ਕੈਨੇਡਾ ਭਰ ਦੀਆਂ 100 ਤੋਂ ਵੱਧ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਕੈਂਪਸ ਵੋਟਿੰਗ ਸ਼ੁਰੂ
ਓਟਾਵਾ-ਕੈਨੇਡਾ ਭਰ ਦੀਆਂ 100 ਤੋਂ ਵੱਧ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵਿਦਿਆਰਥੀ ਹੁਣ ਕੈਂਪਸ ਵਿੱਚ ਹੋਣ ਵਾਲੀਆਂ ਸੰਘੀ ਚੋਣਾਂ ਵਿੱਚ ਵੋਟ ਪਾ ਸਕਦੇ ਹਨ। ਜਾਣਕਾਰੀ ਮੁਤਾਬਕ ਕੈਂਪਸ ਪੋਲਿੰਗ ਸਟੇਸ਼ਨ ਐਤਵਾਰ ਦੁਪਹਿਰ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹੇ ਰਹਿਣਗੇ ਅਤੇ ਸੋਮਵਾਰ ਤੋਂ ਬੁੱਧਵਾਰ ਤੱਕ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਖੁੱਲ੍ਹੇ ਰਹਿਣਗੇ। ਇਲੈਕਸ਼ਨਜ਼ ਕੈਨੇਡਾ ਦੇ ਬੁਲਾਰੇ ਸਰਜ ਫਲੇਫੈਲ ਨੇ ਕਿਹਾ ਕਿ ਕੈਂਪਸ ਵਿੱਚ ਪੋਲਿੰਗ ਸਟੇਸ਼ਨ ਨੌਜਵਾਨ ਵੋਟਰਾਂ ਲਈ ਵੋਟ ਪਾਉਣ ਨੂੰ ਆਸਾਨ ਬਣਾਉਣ ਲਈ ਏਜੰਸੀ ਦੇ ਯਤਨਾਂ ਦਾ ਹਿੱਸਾ ਹਨ। ਉਹਨਾਂ ਕਿਹਾ ਕਿ ਇਹ ਇਸ ਲਈ ਹੈ ਕਿਉਂਕਿ ਆਮ ਤੌਰ ’ਤੇ ਇਹ ਉਮਰ ਸਮੂਹ ਬਾਕੀ ਆਬਾਦੀ ਜਿੰਨਾ ਵੋਟ ਨਹੀਂ ਪਾਉਂਦਾ। ਫਲੇਫੈਲ ਨੇ ਕਿਹਾ ਕਿ 2021 ਦੀਆਂ ਸੰਘੀ ਚੋਣਾਂ ਵਿੱਚ, 18 ਤੋਂ 24 ਸਾਲ ਦੇ ਵਿਚਕਾਰ 46.7 ਪ੍ਰਤੀਸ਼ਤ ਕੈਨੇਡੀਅਨਾਂ ਨੇ ਵੋਟ ਪਾਈ ਸੀ “ਇਸ ਲਈ ਵਿਚਾਰ ਨੌਜਵਾਨ ਕੈਨੇਡੀਅਨਾਂ ਲਈ ਵੋਟ ਪਾਉਣ ਦੀ ਸਹੂਲਤ ਦੇਣਾ ਹੈ। ਫਲੇਫੈਲ ਨੇ ਕਿਹਾ ਕਿ ਕੈਂਪਸ ਵਿੱਚ ਵੋਟਿੰਗ ਸਾਰੇ ਕੈਨੇਡੀਅਨਾਂ ਲਈ ਖੁੱਲ੍ਹੀ ਹੈ, ਸਿਰਫ਼ ਵਿਦਿਆਰਥੀਆਂ ਲਈ ਨਹੀਂ। ਜ਼ਿਕਰਯੋਗ ਹੈ ਯੂਕੋਨ ਦੇ ਨਾਲ-ਨਾਲ ਸਾਰੇ 10 ਸੂਬਿਆਂ ਵਿੱਚ ਪੋਸਟ-ਸੈਕੰਡਰੀ ਸੰਸਥਾਵਾਂ ਵਿੱਚ ਸ਼ੁਰੂਆਤੀ ਵੋਟਾਂ ਹੋ ਰਹੀਆਂ ਹਨ। ਇਲੈਕਸ਼ਨਜ਼ ਕੈਨੇਡਾ ਦਾ ਕਹਿਣਾ ਹੈ ਕਿ ਵੋਟਰਾਂ ਨੂੰ ਆਪਣੀ ਆਈਡੀ ਅਤੇ ਪਤੇ ਦਾ ਸਬੂਤ ਜ਼ਰੂਰ ਲਿਆਉਣਾ ਚਾਹੀਦਾ ਹੈ, ਇਹ ਵੀ ਕਿਹਾ ਕਿ ਜਿਨ੍ਹਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਕੋਲ ਕੈਨੇਡੀਅਨ ਨਾਗਰਿਕਤਾ ਨਹੀਂ ਹੈ, ਉਹ ਯੋਗ ਨਹੀਂ ਹਨ।
















