ਕੁਸਮਾ ਸਮਝੌਤੇ ਦੀ ਸਾਲਾਨਾ ਸਮੀਖਿਆ ਨਾਲ ਕੈਨੇਡਾ ਵਿੱਚ ਵਧੀ ਅਨਿਸ਼ਚਿਤਤਾ

ਕੁਸਮਾ ਸਮਝੌਤੇ ਦੀ ਸਾਲਾਨਾ ਸਮੀਖਿਆ ਨਾਲ ਕੈਨੇਡਾ ਵਿੱਚ ਵਧੀ ਅਨਿਸ਼ਚਿਤਤਾ

ਓਟਾਵਾ-ਕੈਨੇਡਾ-ਅਮਰੀਕਾ ਵਪਾਰ ਮੰਤਰੀ ਡੋਮਿਨਿਕ ਲੇਬਲਾਂਕ ਨੇ ਕਿਹਾ ਹੈ ਕਿ ਅਮਰੀਕਾ ਵੱਲੋਂ ਕੁਸਮਾ (CUSMA) ਸਮਝੌਤੇ ਦੀ ਹਰ ਸਾਲ ਸਮੀਖਿਆ ਕਰਨ ਦੇ ਫ਼ੈਸਲੇ ਕਾਰਨ ਅਗਲੇ ਦੌਰ ਦੀਆਂ ਵਪਾਰਕ ਗੱਲਬਾਤਾਂ ਨੂੰ ਲੈ ਕੇ ਅਜੇ ਵੀ ਅਨਿਸ਼ਚਿਤਤਾ ਬਣੀ ਹੋਈ ਹੈ।ਉਨ੍ਹਾਂ ਦੱਸਿਆ ਕਿ ਕੈਨੇਡਾ ਅਤੇ ਮੈਕਸੀਕੋ ਦੀ ਇੱਛਾ ਸੀ ਕਿ ਮੌਜੂਦਾ ਕੁਸਮਾ ਸਮਝੌਤਾ 2042 ਤੱਕ ਬਿਨਾਂ ਕਿਸੇ ਵੱਡੀ ਤਬਦੀਲੀ ਦੇ ਲਾਗੂ ਰਹੇ, ਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਇਸ ਵਿੱਚ ਸੋਧਾਂ ਕਰਨ ਦੇ ਹੱਕ ਵਿੱਚ ਹੈ।

ਲੇਬਲਾਂਕ ਨੇ ਕਿਹਾ ਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਸਾਲਾਨਾ ਸਮੀਖਿਆ ਦੀ ਪ੍ਰਕਿਰਿਆ ਕਿਸ ਤਰ੍ਹਾਂ ਚਲਾਈ ਜਾਵੇਗੀ ਅਤੇ ਇਸ ਦੇ ਕੀ ਨਿਯਮ ਹੋਣਗੇ। ਉਨ੍ਹਾਂ ਕਿਹਾ ਕਿ ਕੈਨੇਡਾ ਇਸ ਮਾਮਲੇ 'ਤੇ ਅਮਰੀਕਾ ਨਾਲ ਲਗਾਤਾਰ ਸੰਪਰਕ ਵਿੱਚ ਹੈ।

ਉਨ੍ਹਾਂ ਮੁਤਾਬਕ ਕੈਨੇਡਾ ਦੀ ਮੁੱਖ ਤਰਜੀਹ ਅਮਰੀਕਾ ਵੱਲੋਂ ਸਟੀਲ, ਐਲੂਮੀਨੀਅਮ ਅਤੇ ਸਾਫਟਵੁੱਡ ਲੱਕੜ 'ਤੇ ਲਗਾਏ ਗਏ ਟੈਰਿਫ਼ ਘਟਵਾਉਣਾ ਹੈ, ਤਾਂ ਜੋ ਉੱਤਰੀ ਅਮਰੀਕਾ ਵਿੱਚ ਵਪਾਰ ਨੂੰ ਹੋਰ ਸਥਿਰ ਅਤੇ ਭਰੋਸੇਯੋਗ ਬਣਾਇਆ ਜਾ ਸਕੇ।ਲੇਬਲਾਂਕ ਨੇ ਭਰੋਸਾ ਜਤਾਇਆ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਕੈਨੇਡਾ ਅਤੇ ਅਮਰੀਕਾ ਦਰਮਿਆਨ ਦੁਵੱਲੀ ਵਪਾਰਕ ਗੱਲਬਾਤ ਵਿੱਚ ਹੋਰ ਤਰੱਕੀ ਹੋਵੇਗੀ ਅਤੇ ਕੁਸਮਾ ਸਮਝੌਤੇ ਦੀ ਸਮੀਖਿਆ ਨਾਲ ਜੁੜੀ ਅਨਿਸ਼ਚਿਤਤਾ ਨੂੰ ਘਟਾਉਣ ਲਈ ਦੋਵੇਂ ਪੱਖ ਮਿਲ ਕੇ ਕੰਮ ਕਰਨਗੇ।