ਪੰਜਾਬ ਕਾਂਗਰਸ ’ਚ ਲੱਗੀ ਅਸਤੀਫਿਆਂ ਦੀ ਝੜੀ

ਪੰਜਾਬ ਕਾਂਗਰਸ ’ਚ ਲੱਗੀ ਅਸਤੀਫਿਆਂ ਦੀ ਝੜੀ

ਫਰੀਦਕੋਟ-ਫਰੀਦਕੋਟ ਤੋਂ ਸਾਬਕਾ ਕਾਂਗਰਸ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਉਰਫ਼ ਕਿੱਕੀ ਢਿੱਲੋਂ ਨੇ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਕਾਂਗਰਸ ਹਾਈ ਕਮਾਂਡ ਨੂੰ ਭੇਜ ਦਿੱਤਾ ਹੈ। ਜਾਣਕਾਰੀ ਮੁਤਾਬਕ ਕਾਂਗਰਸ ਆਗੂ ਕੁਸ਼ਲਦੀਪ ਸਿੰਘ ਢਿੱਲੋਂ ਉਰਫ਼ ਕਿੱਕੀ ਨੇ ਸ਼ੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਕਿਹਾ ਕਿ ‘‘ਮੇਰਾ ਅਸਤੀਫ਼ਾ ਦੇਣ ਦਾ ਕਾਰਨ ਕਿਸੇ ਨਾਲ ਕੋਈ ਨਿੱਜੀ ਨਰਾਜ਼ਗੀ ਜਾਂ ਮੱਤਭੇਦ ਨਹੀਂ ਹੈ। ਉਹਨਾਂ ਕਿਹਾ ਕਿ ਜਿਹੜੇ ਸਿਆਸੀ ਅਹੁਦੇ ਹੁੰਦੇ ਹਨ ਉਹ ਜਮੀਰ ਦੀ ਅਵਾਜ਼, ਕਿਰਦਾਰ ਜਾਂ ਪਾਰਟੀ ਦੀ ਭਲਾਈ ਤੋਂ ਉੱਪਰ ਨਹੀਂ ਹੁੰਦੇ। ਅਸੀ ਇੱਕ ਪੀ.ਪੀ.ਸੀ.ਸੀ ਦੀ ਟੀਮ ਦਾ ਹਿੱਸਾ ਸੀ, ਮੈਨੂੰ ਪਾਰਟੀ ਹਾਈਕਮਾਂਡ ਨੇ ਪਿਛਲੇ ਤਿੰਨ ਸਾਲ ਤੋਂ ਵਾਇਸ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਸੀ, ਮੈਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਹਮੇਸ਼ਾ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵਿਰੋਧ ਦਲੇਰੀ ਨਾਲ ਕੀਤਾ ’ਤੇ ਪਾਰਟੀ ਦੀ ਅਵਾਜ਼ ਬੁਲੰਦ ਕੀਤੀ ਅਤੇ ਸਰਕਾਰ ਅੱਗੇ ਝੁਕਿਆ ਨਹੀਂ। ਮੈਂਨੂੰ ਸਰਕਾਰ ਦੀ ਧੱਕੇਸ਼ਾਹੀ ਦਾ ਖ਼ਮਿਆਜ਼ਾ ਵੀ ਭੁਗਤਣਾ ਪਿਆ। ਮੈਂ ਕਾਂਗਰਸ ਪਾਰਟੀ ਦਾ ਇੱਕ ਵਫ਼ਾਦਾਰ ਸਿਪਾਹੀ ਹਾਂ ’ਤੇ ਰਹਾਂਗਾ ਅਤੇ ਪਾਰਟੀ ਦੀ ਚੜ੍ਹਦੀਕਲ੍ਹਾ ਲਈ ’ਤੇ ਲੋਕਸੇਵਾ ’ਚ ਹਮੇਸ਼ਾ ਪਹਿਲ ਦੇ ਅਧਾਰ ’ਤੇ ਆਪਣਾ ਯੋਗਦਾਨ ਪਾਵਾਂਗਾ। ਉਹਨਾਂ ਕਿਹਾ ਕਿ ਲੁਧਿਆਣਾ ਜ਼ਿਮਨੀ ਚੋਣਾਂ ’ਚ ਸਾਰੀ ਕਾਂਗਰਸ ਟੀਮ ’ਤੇ ਸਾਰੇ ਕਾਂਗਰਸੀ ਵਰਕਰ ਬਹੁਤ ਦਲੇਰੀ ਨਾਲ ਲੜੇ।  ਮੈਂ ਕਾਮਨਾ ਕਰਦਾ ਹਾਂ ਕਿ ਕਾਂਗਰਸ ਪਾਰਟੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ।’’