2026 ਵਿੱਚ ਭਾਰਤੀ ਬਾਕਸ ਆਫਿਸ ਦੀ ਕਮਾਈ ‘ਚ 15 ਫੀਸਦੀ ਵਾਧਾ, ਚਾਰ ਮਹੀਨਿਆਂ ਵਿੱਚ 4,219 ਕਰੋੜ ਰੁਪਏ ਦਾ ਕਾਰੋਬਾਰ
ਮੁੰਬਈ-ਸਾਲ 2025 ਦੇ ਮੁਕਾਬਲੇ 2026 ਦੀ ਸ਼ੁਰੂਆਤ ਭਾਰਤੀ ਫ਼ਿਲਮ ਉਦਯੋਗ ਲਈ ਕਾਫ਼ੀ ਸ਼ਾਨਦਾਰ ਰਹੀ ਹੈ। ਜਨਵਰੀ ਤੋਂ ਅਪ੍ਰੈਲ 2026 ਤੱਕ ਭਾਰਤੀ ਬਾਕਸ ਆਫਿਸ ਨੇ ਘਰੇਲੂ ਮਾਰਕੀਟ ਵਿੱਚ ਕੁੱਲ 4,219 ਕਰੋੜ ਰੁਪਏ ਦੀ ਕਮਾਈ ਦਰਜ ਕੀਤੀ, ਜੋ ਪਿਛਲੇ ਸਾਲ ਦੇ ਇਸੇ ਸਮੇਂ ਨਾਲੋਂ 15 ਫੀਸਦੀ ਵੱਧ ਹੈ।ਮੀਡੀਆ ਰਿਸਰਚ ਅਤੇ ਆਡੀਅੰਸ ਇਨਸਾਈਟਸ ਫਰਮ ਔਰਮੈਕਸ ਮੀਡੀਆ ਦੀ “ਇੰਡੀਆ ਬਾਕਸ ਆਫਿਸ ਰਿਪੋਰਟ” ਮੁਤਾਬਕ ਰਣਵੀਰ ਸਿੰਘ ਦੀ ਫ਼ਿਲਮ “ਧੁਰੰਧਰ: ਦ ਰਿਵੈਂਜ” ਇਸ ਸਾਲ ਦੀ ਸਭ ਤੋਂ ਵੱਡੀ ਹਿੱਟ ਸਾਬਤ ਹੋਈ ਹੈ। ਆਦਿਤਿਆ ਧਰ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ਨੇ ਦੇਸ਼ ਵਿੱਚ 1,275 ਕਰੋੜ ਰੁਪਏ ਦੀ ਕਮਾਈ ਕੀਤੀ, ਜੋ ਇਸ ਦੌਰਾਨ ਹੋਈ ਕੁੱਲ ਕਮਾਈ ਦਾ ਕਰੀਬ 30 ਫੀਸਦੀ ਹਿੱਸਾ ਹੈ।
ਰਿਪੋਰਟ ਅਨੁਸਾਰ ਅਪ੍ਰੈਲ ਮਹੀਨੇ ਦੌਰਾਨ ਬਾਕਸ ਆਫਿਸ ਦੀ ਰਫ਼ਤਾਰ ਕੁਝ ਹੌਲੀ ਰਹੀ ਅਤੇ ਕੁੱਲ ਕਮਾਈ 787 ਕਰੋੜ ਰੁਪਏ ਰਹੀ। ਇਸ ਮਹੀਨੇ ਅਕਸ਼ੈ ਕੁਮਾਰ ਦੀ ਹਿੰਦੀ ਫ਼ਿਲਮ “ਭੂਤ ਬੰਗਲਾ” ਅਤੇ ਮਲਿਆਲਮ ਫ਼ਿਲਮ “ਵਾਝਾ 2” ਸਭ ਤੋਂ ਵੱਡੀਆਂ ਹਿੱਟ ਰਹੀਆਂ। “ਭੂਤ ਬੰਗਲਾ” ਨੇ 190 ਕਰੋੜ ਰੁਪਏ ਅਤੇ “ਵਾਝਾ 2” ਨੇ 148 ਕਰੋੜ ਰੁਪਏ ਦੀ ਕਮਾਈ ਕੀਤੀ। ਦੋਵਾਂ ਫ਼ਿਲਮਾਂ ਨੇ ਮਿਲ ਕੇ ਅਪ੍ਰੈਲ ਦੀ ਕੁੱਲ ਕਮਾਈ ਦਾ 43 ਫੀਸਦੀ ਹਿੱਸਾ ਆਪਣੇ ਨਾਮ ਕੀਤਾ।
ਜਨਵਰੀ ਵਿੱਚ ਭਾਰਤੀ ਬਾਕਸ ਆਫਿਸ ਨੇ 1,324 ਕਰੋੜ ਰੁਪਏ ਅਤੇ ਮਾਰਚ ਵਿੱਚ 1,680 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਜਦਕਿ ਫਰਵਰੀ ਵਿੱਚ ਇਹ ਅੰਕੜਾ 427 ਕਰੋੜ ਰੁਪਏ ਰਿਹਾ।ਮਲਿਆਲਮ ਸਿਨੇਮਾ ਨੇ ਵੀ ਇਸ ਸਾਲ ਖਾਸ ਪ੍ਰਦਰਸ਼ਨ ਕੀਤਾ ਹੈ। ਅਪ੍ਰੈਲ ਮਹੀਨੇ ਵਿੱਚ ਮਲਿਆਲਮ ਫ਼ਿਲਮਾਂ ਨੇ 190 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ, ਜਿਸ ਨਾਲ ਇਸਦਾ ਬਾਕਸ ਆਫਿਸ ਹਿੱਸਾ 4 ਫੀਸਦੀ ਤੋਂ ਵੱਧ ਕੇ 8 ਫੀਸਦੀ ਹੋ ਗਿਆ। “ਭਰਤਨਾਟਯਮ 2 ਮੋਹਿਨੀਆਟਟਮ” ਅਤੇ “ਪੱਲੀਚੱਟੰਬੀ” ਵਰਗੀਆਂ ਫ਼ਿਲਮਾਂ ਨੇ ਵੀ ਵਧੀਆ ਕਾਰੋਬਾਰ ਕੀਤਾ।
ਅਪ੍ਰੈਲ ਦੀਆਂ ਹੋਰ ਚਰਚਿਤ ਫ਼ਿਲਮਾਂ ਵਿੱਚ “ਮਾਈਕਲ” (78 ਕਰੋੜ), “ਲਵ ਇੰਸ਼ੋਰੈਂਸ ਕੰਪਨੀ” (51 ਕਰੋੜ), “ਡਾਕੂਇਟ” (43 ਕਰੋੜ), “ਕਾਰਾ” (43 ਕਰੋੜ), “ਦ ਮਮੀ” (37 ਕਰੋੜ) ਅਤੇ “ਕੇਡੀ: ਦ ਡੈਵਿਲ” (24 ਕਰੋੜ) ਸ਼ਾਮਲ ਰਹੀਆਂ।2026 ਦੀਆਂ ਟੌਪ 10 ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ਵਿੱਚ “ਧੁਰੰਧਰ: ਦ ਰਿਵੈਂਜ” ਤੋਂ ਇਲਾਵਾ “ਬਾਰਡਰ 2” (379 ਕਰੋੜ), “ਮਾਨਾ ਸ਼ੰਕਰਾ ਵਰਾ ਪ੍ਰਸਾਦ ਗਾਰੂ” (255 ਕਰੋੜ), “ਭੂਤ ਬੰਗਲਾ” (190 ਕਰੋੜ), “ਦ ਰਾਜਾਸਾਬ” (172 ਕਰੋੜ), “ਵਾਝਾ 2” (148 ਕਰੋੜ), “ਪ੍ਰੋਜੈਕਟ ਹੇਲ ਮੈਰੀ” (86 ਕਰੋੜ), “ਉਸਤਾਦ ਭਗਤ ਸਿੰਘ” (85 ਕਰੋੜ), “ਮਾਈਕਲ” (78 ਕਰੋੜ) ਅਤੇ “ਓ’ਰੋਮਿਓ” (78 ਕਰੋੜ) ਸ਼ਾਮਲ ਹਨ।
ਰਿਪੋਰਟ ਮੁਤਾਬਕ 2026 ਵਿੱਚ ਹਿੰਦੀ ਸਿਨੇਮਾ ਦਾ ਭਾਰਤੀ ਬਾਕਸ ਆਫਿਸ ਵਿੱਚ 50 ਫੀਸਦੀ ਹਿੱਸਾ ਰਿਹਾ, ਜਦਕਿ ਤੇਲਗੂ ਸਿਨੇਮਾ 20 ਫੀਸਦੀ ਅਤੇ ਤਮਿਲ ਸਿਨੇਮਾ 11 ਫੀਸਦੀ ਹਿੱਸੇ ਨਾਲ ਅਗਲੇ ਸਥਾਨਾਂ ‘ਤੇ ਰਹੇ।
















