'ਸਤਲੁਜ' ਨਾਲ ਵੀ ਉਹੀ ਹੋਇਆ ਜੋ ਜਸਵੰਤ ਸਿੰਘ ਖਾਲੜਾ ਨਾਲ ਹੋਇਆ ਸੀ: ਦਿਲਜੀਤ ਦੋਸਾਂਝ
ਨਵੀਂ ਦਿੱਲੀ-ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਨੇ ਆਪਣੀ ਫ਼ਿਲਮ 'ਸਤਲੁਜ' (ਪਹਿਲਾਂ ਪੰਜਾਬ 95) ਨੂੰ ਭਾਰਤ ਵਿੱਚ ਓਟੀਟੀ ਪਲੇਟਫਾਰਮ ਜ਼ੀ5 ਤੋਂ ਹਟਾਏ ਜਾਣ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਫ਼ਿਲਮ ਨਾਲ ਵੀ ਉਹੀ ਹੋਇਆ ਹੈ ਜੋ ਇਸ ਦੇ ਮੁੱਖ ਪਾਤਰ ਸ਼ਹੀਦ ਜਸਵੰਤ ਸਿੰਘ ਖਾਲੜਾ ਨਾਲ ਹੋਇਆ ਸੀ।
ਦਿਲਜੀਤ ਨੇ ਸੋਸ਼ਲ ਮੀਡੀਆ 'ਤੇ ਫ਼ਿਲਮ ਦੀ ਇੱਕ ਕਲਿੱਪ ਸਾਂਝੀ ਕਰਦਿਆਂ ਲਿਖਿਆ, "ਸਤਲੁਜ ਨਾਲ ਵੀ ਉਹੀ ਹੋਇਆ ਜੋ ਖਾਲੜਾ ਸਾਹਿਬ ਨਾਲ ਹੋਇਆ ਸੀ। ਜ਼ਿਕਰਯੋਗ ਹੈ ਕਿ 3 ਜੁਲਾਈ ਨੂੰ ਜ਼ੀ5 ਗਲੋਬਲ 'ਤੇ ਰਿਲੀਜ਼ ਹੋਈ ਇਸ ਫ਼ਿਲਮ ਨੂੰ ਭਾਰਤ ਵਿੱਚ ਸਟ੍ਰੀਮਿੰਗ ਸ਼ੁਰੂ ਹੋਣ ਤੋਂ ਦੋ ਦਿਨਾਂ ਦੇ ਅੰਦਰ ਹੀ ਹਟਾ ਦਿੱਤਾ ਗਿਆ, ਜਦਕਿ ਵਿਦੇਸ਼ਾਂ ਵਿੱਚ ਇਹ ਫ਼ਿਲਮ ਅਜੇ ਵੀ ਜ਼ੀ5 ਗਲੋਬਲ 'ਤੇ ਉਪਲਬਧ ਹੈ।ਫ਼ਿਲਮ ਦੇ ਨਿਰਦੇਸ਼ਕ ਹਨੀ ਤ੍ਰੇਹਨ ਨੇ ਵੀ ਇਸ ਫ਼ੈਸਲੇ 'ਤੇ ਨਿਰਾਸ਼ਾ ਜ਼ਾਹਿਰ ਕਰਦਿਆਂ ਸੋਸ਼ਲ ਮੀਡੀਆ 'ਤੇ ਲਿਖਿਆ, "ਤੇਰਾ ਭਾਣਾ ਮਿੱਠਾ ਲੱਗੇ।" ਉਨ੍ਹਾਂ ਕਿਹਾ ਕਿ ਫ਼ਿਲਮ ਹਟਾਏ ਜਾਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਹ ਹੈਰਾਨ ਹਨ ਅਤੇ ਇਸ ਬਾਰੇ ਕੁਝ ਵੀ ਕਹਿਣ ਦੀ ਸਥਿਤੀ ਵਿੱਚ ਨਹੀਂ ਹਨ।
ਜ਼ੀ5 ਨੇ ਆਪਣੇ ਬਿਆਨ ਵਿੱਚ ਕਿਹਾ ਕਿ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ, ਪਰ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਇਸ ਨੂੰ ਭਾਰਤ ਵਿੱਚ ਅਗਲੇ ਹੁਕਮਾਂ ਤੱਕ ਹਟਾਇਆ ਜਾ ਰਿਹਾ ਹੈ। ਪਲੇਟਫਾਰਮ ਨੇ ਇਹ ਵੀ ਕਿਹਾ ਕਿ ਫ਼ਿਲਮ ਨੂੰ ਮੁੜ ਭਾਰਤੀ ਦਰਸ਼ਕਾਂ ਤੱਕ ਪਹੁੰਚਾਉਣ ਲਈ ਕਾਨੂੰਨੀ ਅਤੇ ਪ੍ਰਕਿਰਿਆਵਾਂ ਅਨੁਸਾਰ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
'ਸਤਲੁਜ' ਦੀ ਰਿਲੀਜ਼ ਤੋਂ ਪਹਿਲਾਂ ਫ਼ਿਲਮ ਨੂੰ ਲੈ ਕੇ ਲੰਬੀ ਕਾਨੂੰਨੀ ਅਤੇ ਪ੍ਰਮਾਣੀਕਰਨ ਪ੍ਰਕਿਰਿਆ ਚੱਲਦੀ ਰਹੀ। 2022 ਵਿੱਚ ਫ਼ਿਲਮ ਨੂੰ ਕੇਂਦਰੀ ਫ਼ਿਲਮ ਪ੍ਰਮਾਣਨ ਬੋਰਡ (ਸੀਬੀਐੱਫਸੀ) ਕੋਲ ਭੇਜਿਆ ਗਿਆ ਸੀ, ਜਿੱਥੇ ਬੋਰਡ ਨੇ 127 ਕੱਟਾਂ ਅਤੇ ਫ਼ਿਲਮ ਦਾ ਸਿਰਲੇਖ ਬਦਲਣ ਦੀ ਮੰਗ ਕੀਤੀ ਸੀ। ਇਸ ਮਾਮਲੇ ਨੂੰ ਲੈ ਕੇ ਨਿਰਮਾਤਾਵਾਂ ਨੇ ਅਦਾਲਤ ਦਾ ਰੁਖ ਵੀ ਕੀਤਾ, ਜਦਕਿ 2023 ਵਿੱਚ ਫ਼ਿਲਮ ਨੂੰ ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਤੋਂ ਵੀ ਵਾਪਸ ਲੈ ਲਿਆ ਗਿਆ ਸੀ।
ਤਿੰਨ ਸਾਲ ਤੋਂ ਵੱਧ ਸਮੇਂ ਬਾਅਦ ਫ਼ਿਲਮ ਨੂੰ ਬਿਨਾਂ ਕਿਸੇ ਕੱਟ ਦੇ, ਸਿਰਫ਼ ਨਾਮ ਬਦਲ ਕੇ ਓਟੀਟੀ 'ਤੇ ਰਿਲੀਜ਼ ਕੀਤਾ ਗਿਆ ਸੀ। ਹਨੀ ਤ੍ਰੇਹਨ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ਦਾ ਨਿਰਮਾਣ ਆਰਐੱਸਵੀਪੀ ਮੂਵੀਜ਼ ਅਤੇ ਮੈਕਗਫਿਨ ਪਿਕਚਰਜ਼ ਨੇ ਕੀਤਾ ਹੈ। ਫ਼ਿਲਮ ਵਿੱਚ ਦਿਲਜੀਤ ਦੋਸਾਂਝ ਤੋਂ ਇਲਾਵਾ ਕੰਵਲਜੀਤ ਸਿੰਘ, ਅਰਜੁਨ ਰਾਮਪਾਲ, ਸੁਵਿੰਦਰ ਵਿੱਕੀ ਅਤੇ ਗੀਤਿਕਾ ਵਿਦਿਆ ਓਹਲਿਆਨ ਵੀ ਅਹਿਮ ਭੂਮਿਕਾਵਾਂ ਵਿੱਚ ਹਨ।
















