ਕਨੇਡਾ ਦਿਹਾੜੇ ਨੂੰ ਸਮਰਪਤ ਮੀਟਿੰਗ ਵਿੱਚ ਭਰਪੂਰ ਵੰਨ-ਸੁਵੰਨਤਾ
ਕੈਲਗਰੀ-ਕੈਲਗਰੀ ਲੇਖਕ ਸਭਾ ਦੀ ਜੁਲਾਈ ਮਹੀਨੇ ਦੀ ਮੀਟਿੰਗ 4 ਜੁਲਾਈ, 2026 ਨੂੰ ਕੋਸੋ ਹਾਲ ਵਿੱਚ ਪ੍ਰਧਾਨ ਜਸਵੀਰ ਸਿੰਘ ਸਿਹੋਤਾ ਅਤੇ ਮਨਮੋਹਨ ਸਿੰਘ ਬਾਠ ਜੀ ਦੀ ਪ੍ਰਧਾਨਗੀ ਹੇਠ ਹੋਈ।ਸਕੱਤਰ ਗੁਰਚਰਨ ਥਿੰਦ ਨੇ ਜੁਲਾਈ ਮਹੀਨੇ ਦੇ ਮੁੱਖ ਦਿਹਾੜੇ ਕਨੇਡਾ ਡੇ ਦੇ ਇਤਿਹਾਸ ਤੇ ਮਹੱਤਵ ਬਾਰੇ ਸੰਖੇਪ ਜਾਣਕਾਰੀ ਸਾਂਝੀ ਕਰਦਿਆਂ, ਕੈਲਗਰੀ ਵਿੱਚ ਅੰਤਰ-ਰਾਸ਼ਟਰੀ ਪੱਧਰ ਦੇ ਦਸ ਦਿਨ ਤੱਕ ਮਨਾਏ ਜਾ ਰਹੇ ਸਟੈਂਪੀਡ ਮੇਲੇ ਅਤੇ ਗਿਆਰਾਂ ਜੁਲਾਈ ਨੂੰ ਯੂ.ਐਨ.ਓ. ਵੱਲੋਂ ‘ਵਰਲਡ ਪਾਪੂਲੇਸ਼ਨ ਡੇ’ ਵਜੋਂ ਮਨਾਏ ਜਾਣ ਵਾਲੇ ਦਿਹਾੜੇ ਦੀ ਲੋੜ ਅਤੇ ਮਹੱਤਵ ਬਾਰੇ ਚਾਨਣਾ ਪਾਇਆ। ਉਪਰੰਤ ਸੁਖਮੰਦਰ ਗਿੱਲ ਅਤੇ ਸੋਹਣ ਸਿੰਘ ਭੁੱਚੋ ਨੇ ਕਨੇਡਾ ਡੇ ਦੀਆਂ ਖੁਸ਼ੀਆਂ ਮਨਾਉਣ ਦੇ ਸੰਦਰਭ ਵਿੱਚ ਆਪਣੇ ਰਚਿਤ ਗੀਤ ਗਾ ਕੇ ਰੰਗ ਬੰਨ੍ਹ ਦਿੱਤਾ।
ਸਭਾ ਦੇ ਉਪ-ਪ੍ਰਧਾਨ ਸੁਰਿੰਦਰ ਸਿੰਘ ਢਿੱਲੋਂ ਨੇ ਕਨੇਡਾ ਦੀ ਧਰਤੀ ਨੂੰ ਆਪਣੀ ਰਹਾਇਸ਼ ਭੂਮੀ ਆਖ ਸਤਿਕਾਰਿਆ। ਉਨ੍ਹਾਂ ਕਿਹਾ ਕਿ ਕਨੇਡਾ ਇੱਕ ਅਪਰਾਧ-ਮੁਕਤ ਦੇਸ਼ ਵਜੋਂ ਜਾਣਿਆ ਜਾਂਦਾ ਹੈ, ਪਰ ਅਜੋਕੇ ਸਮੇਂ ਦੇ ਵਿਗੜਦੇ ਹਾਲਾਤ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਦੱਸਿਆ ਕਿ ਦੁਨੀਆਂ ਦੀ ਅਬਾਦੀ ਅੱਠ ਮਿਲੀਅਨ ਦੇ ਕਰੀਬ ਹੈ, ਜੋ 2037 ਤੱਕ 9 ਬਿਲੀਅਨ ਹੋ ਜਾਵੇਗੀ। ‘ਵਰਲਡ ਪਾਪੂਲੇਸ਼ਨ ਡੇ’ ਮਨਾਉਣ ਦਾ ਮਕਸਦ ਦੁਨੀਆਂ ਦੇ ਹਰ ਕੋਨੇ ਵਿੱਚ ਵਸਦੇ ਲੋਕਾਂ ਨੂੰ ਸਿਹਤ ਸਹੂਲਤਾਂ, ਮਨੁੱਖੀ ਹੱਕ ਅਤੇ ਟਿਕਾਊ ਵਿਕਾਸ ਪ੍ਰਦਾਨ ਕਰਨਾ ਯਕੀਨੀ ਬਣਾਉਣਾ ਹੈ।
ਪ੍ਰਧਾਨ ਸਿਹੋਤਾ ਨੇ ਵੀ ਕਨੇਡਾ ਡੇ ਬਾਰੇ ਗੱਲ ਕੀਤੀ ਅਤੇ ਆਪਣੀ ਰਚਨਾ, ‘ਕਨੇਡਾ ਡੇ… ਕਨੇਡਾ ਡੇ… ਹੇ.. ਹੇ…, ਚਾਰੇ ਕੋਨੇ ਇਸਦੇ ਉੱਤਮ, ਉੱਤਰ ਦੱਖਣ ਪੂਰਬ ਪੱਛਮ’ ਸਾਂਝੀ ਕੀਤੀ। ਇੰਜ: ਜੀਰ ਸਿੰਘ ਬਰਾੜ ਨੇ ਕਨੇਡਾ ਡੇ ਦੀ ਵਧਾਈ ਸਾਂਝੀ ਕੀਤੀ ਅਤੇ ਅਲਬਰਟਾ ਵਿੱਚ ਅਕਤੂਬਰ ਮਹੀਨੇ ਵਿੱਚ ਹੋਣ ਵਾਲੇ ਰਿਫ੍ਰੈਂਡਮ ਬਾਰੇ ਵੀ ਸਾਂਝ ਪਾਈ।ਗੁਰਦੀਪ ਸਿੰਘ ਆਲੀਵਾਲ ਨੇ ‘ਸਟੈਂਪੀਡ ਨੂੰ ਸਲਾਮ’ ਕਵਿਤਾ, ‘ਕੈਲਗਰੀ ਦੀ ਧਰਤੀ ਅੱਜ ਮੇਲਿਆਂ ਨਾਲ ਸਜੀ ਹੈ, ਘੋੜਿਆਂ ਦੀਆਂ ਟਾਪਾਂ ਦਾ ਇਤਿਹਾਸ ਸੁਣਾਉਂਦੀ ਹੈ’ ਸਾਂਝੀ ਕਰਦਿਆਂ ਕਿਹਾ ਕਿ ਸਾਹਿਤ ਉਹ ਦਰਪਣ ਹੈ ਜੋ ਸਮਾਜ ਨੂੰ ਉਸਦਾ ਚਿਹਰਾ ਵਿਖਾਉਂਦਾ ਹੈ ਅਤੇ ਸਾਹਿਤਕ ਸਭਾਵਾਂ ਦਾ ਇਸ ਵਿੱਚ ਬਹੁਤ ਸਾਰਥਕ ਯੋਗਦਾਨ ਹੈ। ਜਗਦੇਵ ਸਿੰਘ ਸਿੱਧੂ ਦਾ ਵਿਚਾਰ ਸੀ ਕਿ ਕਨੇਡਾ ਡੇ ਕੇਵਲ ਗੀਤਾਂ-ਕਵਿਤਾਵਾਂ ਨਾਲ ਹੀ ਨਾ ਮਨਾਈਏ, ਬਲਕਿ ਸਾਨੂੰ ਇੱਥੇ ਵਸਣ ਵਾਲੇ ਹੋਰ ਕਨੇਡਾਵਾਸੀਆਂ ਨਾਲ ਸਹਿਚਾਰ ਵੀ ਵਧਾਉਣਾ ਚਾਹੀਦਾ ਹੈ।
ਚਰਨਦੀਪ ਕੌਰ ਨੇ ਰੱਬ ਨੂੰ ਆਪਣੇ ਹੀ ਢੰਗ ਨਾਲ ਪ੍ਰਸ਼ਨ ਕਰਦੀ ਆਪਣੀ ਰਚਨਾ ‘ਰੱਬ ਦਾ ਰੱਬ’, ਗੁਰਬਾਣੀ ਨੇ ‘ਮਿੱਟੀ ਬਣੀਏ ਪਾਣੀ ਬਣੀਏ, ਚਲ ਕੁਦਰਤ ਦੇ ਹਾਣੀ ਬਣੀਏ’ ਅਤੇ ਗੁਰਚਰਨ ਹੇਅਰ ਨੇ ‘ਲੋਕਾਂ ਦੀਆਂ ਕਲਮਾਂ ’ਚੋਂ ਮੁੱਕਦੀ ਸਿਆਹੀ ਜਦੋਂ, ਗੀਤਾਂ ਸਾਡਿਆਂ ਦੀ ਸ਼ੁਰੂਆਤ ਹੁੰਦੀ ਹੈ’ ਕਵਿਤਾਵਾਂ ਨਾਲ ਹਾਜ਼ਰੀ ਲੁਆਈ।ਹਰਮਿੰਦਰ ਗਿੱਲ ਨੇ ਸੁਰਿੰਦਰ ਕੌਰ ਅਤੇ ਆਸਾ ਸਿੰਘ ਮਸਤਾਨਾ ਦਾ ਗਾਇਆ ਗੀਤ ‘ਪੰਡਤ ਜੀ ਕੀ ਇਹ ਲਾਲ ਮੇਰਾ ਮਾਂ ਪਿਓ ਦਾ ਨਾਂ ਚਮਕਾਏਗਾ’ ਅਤੇ ਮਨਮੋਹਨ ਸਿੰਘ ਬਾਠ ਨੇ ‘ਏਧਰ ਕਣਕਾਂ ਓਧਰ ਕਣਕਾਂ ਵਿੱਚ ਕਣਕਾਂ ਦੇ ਬੂਰ ਪਿਆ, ਮੁਟਿਆਰੇ ਜਾਣਾ ਦੂਰ ਪਿਆ’, ਸੁਰ ਵਿੱਚ ਗਾ ਕੇ ਪੁਰਾਣੇ ਗੀਤਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ।
ਮਨਮੋਹਨ ਸਿੰਘ ਪਪਰਾਲਾ ਨੇ ਹਾਸਰਸ ਕਵਿਤਾ ‘ਸੀਟੀ’ ਅਤੇ ਦਰਸ਼ਨ ਸਿੰਘ ਬਰਾੜ ਨੇ ‘ਬੰਦਾ ਜੋੜੇ ਪਲ਼ੀ ਪਲ਼ੀ ਤੇਰਾ ਮਡੁਲ੍ਹਾਵੇ ਕੁੱਪਾ, ਸੂਮ ਕੰਜੂਸ ਤਰਸਾਈ ਜਾਏ, ਨੀ ਤ ਨੰਗ ਮਰੇ ਭੁੱਖਾ’ ਸੁਣਾ ਕੇ ਵਾਹਵਾਹ ਖੱਟ ਲਈ।ਲਖਵਿੰਦਰ ਸਿੰਘ ਪਟਿਆਲਾ, ਜਿਨ੍ਹਾਂ ਨੇ ਬਾਈ ਸਾਲ ਦੀ ਉਮਰ ਵਿੱਚ ਕਲਮ ਫੜ ਦਿਲ ਦੇ ਜਜ਼ਬਾਤਾਂ ਨੂੰ ਚਾਰ ਸਾਲ ਤੱਕ ਅੱਖਰਾਂ ਦਾ ਰੂਪ ਦਿੱਤਾ ਤੇ ਫਿਰ ਕਿਸੇ ਕਾਰਨ ਵੱਸ ਨਿੱਬਤੋੜ ਦਿੱਤੀ ਸੀ। ਪ੍ਰੰਤੂ ਜਦ ਫੌਜ ਦੀਆਂ ਸੇਵਾਵਾਂ ਤੋਂ ਮੁਕਤ ਹੋ ਕੈਲਗਰੀ ਆ ਵੱਸੇ ਤਾਂ ਕਲਮ ਨੇ ਫਿਰ ਰਵਾਨਗੀ ਫੜ ਲਈ। ਉਨ੍ਹਾਂ ਆਪਣੀ ਇੱਕ ਪੁਰਾਣੀ ਤੇ ਇੱਕ ਨਵੀਂ ਨਜ਼ਮ ਨਾਲ ਸਾਂਝ ਪਾਈ।ਅਮਰੀਕ ਸਿੰਘ ਨੇ ‘ਇੱਕ ਦਿਨ ਪੁੱਛਿਆ ਖੁਸ਼ੀ ਨੂੰ ਦੱਸ ਕਿੱਥੇ ਤੇਰੇ ਵਾਸੇ ਨੀ, ਹੌਲੀ ਹੌਲੀ ਜ਼ਿੰਦਗੀ ਵਿਚੋਂ ਮੁੱਕਦੇ ਜਾਂਦੇ ਹਾਸੇ ਨੀ’ ਰਚਨਾ ਰਾਹੀਂ ਜ਼ਿੰਦਗੀ ਦੀ ਸਭ ਤੋਂ ਚੰਗੀ ਸਮਝੀ ਜਾਂਦੀ ਚੀਜ਼, ‘ਖੁਸ਼ੀ’ ਨੂੰ ਤਲਾਸ਼ਦੀ ਨਜ਼ਮ ਸੁਣਾਈ।ਡਾ: ਸੁਖਵਿੰਦਰ ਸਿੰਘ ਥਿੰਦ ਨੇ ਇੱਕ ਕਾਵਿ-ਟੋਟੇ ਰਾਹੀਂ ਧਰਤੀ ਹੇਠਾਂ ਮੁੱਕਦੇ ਜਾ ਰਹੇ ਪਾਣੀ ਦੀ ਬਾਤ ਪਾਈ। ਗੁਰਮੀਤ ਸਿੰਘ ਤੰਬੜ ਨੇ ਧਰਤੀ ਦੇ ਲਗਾਤਾਰ ਵੱਧ ਰਹੇ ਤਾਪਮਾਨ ਨੂੰ ਧਰਤੀ ਨੂੰ ਚੜ੍ਹ ਰਹੇ ਤਾਪ ਨਾਲ ਤੁਲਨਾ ਕਰਦਿਆਂ ਪ੍ਰਦੂਸ਼ਣ ਦੇ ਦੁਸ਼-ਪ੍ਰਭਾਵਾਂ ਦਾ ਵਰਣਨ ਕੀਤਾ। ਤਿਰਲੋਕ ਸਿੰਘ ‘ਚੁੱਘ’ ਨੇ ਬੱਸਾਂ ਵਿੱਚ ਵੰਨ-ਸੁਵੰਨੀਆਂ ਚੀਜ਼ਾਂ ਵੇਚਣ ਵਾਲਿਆਂ ਦੀ ਕਲਾ ਨੂੰ ਹਾਸਰਸ ਕਵਿਤਾ ਦੇ ਰੂਪ ਵਿੱਚ ਪੇਸ਼ ਕਰ ਹਾਸਾ ਪਾਇਆ।
ਅੰਤ ਵਿੱਚ ਗੁਰਚਰਨ ਥਿੰਦ ਨੇ ਆਪਣੀ ਰਚਨਾ ‘ਗੱਲ ਸੁਣ ਨੀ ਬਚਨ ਕੁੜੇ, ਚਲ ਉੱਠ ਖੇਤਾਂ ਨੂੰ ਚਲੀਏ’ ਕਿਸਾਨ ਅੰਦੋਲਨ ਵੇਲੇ ਘਰਾਂ ਦੀਆਂ ਸੁਆਣੀਆਂ ਵੱਲੋਂ ਪਿੱਛੇ ਰਹਿ ਫਸਲਾਂ ਦਾ ਸੰਭਾਲਾ ਕਰ ਪਾਏ ਗਏ ਯੋਗਦਾਨ ਨੂੰ ਦਰਸਾਉਂਦੀ ਆਪਣੀ ਰਚਨਾ ਸੁਣਾਈ ਅਤੇ ਸਭ ਦਾ ਧੰਨਵਾਦ ਕਰ ਮੀਟਿੰਗ ਦੀ ਸਮਾਪਤੀ ਕਰ ਦਿੱਤੀ।
















