ਨਵੀਆਂ ਪਾਬੰਦੀਆਂ ਨਾਲ ਈਰਾਨ ਨੂੰ ‘ਆਰਥਿਕ ਤੌਰ ’ਤੇ ਅਲੱਗ-ਥਲੱਗ’ ਕਰਨ ਦੀ ਅਮਰੀਕਾ ਦੀ ਕੋਸ਼ਿਸ਼
ਵਾਸ਼ਿੰਗਟਨ/ਤਹਿਰਾਨ-ਈਰਾਨ ਨਾਲ ਚੱਲ ਰਹੀ ਜੰਗ ਨੂੰ ਲਗਭਗ ਛੇ ਮਹੀਨੇ ਪੂਰੇ ਹੋਣ ਦੇ ਨੇੜੇ ਅਮਰੀਕਾ ਨੇ ਈਰਾਨ ’ਤੇ ਆਰਥਿਕ ਦਬਾਅ ਹੋਰ ਵਧਾ ਦਿੱਤਾ ਹੈ। ਅਮਰੀਕੀ ਖਜ਼ਾਨਾ ਮੰਤਰੀ ਸਕੌਟ ਬੈਸੈਂਟ ਨੇ ਸੋਮਵਾਰ ਨੂੰ ਈਰਾਨ ਨਾਲ ਜੁੜੀਆਂ ਕਰੀਬ 60 ਇਕਾਈਆਂ ’ਤੇ ਨਵੀਆਂ ਪਾਬੰਦੀਆਂ ਲਗਾਉਣ ਦਾ ਐਲਾਨ ਕਰਦਿਆਂ ਹੋਰ ਦੇਸ਼ਾਂ ਨੂੰ ਵੀ ਈਰਾਨ ਨਾਲ ਵਪਾਰਕ ਅਤੇ ਵਿੱਤੀ ਸਬੰਧ ਤੋੜਨ ਦੀ ਚਿਤਾਵਨੀ ਦਿੱਤੀ।
ਅਮਰੀਕੀ ਸਰਕਾਰ ਨੇ ਇਸ ਮੁਹਿੰਮ ਨੂੰ ‘ਆਪਰੇਸ਼ਨ ਇਕਨਾਮਿਕ ਆਊਟਕਾਸਟ’ ਨਾਮ ਦਿੱਤਾ ਹੈ। ਬੈਸੈਂਟ ਨੇ ਕਿਹਾ ਕਿ ਅਮਰੀਕਾ ਦਾ ਮਕਸਦ ਈਰਾਨ ਨੂੰ ਵਿਸ਼ਵ ਆਰਥਿਕ ਪ੍ਰਣਾਲੀ ਤੋਂ ਵੱਧ ਤੋਂ ਵੱਧ ਅਲੱਗ ਕਰਨਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਿਹੜੇ ਦੇਸ਼ ਈਰਾਨ ਨਾਲ ਕਾਰੋਬਾਰ ਜਾਰੀ ਰੱਖਣਗੇ, ਉਨ੍ਹਾਂ ਨੂੰ ਵੀ ਅਮਰੀਕੀ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਬੈਸੈਂਟ ਨੇ ਕਿਹਾ ਕਿ ਅਮਰੀਕਾ ਫ਼ਿਲਹਾਲ ਸਬੰਧਤ ਦੇਸ਼ਾਂ ਨੂੰ ਈਰਾਨ ਨਾਲ ਆਪਣੇ ਆਰਥਿਕ ਰਿਸ਼ਤੇ ਘਟਾਉਣ ਦਾ ਮੌਕਾ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਸ਼ਿੰਗਟਨ ਹਰ ਦੇਸ਼ ਨੂੰ ਆਪਣੀਆਂ ਉਮੀਦਾਂ ਬਾਰੇ ਸਪੱਸ਼ਟ ਤੌਰ ’ਤੇ ਜਾਣੂ ਕਰਵਾ ਰਿਹਾ ਹੈ।ਈਰਾਨ ਦੇ ਸਭ ਤੋਂ ਵੱਡੇ ਵਪਾਰਕ ਭਾਈਵਾਲਾਂ ਵਿੱਚ ਚੀਨ, ਤੁਰਕੀ ਅਤੇ ਸੰਯੁਕਤ ਅਰਬ ਅਮੀਰਾਤ ਸ਼ਾਮਲ ਹਨ। ਜਦੋਂ ਬੈਸੈਂਟ ਤੋਂ ਪੁੱਛਿਆ ਗਿਆ ਕਿ ਕੀ ਚੀਨ ਵੀ ਅਮਰੀਕੀ ਪਾਬੰਦੀਆਂ ਦੇ ਨਿਸ਼ਾਨੇ ’ਤੇ ਆ ਸਕਦਾ ਹੈ ਤਾਂ ਉਨ੍ਹਾਂ ਕਿਹਾ ਕਿ ਕੋਈ ਵੀ ਦੇਸ਼ ਅਮਰੀਕੀ ਪਾਬੰਦੀਆਂ ਦੀ ਪਹੁੰਚ ਤੋਂ ਬਾਹਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਦੇਸ਼ ਜਾਂ ਕੰਪਨੀ ਈਰਾਨੀ ਤੇਲ ਨੂੰ ਪੈਸੇ ਵਿੱਚ ਤਬਦੀਲ ਕਰਨ ਵਾਲੇ ਵਿੱਤੀ ਜਾਂ ਵਪਾਰਕ ਤੰਤਰ ਦਾ ਹਿੱਸਾ ਬਣਦੀ ਹੈ ਤਾਂ ਉਸ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ।ਅਮਰੀਕੀ ਖਜ਼ਾਨਾ ਵਿਭਾਗ ਮੁਤਾਬਕ ਨਵੀਆਂ ਪਾਬੰਦੀਆਂ ਈਰਾਨ ਦੇ ਪਰਮਾਣੂ ਅਤੇ ਮਿਜ਼ਾਈਲ ਪ੍ਰੋਗਰਾਮਾਂ, ਸਾਈਬਰ ਗਤੀਵਿਧੀਆਂ ਅਤੇ ਤੇਲ ਦੀਆਂ ਖੇਪਾਂ ਨਾਲ ਕਥਿਤ ਤੌਰ ’ਤੇ ਜੁੜੀਆਂ ਕਰੀਬ 60 ਇਕਾਈਆਂ ’ਤੇ ਲਗਾਈਆਂ ਗਈਆਂ ਹਨ।
ਇਨ੍ਹਾਂ ਵਿੱਚ ਹਾਂਗਕਾਂਗ ਦੀ ਇੱਕ ਕੰਪਨੀ ਅਤੇ ਚੀਨ ਅਧਾਰਤ ਕੁਝ ਇਕਾਈਆਂ ਵੀ ਸ਼ਾਮਲ ਹਨ, ਜਿਨ੍ਹਾਂ ’ਤੇ ਈਰਾਨ ਨੂੰ ਸੰਵੇਦਨਸ਼ੀਲ ਸਾਮਾਨ ਮੁਹੱਈਆ ਕਰਵਾਉਣ ਅਤੇ ਉਸ ਦੇ ਮਿਜ਼ਾਈਲ ਤੇ ਪਰਮਾਣੂ ਪ੍ਰੋਗਰਾਮਾਂ ਦੀ ਮਦਦ ਕਰਨ ਦੇ ਦੋਸ਼ ਲਗਾਏ ਗਏ ਹਨ।ਅਮਰੀਕੀ ਪਾਬੰਦੀਆਂ ਦੇ ਐਲਾਨ ਤੋਂ ਕੁਝ ਘੰਟੇ ਪਹਿਲਾਂ ਹੀ ਈਰਾਨ ਦੀ ਮੁਦਰਾ ਰਿਆਲ ਰਿਕਾਰਡ ਹੇਠਲੇ ਪੱਧਰ ’ਤੇ ਪਹੁੰਚ ਗਈ। ਬਾਜ਼ਾਰ ਵਿੱਚ ਇੱਕ ਅਮਰੀਕੀ ਡਾਲਰ ਦੀ ਕੀਮਤ ਕਰੀਬ 20.2 ਲੱਖ ਰਿਆਲ ਤੱਕ ਪਹੁੰਚ ਗਈ।
ਈਰਾਨ ਵਿੱਚ ਮਹਿੰਗਾਈ ਪਹਿਲਾਂ ਹੀ ਦੋਹਰੇ ਅੰਕਾਂ ਵਿੱਚ ਹੈ ਅਤੇ ਲੰਬੇ ਸਮੇਂ ਤੋਂ ਚੱਲ ਰਹੀ ਜੰਗ ਨੇ ਆਮ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਜੰਗ ਸ਼ੁਰੂ ਹੋਣ ਤੋਂ ਬਾਅਦ ਚੌਲਾਂ ਦੀਆਂ ਕੀਮਤਾਂ ਵਿੱਚ ਲਗਭਗ 60 ਫ਼ੀਸਦੀ ਅਤੇ ਬੀਫ਼ ਦੀਆਂ ਕੀਮਤਾਂ ਵਿੱਚ 150 ਫ਼ੀਸਦੀ ਤੋਂ ਵੱਧ ਵਾਧਾ ਹੋਣ ਦੀ ਰਿਪੋਰਟ ਹੈ।ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈ.ਐੱਮ.ਐੱਫ.) ਨੇ ਈਰਾਨ ਦੀ ਕੁੱਲ ਘਰੇਲੂ ਪੈਦਾਵਾਰ ਵਿੱਚ 5 ਫ਼ੀਸਦੀ ਤੋਂ ਵੱਧ ਗਿਰਾਵਟ ਆਉਣ ਦਾ ਅਨੁਮਾਨ ਲਗਾਇਆ ਹੈ।ਇਸ ਦੌਰਾਨ ਪਾਕਿਸਤਾਨ ਨੇ ਵੀ ਅਮਰੀਕਾ ਅਤੇ ਈਰਾਨ ਵਿਚਕਾਰ ਮੁੜ ਗੱਲਬਾਤ ਸ਼ੁਰੂ ਕਰਵਾਉਣ ਲਈ ਕੂਟਨੀਤਕ ਕੋਸ਼ਿਸ਼ ਤੇਜ਼ ਕਰ ਦਿੱਤੀ ਹੈ। ਪਾਕਿਸਤਾਨ ਦੇ ਫ਼ੀਲਡ ਮਾਰਸ਼ਲ ਅਸੀਮ ਮੁਨੀਰ ਦੀ ਅਗਵਾਈ ਹੇਠ ਉੱਚ ਪੱਧਰੀ ਵਫ਼ਦ ਸੋਮਵਾਰ ਨੂੰ ਈਰਾਨ ਪਹੁੰਚਿਆ।
ਪਾਕਿਸਤਾਨੀ ਅਧਿਕਾਰੀਆਂ ਮੁਤਾਬਕ ਵਫ਼ਦ ਦਾ ਮਕਸਦ ਖੇਤਰ ਵਿੱਚ ਵਧ ਰਹੇ ਤਣਾਅ ਨੂੰ ਘਟਾਉਣਾ ਅਤੇ ਅਮਰੀਕਾ ਤੇ ਈਰਾਨ ਨੂੰ ਮੁੜ ਗੱਲਬਾਤ ਦੀ ਮੇਜ਼ ’ਤੇ ਲਿਆਉਣਾ ਹੈ।ਉੱਧਰ ਤਹਿਰਾਨ ਵਿੱਚ ਆਮ ਲੋਕ ਵੀ ਡਿੱਗਦੀ ਮੁਦਰਾ ਅਤੇ ਵਧਦੀ ਮਹਿੰਗਾਈ ਕਾਰਨ ਚਿੰਤਤ ਹਨ। ਰਿਪੋਰਟ ਮੁਤਾਬਕ ਕਈ ਲੋਕ ਆਪਣੀ ਬਚਤ ਨੂੰ ਹੋਰ ਘਟਣ ਤੋਂ ਬਚਾਉਣ ਲਈ ਅਮਰੀਕੀ ਡਾਲਰ ਖਰੀਦ ਰਹੇ ਹਨ।
















