ਵਿਦੇਸ਼ੀ ਦਖ਼ਲਅੰਦਾਜ਼ੀ ਵਿਰੁੱਧ ਨਿਯਮ ਤੋੜਨ ’ਤੇ ਭਾਰੀ ਜੁਰਮਾਨਿਆਂ ਦੀ ਤਿਆਰੀ
ਘੱਟੋ-ਘੱਟ ਜੁਰਮਾਨਾ 50 ਡਾਲਰ ਤੋਂ ਵਧਾਇਆ ਜਾਵੇਗਾ: ਆਨੰਦ ਸੰਗਰੀ
ਓਟਵਾ-ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦ ਸੰਗਰੀ ਨੇ ਕਿਹਾ ਹੈ ਕਿ ਵਿਦੇਸ਼ੀ ਦਖ਼ਲਅੰਦਾਜ਼ੀ ਨਾਲ ਸੰਬੰਧਿਤ ਨਵੇਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਜੁਰਮਾਨਿਆਂ ਵਿੱਚ ਵੱਡਾ ਵਾਧਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਹ ਗੱਲ ਵੀਰਵਾਰ ਨੂੰ ਇੱਕ ਪਾਰਲੀਮੈਂਟਰੀ ਕਮੇਟੀ ਅੱਗੇ ਰੱਖੀ।
ਆਨੰਦ ਸੰਗਰੀ ਨੇ ਦੱਸਿਆ ਕਿ ਸਰਕਾਰ ਨਵੇਂ ਪ੍ਰਸਤਾਵਿਤ ਕਾਨੂੰਨੀ ਢਾਂਚੇ ਹੇਠ ਨਿਯਮਾਂ ਵਿੱਚ ਤਬਦੀਲੀਆਂ ’ਤੇ ਕੰਮ ਕਰ ਰਹੀ ਹੈ, ਜਿਸ ਤਹਿਤ ਘੱਟੋ-ਘੱਟ ਜੁਰਮਾਨੇ ਦੀ ਰਕਮ ਮੌਜੂਦਾ 50 ਡਾਲਰ ਤੋਂ ਵਧਾਈ ਜਾਵੇਗੀ। ਹਾਲਾਂਕਿ ਨਵੀਂ ਰਕਮ ਹਾਲੇ ਤੈਅ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜੁਰਮਾਨੇ ਦੀ ਉੱਪਰੀ ਹੱਦ ਇੱਕ ਮਿਲੀਅਨ ਡਾਲਰ ਤੱਕ ਹੋ ਸਕਦੀ ਹੈ।
ਉਨ੍ਹਾਂ ਅਨੁਸਾਰ, ਜੁਰਮਾਨੇ ਦੀ ਮਾਤਰਾ ਦਾ ਫ਼ੈਸਲਾ ਨਵੇਂ ਬਣਨ ਵਾਲੇ ਫ਼ੌਰਨ ਇਨਫ਼ਲੂਐਂਸ ਟ੍ਰਾਂਸਪੇਰੈਂਸੀ ਕਮਿਸ਼ਨਰ ਵੱਲੋਂ ਕੀਤਾ ਜਾਵੇਗਾ। ਇਸ ਦੌਰਾਨ ਇਹ ਵੀ ਵੇਖਿਆ ਜਾਵੇਗਾ ਕਿ ਨਿਯਮ ਜਾਣਬੁੱਝ ਕੇ ਤੋੜੇ ਗਏ ਸਨ ਜਾਂ ਨਹੀਂ ਅਤੇ ਕੀ ਪਹਿਲਾਂ ਵੀ ਕੋਈ ਉਲੰਘਣਾ ਹੋ ਚੁੱਕੀ ਹੈ।
ਮੰਤਰੀ ਨੇ ਕਿਹਾ ਕਿ ਇਹ ਤਬਦੀਲੀਆਂ ਕੈਨੇਡਾ ਅਤੇ ਦੇਸ਼ ਦੀ ਚੋਣ ਪ੍ਰਣਾਲੀ ਨੂੰ ਵਿਦੇਸ਼ੀ ਦਖ਼ਲਅੰਦਾਜ਼ੀ ਤੋਂ ਸੁਰੱਖਿਅਤ ਬਣਾਉਣ ਦੇ ਉਦੇਸ਼ ਨਾਲ ਕੀਤੀਆਂ ਜਾ ਰਹੀਆਂ ਹਨ। ਉਮੀਦ ਹੈ ਕਿ ਆਉਂਦੇ ਕੁਝ ਹਫ਼ਤਿਆਂ ਵਿੱਚ ਕੈਬਿਨੇਟ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਨਵੇਂ ਨਿਯਮ ਕੈਨੇਡਾ ਗਜ਼ਟ ਵਿੱਚ ਪ੍ਰਕਾਸ਼ਿਤ ਕਰ ਦਿੱਤੇ ਜਾਣਗੇ। ਇਸ ਕਾਨੂੰਨ ਹੇਠ ਇੱਕ ਕਮਿਸ਼ਨਰ ਦੀ ਨਿਯੁਕਤੀ ਅਤੇ ਵਿਦੇਸ਼ੀ ਸਰਕਾਰਾਂ ਲਈ ਕੰਮ ਕਰਨ ਵਾਲਿਆਂ ਦੀ ਰਜਿਸਟਰੀ ਵੀ ਬਣਾਈ ਜਾਵੇਗੀ।
















