੍ਰਿਕ 6 ਮਹੀਨਿਆਂ ਦੇ ਮਿਸ਼ਨ ਲਈ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਪਹੁੰਚੇ
Canada’s federal government has officially designated the proposed Pacific Link pipeline from Alberta to British Columbia as a project of “national interest.
ਓਟਾਵਾ-ਕੈਨੇਡੀਅਨ ਪੁਲਾੜ ਯਾਤਰੀ ਜੋਸ਼ੂਆ ਕੁਟ੍ਰਿਕ ਵੀਰਵਾਰ ਨੂੰ ਨਾਸਾ ਦੇ ਸਪੇਸਐਕਸ ਕਰੂ-13 ਮਿਸ਼ਨ ਤਹਿਤ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ.ਐੱਸ.ਐੱਸ.) ਪਹੁੰਚ ਗਏ। ਫਲੋਰੀਡਾ ਤੋਂ ਉਡਾਣ ਭਰਨ ਤੋਂ ਲਗਭਗ 10 ਮਿੰਟ ਬਾਅਦ ਜਦੋਂ ਉਨ੍ਹਾਂ ਨੂੰ ਪੁਲਾੜ ਵਿੱਚ ਪਹੁੰਚਣ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਇਸ ਨੂੰ ਅਜੇ ਵੀ ਅਵਿਸ਼ਵਾਸਯੋਗ ਦੱਸਿਆ।
44 ਸਾਲਾ ਕੁਟ੍ਰਿਕ ਚਾਰ ਮੈਂਬਰੀ ਕਰੂ ਵਿੱਚ ਮਿਸ਼ਨ ਸਪੈਸ਼ਲਿਸਟ ਹਨ। ਉਨ੍ਹਾਂ ਦੇ ਨਾਲ ਨਾਸਾ ਦੀ ਕਮਾਂਡਰ ਜੈਸਿਕਾ ਵਾਟਕਿਨਜ਼, ਪਾਇਲਟ ਲੂਕ ਡਿਲੇਨੀ ਅਤੇ ਰੋਸਕੋਸਮੋਸ ਦੇ ਮਿਸ਼ਨ ਸਪੈਸ਼ਲਿਸਟ ਸਰਗੇਈ ਟੈਟੇਰਿਆਤਨਿਕੋਵ ਸ਼ਾਮਲ ਹਨ।
ਨਾਸਾ ਮੁਤਾਬਕ ਕਰੂ-13 ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੱਕ ਪਹੁੰਚਣ ਲਈ 8 ਘੰਟਿਆਂ ਤੋਂ ਵੀ ਘੱਟ ਸਮਾਂ ਲਿਆ, ਜੋ ਇਸ ਸਟੇਸ਼ਨ ਤੱਕ ਪਹੁੰਚਣ ਵਾਲੀ ਸਭ ਤੋਂ ਤੇਜ਼ ਉਡਾਣ ਦੱਸੀ ਗਈ ਹੈ। ਡੌਕਿੰਗ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਕੁਟ੍ਰਿਕ ਅਤੇ ਉਨ੍ਹਾਂ ਦੇ ਸਾਥੀਆਂ ਦਾ ਸਟੇਸ਼ਨ ’ਤੇ ਮੌਜੂਦ ਸੱਤ ਪੁਲਾੜ ਯਾਤਰੀਆਂ ਨੇ ਸਵਾਗਤ ਕੀਤਾ।
ਸਵਾਗਤ ਸਮਾਗਮ ਦੌਰਾਨ ਕੁਟ੍ਰਿਕ ਨੇ ਕਿਹਾ ਕਿ ਪੁਲਾੜ ਸਟੇਸ਼ਨ ’ਤੇ ਕੈਨੇਡਾ ਦੀ ਨੁਮਾਇੰਦਗੀ ਕਰਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਉਹ ਕੁਝ ਨੀਂਦ ਲੈਣ ਤੋਂ ਬਾਅਦ ਮਿਸ਼ਨ ’ਤੇ ਧਿਆਨ ਦੇਣਗੇ।
ਕੁਟ੍ਰਿਕ ਅਤੇ ਉਨ੍ਹਾਂ ਦੀ ਟੀਮ ਅਗਲੇ ਛੇ ਮਹੀਨੇ ਪੁਲਾੜ ਸਟੇਸ਼ਨ ’ਤੇ ਰਹੇਗੀ। ਇਸ ਦੌਰਾਨ ਉਹ ਵਿਗਿਆਨਕ ਪ੍ਰਯੋਗ, ਖੋਜ ਕਾਰਜ ਅਤੇ ਸਟੇਸ਼ਨ ਦੀ ਜ਼ਰੂਰੀ ਰੱਖ-ਰਖਾਅ ਨਾਲ ਸਬੰਧਤ ਕੰਮ ਕਰਨਗੇ।
ਇਸ ਮਿਸ਼ਨ ਦੌਰਾਨ ਕੁਟ੍ਰਿਕ ਲਈ ਨਿੱਜੀ ਤੌਰ ’ਤੇ ਵੀ ਇਹ ਸਮਾਂ ਖਾਸ ਰਹੇਗਾ। ਉਨ੍ਹਾਂ ਦੀ ਪਤਨੀ ਇਸ ਦੌਰਾਨ ਆਪਣੇ ਤੀਜੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਕੁਟ੍ਰਿਕ ਅਲਬਰਟਾ ਦੇ ਇੱਕ ਪਸ਼ੂ ਪਾਲਣ ਵਾਲੇ ਫਾਰਮ ਵਿੱਚ ਵੱਡੇ ਹੋਏ ਹਨ।
ਕੈਨੇਡਾ ਦੀ ਉਦਯੋਗ ਮੰਤਰੀ ਮੈਲਾਨੀ ਜੋਲੀ ਨੇ ਕੈਨੇਡੀਅਨ ਪੁਲਾੜ ਯਾਤਰੀ ਦੀ ਉਡਾਣ ਨੂੰ ਕੈਨੇਡਾ ਅਤੇ ਹੋਰ ਦੇਸ਼ਾਂ ਵਿਚਾਲੇ ਪੁਲਾੜ ਖੇਤਰ ਵਿੱਚ ਸਹਿਯੋਗ ਦਾ ਪ੍ਰਤੀਕ ਦੱਸਿਆ। ਉਨ੍ਹਾਂ ਨੇ ਨਾਸਾ ਪ੍ਰਸ਼ਾਸਕ ਜੈਰਡ ਆਇਜ਼ੈਕਮੈਨ ਨਾਲ ਮੁਲਾਕਾਤ ਕਰਕੇ ਚੰਦ ਅਤੇ ਮੰਗਲ ਨਾਲ ਸਬੰਧਤ ਭਵਿੱਖੀ ਪੁਲਾੜ ਖੋਜ ਵਿੱਚ ਕੈਨੇਡਾ ਦੀ ਭੂਮਿਕਾ ਬਾਰੇ ਚਰਚਾ ਕੀਤੀ।
ਆਇਜ਼ੈਕਮੈਨ ਨੇ ਕੈਨੇਡਾ ਦੀ ਰੋਬੋਟਿਕਸ ਮੁਹਾਰਤ, ਖਾਸ ਕਰਕੇ ਕੈਨੇਡਾਰਮ ਅਤੇ ਡੈਕਸਟਰੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਵਿੱਖ ਦੇ ਪੁਲਾੜ ਪ੍ਰਾਜੈਕਟਾਂ ਵਿੱਚ ਕੈਨੇਡਾ ਦੀ ਤਕਨੀਕ ਮਹੱਤਵਪੂਰਨ ਭੂਮਿਕਾ ਨਿਭਾਏਗੀ।
ਕੁਟ੍ਰਿਕ ਦਾ ਮਿਸ਼ਨ ਕੈਨੇਡਾ ਲਈ ਪੁਲਾੜ ਖੋਜ ਦੇ ਯਾਦਗਾਰ ਸਾਲ ਵਿੱਚ ਹੋ ਰਿਹਾ ਹੈ। ਇਸ ਤੋਂ ਪਹਿਲਾਂ ਅਪ੍ਰੈਲ ਵਿੱਚ ਕੈਨੇਡੀਅਨ ਪੁਲਾੜ ਯਾਤਰੀ ਜੈਰੇਮੀ ਹੈਨਸਨ ਆਰਟੇਮਿਸ-2 ਮਿਸ਼ਨ ਦਾ ਹਿੱਸਾ ਬਣੇ ਸਨ, ਜਿਸ ਤਹਿਤ ਮਨੁੱਖ ਨੇ 50 ਸਾਲ ਤੋਂ ਵੱਧ ਸਮੇਂ ਬਾਅਦ ਮੁੜ ਚੰਦ ਦੇ ਨੇੜੇ ਯਾਤਰਾ ਕੀਤੀ ਸੀ।
ਕੈਨੇਡਾ ਸਰਕਾਰ ਆਉਣ ਵਾਲੇ ਮਹੀਨਿਆਂ ਵਿੱਚ ਨਵੀਂ ਪੁਲਾੜ ਰਣਨੀਤੀ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਦਾ ਉਦੇਸ਼ ਪੁਲਾੜ ਖੇਤਰ ਵਿੱਚ ਨਵੀਆਂ ਭਾਈਵਾਲੀਆਂ, ਉਦਯੋਗਿਕ ਨਿਵੇਸ਼, ਵਿਗਿਆਨਕ ਖੋਜ ਅਤੇ ਹੋਰ ਕੈਨੇਡੀਅਨ ਪੁਲਾੜ ਯਾਤਰੀਆਂ ਲਈ ਮੌਕੇ ਵਧਾਉਣਾ ਹੈ।
















