ਕੰਨੜ ਅਦਾਕਾਰਾ ਰਾਣਿਆ ਰਾਓ ਨੂੰ ਸੋਨੇ ਦੀ ਤਸਕਰੀ ਦੇ ਮਾਮਲੇ ਵਿੱਚ ਸੁਣਾਈ 1 ਸਾਲ ਦੀ ਸਜ਼ਾ
ਮੁੰਬਈ- ਵਿਦੇਸ਼ੀ ਮੁਦਰਾ ਸੰਭਾਲ ਅਤੇ ਤਸਕਰੀ ਰੋਕਥਾਮ ਐਕਟ ਸਲਾਹਕਾਰ ਬੋਰਡ ਨੇ ਇਹ ਹੁਕਮ ਪਾਸ ਕਰਦਿਆਂ ਕੰਨੜ ਅਦਾਕਾਰਾ ਰਾਣਿਆ ਰਾਓ ਨੂੰ ਸੋਨੇ ਦੀ ਤਸਕਰੀ ਦੇ ਮਾਮਲੇ ਵਿੱਚ ਇੱਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ ਇਸ ਵਿੱਚ ਰਾਣਿਆ ਰਾਓ ਦੇ ਨਾਲ ਦੋ ਹੋਰ ਮੁਲਜ਼ਮ ਵੀ ਸ਼ਾਮਲ ਹਨ। ਹੁਕਮ ਅਨੁਸਾਰ, ਤਿੰਨਾਂ ਨੂੰ ਇੱਕ ਸਾਲ ਦੀ ਕੈਦ ਦੀ ਮਿਆਦ ਦੌਰਾਨ ਜ਼ਮਾਨਤ ਲਈ ਅਰਜ਼ੀ ਦੇਣ ਦੇ ਅਧਿਕਾਰ ਤੋਂ ਵਾਂਝਾ ਕਰ ਦਿੱਤਾ ਗਿਆ ਹੈ। ਯਾਨੀ ਕਿ ਉਨ੍ਹਾਂ ਵਿੱਚੋਂ ਕੋਈ ਵੀ ਪੂਰੀ ਸਜ਼ਾ ਦੌਰਾਨ ਜ਼ਮਾਨਤ ਲਈ ਅਰਜ਼ੀ ਨਹੀਂ ਦੇ ਸਕੇਗਾ। ਜਾਣਕਾਰੀ ਮੁਤਾਬਕ ਰਾਣਿਆ ਫਿਲਮ ਮਾਣਿਕਿਆ ਵਿੱਚ ਕੰਨੜ ਸੁਪਰਸਟਾਰ ਸੁਦੀਪ ਦੇ ਨਾਲ ਆਪਣੀ ਭੂਮਿਕਾ ਲਈ ਜਾਣੀ ਜਾਂਦੀ ਹੈ। ਉਸ ਨੇ ਹੋਰ ਦੱਖਣੀ ਭਾਰਤੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਰਾਣਿਆ ਰਾਓ ਨੂੰ ਇਸ ਸਾਲ 3 ਮਾਰਚ ਨੂੰ ਬੰਗਲੁਰੂ ਦੇ ਕੇਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ ਨੇ 14.8 ਕਿਲੋਗ੍ਰਾਮ ਸੋਨੇ ਨਾਲ ਗ੍ਰਿਫ਼ਤਾਰ ਕੀਤਾ ਸੀ। ਰਾਣਿਆ ਆਪਣੀਆਂ ਅਕਸਰ ਅੰਤਰਰਾਸ਼ਟਰੀ ਯਾਤਰਾਵਾਂ ਕਾਰਨ ਡੀਆਰਆਈ ਦੀ ਨਿਗਰਾਨੀ ਹੇਠ ਸੀ।
ਉਹ 3 ਮਾਰਚ ਦੀ ਰਾਤ ਨੂੰ ਅਮੀਰਾਤ ਦੀ ਉਡਾਣ ਰਾਹੀਂ ਦੁਬਈ ਤੋਂ ਬੰਗਲੁਰੂ ਪਹੁੰਚੀ ਸੀ, ਜਦੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਡੀਆਰਆਈ ਅਧਿਕਾਰੀਆਂ ਨੇ ਕਿਹਾ ਸੀ ਕਿ ਅਦਾਕਾਰਾ ਰਾਣਿਆ ਰਾਓ ਨੇ ਆਪਣੇ ਸਰੀਰ ’ਤੇ ਜ਼ਿਆਦਾਤਰ ਸੋਨਾ ਪਾਇਆ ਹੋਇਆ ਸੀ, ਅਤੇ ਉਸ ਨੇ ਆਪਣੇ ਕੱਪੜਿਆਂ ਵਿੱਚ ਸੋਨੇ ਦੀਆਂ ਛੜਾਂ ਵੀ ਲੁਕਾਈਆਂ ਹੋਈਆਂ ਸਨ। ਰਾਣਿਆ ਦੇ ਸੌਤੇਲੇ ਪਿਤਾ ਰਾਮਚੰਦਰ ਰਾਓ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਹਨ। ਡੀਆਰਆਈ ਨੇ ਕਿਹਾ ਸੀ ਕਿ ਹਵਾਈ ਅੱਡੇ ’ਤੇ ਪਹੁੰਚਣ ’ਤੇ, ਰਾਣਿਆ ਆਪਣੇ ਆਪ ਨੂੰ ਇੱਕ ਆਈਪੀਐਸ ਦੀ ਧੀ ਵਜੋਂ ਪੇਸ਼ ਕਰਦੀ ਸੀ ਅਤੇ ਸਥਾਨਕ ਪੁਲਿਸ ਕਰਮਚਾਰੀਆਂ ਨੂੰ ਉਸ ਨੂੰ ਘਰ ਛੱਡਣ ਲਈ ਬੁਲਾਉਂਦੀ ਸੀ। ਈਡੀ ਨੇ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) ਦੇ ਤਹਿਤ ਰਾਣਿਆ ਰਾਓ ਵਿਰੁੱਧ ਈਸੀਆਈਆਰ ਦਰਜ ਕੀਤੀ ਸੀ। 4 ਜੁਲਾਈ ਨੂੰ, ਈਡੀ ਨੇ ਉਸ ਵਿਰੁੱਧ ਕਾਰਵਾਈ ਕਰਦਿਆਂ ਬੰਗਲੁਰੂ ਦੇ ਵਿਕਟੋਰੀਆ ਲੇਆਉਟ ਵਿੱਚ ਇੱਕ ਘਰ, ਬੰਗਲੁਰੂ ਦੇ ਅਰਕਾਵਤੀ ਲੇਆਉਟ ਵਿੱਚ ਇੱਕ ਪਲਾਟ, ਟੁਮਕੁਰ ਵਿੱਚ ਇੱਕ ਉਦਯੋਗਿਕ ਜ਼ਮੀਨ ਅਤੇ ਅਨੇਕਲ ਤਾਲੁਕ ਵਿੱਚ ਖੇਤੀਬਾੜੀ ਜ਼ਮੀਨ ਜ਼ਬਤ ਕੀਤੀ। ਇਨ੍ਹਾਂ ਸਾਰੀਆਂ ਜਾਇਦਾਦਾਂ ਦੀ ਕੁੱਲ ਕੀਮਤ ਲਗਭਗ 34.12 ਕਰੋੜ ਰੁਪਏ ਹੈ।
















