ਇਜ਼ਰਾਈਲੀ ਹਮਲੇ ਤੋਂ ਬਾਅਦ ਈਰਾਨ ਨੇ ਕਿਹਾ ਕਿ ਅਮਰੀਕਾ ਨਾਲ ਪ੍ਰਮਾਣੂ ਗੱਲਬਾਤ ਹੁਣ ਅਰਥਹੀਣ”
ਤਹਿਰਾਨ-ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਇਜ਼ਰਾਈਲ ਦੇ ਈਰਾਨੀ ਖੇਤਰ ’ਤੇ ਹਾਲ ਹੀ ਵਿੱਚ ਹੋਏ ਹਮਲੇ ਤੋਂ ਬਾਅਦ ਤਹਿਰਾਨ ਦੇ ਪ੍ਰਮਾਣੂ ਪ੍ਰੋਗਰਾਮ ’ਤੇ ਅਮਰੀਕਾ ਨਾਲ ਕੋਈ ਵੀ ਗੱਲਬਾਤ ਹੁਣ ਅਰਥਹੀਣ” ਹੈ। ਜਾਣਕਾਰੀ ਮੁਤਾਬਕ ਈਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਾਘਾਈ ਹਮਾਨੇਹ ਨੇ ਕਿਹਾ ਕਿ ਅਮਰੀਕਾ ਇਜ਼ਰਾਈਲ ਨੂੰ ਫੌਜੀ ਹਮਲੇ ਕਰਨ ਦੀ ਕਥਿਤ ਤੌਰ ’ਤੇ ਇਜਾਜ਼ਤ ਦਿੰਦੇ ਹੋਏ ਗੱਲਬਾਤ ਕਰਨ ਦਾ ਦਾਅਵਾ ਨਹੀਂ ਕਰ ਸਕਦਾ। ਦੂਜੇ ਪੱਖ (ਅਮਰੀਕਾ) ਨੇ ਇਸ ਤਰੀਕੇ ਨਾਲ ਕੰਮ ਕੀਤਾ ਜੋ ਗੱਲਬਾਤ ਨੂੰ ਅਰਥਹੀਣ ਬਣਾ ਦਿੰਦਾ ਹੈ। ਤੁਸੀਂ ਗੱਲਬਾਤ ਕਰਨ ਦਾ ਦਾਅਵਾ ਨਹੀਂ ਕਰ ਸਕਦੇ ਅਤੇ ਉਸੇ ਸਮੇਂ ਜ਼ਾਇਓਨਿਸਟ ਸ਼ਾਸਨ (ਇਜ਼ਰਾਈਲ) ਨੂੰ ਈਰਾਨ ਦੇ ਖੇਤਰ ਨੂੰ ਨਿਸ਼ਾਨਾ ਬਣਾਉਣ ਦੀ ਆਗਿਆ ਦੇ ਕੇ ਕੰਮ ਨੂੰ ਵੰਡ ਸਕਦੇ ਹੋ,” ਐਮਐਨਏ ਨੇ ਬਾਘਾਈ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਕੀਤੀ। ਇਸ ਮੌਕੇ ਬਾਘਾਈ ਨੇ ਅਮਰੀਕਾ ’ਤੇ ਇਜ਼ਰਾਈਲੀ ਹਮਲੇ ਦਾ ਸਮਰਥਨ ਕਰਨ ਦਾ ਵੀ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਇਜ਼ਰਾਈਲੀ ਸ਼ਾਸਨ ਕੂਟਨੀਤਕ ਪ੍ਰਕਿਰਿਆ ਨੂੰ “ਪ੍ਰਭਾਵਿਤ ਕਰਨ ਵਿੱਚ ਸਫਲ” ਹੋਇਆ ਅਤੇ ਦਾਅਵਾ ਕੀਤਾ ਕਿ ਹਮਲਾ ਵਾਸ਼ਿੰਗਟਨ ਦੀ ਇਜਾਜ਼ਤ ਤੋਂ ਬਿਨਾਂ ਨਹੀਂ ਹੁੰਦਾ। ਇੱਕ ਰਿਪੋਰਟ ਅਨੁਸਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਟੀਮ ਨੂੰ ਪਤਾ ਸੀ ਕਿ ਇਜ਼ਰਾਈਲੀ ਹਮਲੇ ਹੋਣ ਵਾਲੇ ਹਨ, ਪਰ ਫਿਰ ਵੀ ਉਨ੍ਹਾਂ ਦਾ ਮੰਨਣਾ ਹੈ ਕਿ ਇੱਕ ਸਮਝੌਤੇ ਦੀ ਸੰਭਾਵਨਾ ਹੈ। ਇਸ ਦੌਰਾਨ ਪਹਿਲੇ ਇਜ਼ਰਾਈਲੀ ਹਮਲੇ ਤੋਂ ਕੁਝ ਘੰਟਿਆਂ ਬਾਅਦ, ਟਰੰਪ ਨੇ ਈਰਾਨ ਨੂੰ ਚੇਤਾਵਨੀ ਜਾਰੀ ਕੀਤੀ। ਇਸ ਮੌਕੇ ਟਰੰਪ ਨੇ ਕਿਹਾ ਕਿ“ਮੈਂ ਈਰਾਨ ਨੂੰ ਸੌਦਾ ਕਰਨ ਦਾ ਇੱਕ ਤੋਂ ਬਾਅਦ ਇੱਕ ਮੌਕਾ ਦਿੱਤਾ। ਦੱਸ ਦਈਏ ਟਰੰਪ ਦੀਆਂ ਟਿੱਪਣੀਆਂ ਇਜ਼ਰਾਈਲ ਅਤੇ ਈਰਾਨ ਵਿਚਕਾਰ ਵਧਦੇ ਤਣਾਅ ਦੇ ਵਿਚਕਾਰ ਆਈਆਂ ਹਨ।
















