ਅਲਬਰਟਾ ਵਿਧਾਨ ਸਭਾ ਵੱਲੋਂ ਬਲੈਕ ਰਿਬਨ ਡੇ ਮੌਕੇ ਯਾਦਗਾਰੀ ਸਮਾਗਮ

ਅਲਬਰਟਾ ਵਿਧਾਨ ਸਭਾ ਵੱਲੋਂ ਬਲੈਕ ਰਿਬਨ ਡੇ ਮੌਕੇ ਯਾਦਗਾਰੀ ਸਮਾਗਮ

ਅਲਬਰਟਾ: ਅਲਬਰਟਾ ਦੀ ਵਿਧਾਨ ਸਭਾ ਵੱਲੋਂ ਬਲੈਕ ਰਿਬਨ ਡੇ ਦੀ ਯਾਦ ਵਿੱਚ ਸ਼ੁੱਕਰਵਾਰ, 21 ਅਗਸਤ 2026 ਨੂੰ ਦੁਪਹਿਰ 12 ਵਜੇ ਇੱਕ ਜਨਤਕ ਯਾਦਗਾਰੀ ਸਮਾਗਮ ਕਰਵਾਇਆ ਜਾਵੇਗਾ।ਇਸ ਮੌਕੇ ਸਟਾਲਿਨਵਾਦ ਅਤੇ ਨਾਜ਼ੀਵਾਦ ਦੀ ਬੇਰਹਿਮੀ ਕਾਰਨ ਆਪਣੀਆਂ ਜਾਨਾਂ ਗੁਆਉਣ ਵਾਲੇ ਲੋਕਾਂ ਨੂੰ ਯਾਦ ਕੀਤਾ ਜਾਵੇਗਾ ਅਤੇ ਉਨ੍ਹਾਂ ਸਾਰੇ ਪੀੜਤਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ, ਜਿਨ੍ਹਾਂ ਦੇ ਹੱਕਾਂ ਅਤੇ ਆਜ਼ਾਦੀਆਂ ਨੂੰ ਇਨ੍ਹਾਂ ਤਾਨਾਸ਼ਾਹੀ ਪ੍ਰਣਾਲੀਆਂ ਨੇ ਕੁਚਲਿਆ ਸੀ।

ਸਪੀਕਰ ਮੈਕਆਈਵਰ ਦੀ ਤਰਫੋਂ ਐਮਐਲਏ ਜੈਕੀ ਆਰਮਸਟ੍ਰੌਂਗ-ਹੋਮੇਨਿਊਕ ਸਮਾਗਮ ਦੀ ਸ਼ੁਰੂਆਤੀ ਟਿੱਪਣੀ ਕਰਨਗੇ। ਇਸ ਤੋਂ ਇਲਾਵਾ ਅਲਬਰਟਾ ਦੇ ਪ੍ਰੀਮੀਅਰ ਅਤੇ ਸਰਕਾਰ ਦੀ ਤਰਫੋਂ ਐਮਐਲਏ ਬ੍ਰੈਂਡਨ ਲੰਟੀ, ਜਦਕਿ ਸਰਕਾਰੀ ਵਿਰੋਧੀ ਧਿਰ ਦੀ ਤਰਫੋਂ ਐਮਐਲਏ ਲੌਰਨ ਡਾਚ ਆਪਣੇ ਸੰਬੋਧਨ ਦੇਣਗੇ।

ਬਲੈਕ ਰਿਬਨ ਡੇ ਹਰ ਸਾਲ ਅਗਸਤ ਵਿੱਚ ਯਾਦ ਕੀਤਾ ਜਾਂਦਾ ਹੈ। ਇਸ ਦਾ ਸਬੰਧ ਮੋਲੋਟੋਵ-ਰਿਬੈਂਟਰੌਪ ਸਮਝੌਤੇ ਨਾਲ ਹੈ, ਜੋ ਸੋਵੀਅਤ ਯੂਨੀਅਨ ਅਤੇ ਜਰਮਨੀ ਵਿਚਕਾਰ ਹੋਇਆ ਸੀ। ਇਸ ਸਮਝੌਤੇ ਤਹਿਤ ਦੋਵੇਂ ਦੇਸ਼ ਇੱਕ-ਦੂਜੇ ’ਤੇ ਹਮਲਾ ਨਾ ਕਰਨ ਲਈ ਸਹਿਮਤ ਹੋਏ ਸਨ। ਇਹ ਸਮਝੌਤਾ 23 ਅਗਸਤ 1939 ਨੂੰ ਹੋਇਆ ਸੀ।

ਇਸ ਤੋਂ ਬਾਅਦ 1 ਸਤੰਬਰ 1939 ਨੂੰ ਜਰਮਨੀ ਨੇ ਪੋਲੈਂਡ ’ਤੇ ਹਮਲਾ ਕੀਤਾ, ਜਿਸ ਨਾਲ ਦੂਜੇ ਵਿਸ਼ਵ ਯੁੱਧ ਦੀ ਸ਼ੁਰੂਆਤ ਹੋਈ। ਕੈਨੇਡਾ ਸਰਕਾਰ ਨੇ 2009 ਵਿੱਚ 23 ਅਗਸਤ ਨੂੰ ਕੌਮੀ ਯਾਦਗਾਰੀ ਦਿਵਸ ਵਜੋਂ ਮਾਨਤਾ ਦਿੱਤੀ ਸੀ।ਇਸ ਸਾਲ ਦਾ ਯਾਦਗਾਰੀ ਸਮਾਗਮ 21 ਅਗਸਤ ਨੂੰ ਅਲਬਰਟਾ ਵਿਧਾਨ ਸਭਾ ਵੱਲੋਂ ਕਰਵਾਇਆ ਜਾ ਰਿਹਾ ਹੈ। ਲੋਕ ਸਮਾਗਮ ਵਿੱਚ ਨਿੱਜੀ ਤੌਰ ’ਤੇ ਸ਼ਾਮਲ ਹੋ ਸਕਦੇ ਹਨ। ਇਸ ਲਈ ਲੈਜਿਸਲੇਚਰ ਬਿਲਡਿੰਗ ਦੇ ਜ਼ਮੀਨੀ ਪੱਧਰ ਵਾਲੇ ਪੱਛਮੀ ਦਰਵਾਜ਼ੇ ਰਾਹੀਂ ਦਾਖਲਾ ਹੋਵੇਗਾ। ਹਾਲਾਂਕਿ ਮੌਕੇ ’ਤੇ ਪਾਰਕਿੰਗ ਦੀ ਸਹੂਲਤ ਸੀਮਤ ਰਹੇਗੀ।ਸਮਾਗਮ ਦਾ ਲਾਈਵ ਪ੍ਰਸਾਰਣ ਅਲਬਰਟਾ ਵਿਧਾਨ ਸਭਾ ਦੀ ਵੈੱਬਸਾਈਟ ਅਤੇ ਇਸ ਦੇ ਫੇਸਬੁੱਕ, ਐਕਸ ਅਤੇ ਯੂਟਿਊਬ ਚੈਨਲਾਂ ’ਤੇ ਵੀ ਕੀਤਾ ਜਾਵੇਗਾ।