ਭਾਜਪਾ-ਆਰਐਸਐਸ ਨਹੀਂ ਚਾਹੁੰਦੇ ਕਿ ਗਰੀਬ ਬੱਚੇ ਅੰਗਰੇਜ਼ੀ ਸਿੱਖਣ: ਰਾਹੁਲ ਗਾਂਧੀ
ਨਵੀਂ ਦਿੱਲੀ-ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਨਹੀਂ ਚਾਹੁੰਦੇ ਕਿ ਭਾਰਤ ਦਾ ਗਰੀਬ ਬੱਚਾ ਅੰਗਰੇਜ਼ੀ ਸਿੱਖੇ, ਕਿਉਂਕਿ ਉਹ ਨਹੀਂ ਚਾਹੁੰਦੇ ਕਿ ਲੋਕ ਸਵਾਲ ਪੁੱਛਣ, ਅੱਗੇ ਵਧਣ ਅਤੇ ਬਰਾਬਰ ਹੋਣ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੀਤਾ। ਜਾਣਕਾਰੀ ਮੁਤਾਬਕ ਉਨ੍ਹਾਂ ਇਹ ਵੀ ਕਿਹਾ ਕਿ ਅੰਗਰੇਜ਼ੀ ਸ਼ਰਮ ਨਹੀਂ, ਸਗੋਂ ਸ਼ਕਤੀ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਇਹ ਟਿੱਪਣੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇੱਕ ਕਥਿਤ ਬਿਆਨ ਤੋਂ ਇੱਕ ਦਿਨ ਬਾਅਦ ਕੀਤੀ। ਰਾਹੁਲ ਗਾਂਧੀ ਨੇ ਐਕਸ ’ਤੇ ਪੋਸਟ ਕੀਤਾ, “ਅੰਗਰੇਜ਼ੀ ਡੈਮ ਨਹੀਂ, ਇਹ ਇੱਕ ਪੁਲ ਹੈ। ਅੰਗਰੇਜ਼ੀ ਸ਼ਰਮ ਨਹੀਂ, ਸਗੋਂ ਸ਼ਕਤੀ ਹੈ। ਅੰਗਰੇਜ਼ੀ ਜ਼ੰਜੀਰ ਨਹੀਂ ਹੈ - ਇਹ ਜ਼ੰਜੀਰ ਤੋੜਨ ਦਾ ਇੱਕ ਸਾਧਨ ਹੈ।” ਉਨ੍ਹਾਂ ਆਰੋਪ ਲਾਇਆ ਕਿ ਭਾਜਪਾ-ਆਰਐਸਐਸ ਨਹੀਂ ਚਾਹੁੰਦੇ ਕਿ ਭਾਰਤ ਦਾ ਗਰੀਬ ਬੱਚਾ ਅੰਗਰੇਜ਼ੀ ਸਿੱਖੇ, ਕਿਉਂਕਿ ਉਹ ਨਹੀਂ ਚਾਹੁੰਦੇ ਕਿ ਲੋਕ ਸਵਾਲ ਪੁੱਛਣ, ਅੱਗੇ ਵਧਣ ਅਤੇ ਬਰਾਬਰ ਹੋਣ। ਰਾਹੁਲ ਗਾਂਧੀ ਨੇ ਕਿਹਾ, “ਅੱਜ ਦੀ ਦੁਨੀਆ ਵਿੱਚ, ਅੰਗਰੇਜ਼ੀ ਤੁਹਾਡੀ ਮਾਤ ਭਾਸ਼ਾ ਜਿੰਨੀ ਹੀ ਮਹੱਤਵਪੂਰਨ ਹੈ ਕਿਉਂਕਿ ਇਹ ਰੁਜ਼ਗਾਰ ਪ੍ਰਦਾਨ ਕਰੇਗੀ ਅਤੇ ਤੁਹਾਡੇ ਆਤਮਵਿਸ਼ਵਾਸ ਨੂੰ ਵਧਾਏਗੀ।” ਉਨ੍ਹਾਂ ਜ਼ੋਰ ਦੇ ਕੇ ਕਿਹਾ, “ਭਾਰਤ ਦੀ ਹਰ ਭਾਸ਼ਾ ਵਿੱਚ ਆਤਮਾ, ਸੱਭਿਆਚਾਰ ਅਤੇ ਗਿਆਨ ਹੁੰਦਾ ਹੈ। ਸਾਨੂੰ ਉਨ੍ਹਾਂ ਦੀ ਕਦਰ ਕਰਨੀ ਪਵੇਗੀ ਅਤੇ ਨਾਲ ਹੀ ਹਰ ਬੱਚੇ ਨੂੰ ਅੰਗਰੇਜ਼ੀ ਸਿਖਾਉਣੀ ਪਵੇਗੀ। ਇਹ ਇੱਕ ਅਜਿਹੇ ਭਾਰਤ ਦਾ ਰਸਤਾ ਹੈ ਜੋ ਦੁਨੀਆ ਨਾਲ ਮੁਕਾਬਲਾ ਕਰਦਾ ਹੈ, ਜੋ ਹਰ ਬੱਚੇ ਨੂੰ ਬਰਾਬਰ ਮੌਕੇ ਦਿੰਦਾ ਹੈ।”
















