ਟਰੰਪ ਦੀਆਂ ਨਵੀਆਂ ਟੈਰਿਫ਼ ਧਮਕੀਆਂ ’ਤੇ ਭੜਕੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ, ਕਿਹਾ—‘ਮੇਰਾ ਜਵਾਬ ਸਖ਼ਤ ਹੋਵੇਗਾ’
ਟੋਰਾਂਟੋ-ਕੈਨੇਡਾ ਅਤੇ ਅਮਰੀਕਾ ਦਰਮਿਆਨ ਵਪਾਰਕ ਤਣਾਅ ਹੋਰ ਵਧ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਅਗਲੇ ਸਾਲ ਤੋਂ ਕੈਨੇਡੀਅਨ ਕਾਰਾਂ, ਟਰੱਕਾਂ, ਆਟੋ ਪਾਰਟਸ ਅਤੇ ਸਟੀਲ ’ਤੇ 50 ਫ਼ੀਸਦੀ ਤੱਕ ਟੈਰਿਫ਼ ਲਗਾਉਣ ਦੀ ਧਮਕੀ ਤੋਂ ਬਾਅਦ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਟਰੰਪ ’ਤੇ ਤਿੱਖਾ ਹਮਲਾ ਕੀਤਾ ਹੈ।ਫੋਰਡ ਨੇ ਸੋਮਵਾਰ ਨੂੰ ਰੇਡੀਓ ਪ੍ਰੋਗਰਾਮ ਦੌਰਾਨ ਟਰੰਪ ਦੀ ਧਮਕੀ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕੈਨੇਡਾ ਨੂੰ ਅਮਰੀਕਾ ਦੇ ਇਸ ਰੁਖ ਦਾ ਪੂਰੀ ਤਾਕਤ ਨਾਲ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਟਰੰਪ ਬਾਰੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਦਿਆਂ ਕਿਹਾ ਕਿ ਉਹ ਅਮਰੀਕੀ ਰਾਸ਼ਟਰਪਤੀ ਦੀਆਂ ਧਮਕੀਆਂ ਅੱਗੇ ਝੁਕਣ ਵਾਲੇ ਨਹੀਂ ਹਨ।
ਟਰੰਪ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ’ਤੇ ਕਿਹਾ ਸੀ ਕਿ ਨਵੇਂ ਸਾਲ ਤੋਂ ਅਮਰੀਕਾ ਸਾਰੀਆਂ ਛੋਟੀਆਂ-ਵੱਡੀਆਂ ਕਾਰਾਂ, ਟਰੱਕਾਂ, ਆਟੋਮੋਬਾਈਲ ਪਾਰਟਸ ਅਤੇ ਸਟੀਲ ’ਤੇ ਟੈਰਿਫ਼ ਵਧਾ ਕੇ 50 ਫ਼ੀਸਦੀ ਕਰ ਸਕਦਾ ਹੈ।ਫੋਰਡ ਨੇ ਕਿਹਾ ਕਿ ਕੈਨੇਡਾ ਨੂੰ ਅਮਰੀਕਾ ਵਿਰੁੱਧ ਵਪਾਰਕ ਮੋਰਚੇ ’ਤੇ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਸੁਝਾਅ ਦਿੱਤਾ ਕਿ ਕੈਨੇਡਾ ਅਮਰੀਕਾ ਨੂੰ ਤੇਲ, ਪੋਟਾਸ਼, ਯੂਰੇਨੀਅਮ, ਧਾਤਾਂ ਅਤੇ ਹੋਰ ਮਹੱਤਵਪੂਰਨ ਖਣਿਜਾਂ ਦੀ ਸਪਲਾਈ ’ਤੇ ਵੱਧ ਕੀਮਤ ਜਾਂ ਟੈਰਿਫ਼ ਲਗਾਉਣ ਬਾਰੇ ਵਿਚਾਰ ਕਰੇ।
ਫੋਰਡ ਨੇ ਕਿਹਾ ਕਿ ਅਮਰੀਕਾ ਨੂੰ ਇਹ ਸਮਝਣਾ ਹੋਵੇਗਾ ਕਿ ਕੈਨੇਡਾ ਆਪਣੇ ਆਰਥਿਕ ਹਿੱਤਾਂ ਦੀ ਰੱਖਿਆ ਕਰਨ ਤੋਂ ਪਿੱਛੇ ਨਹੀਂ ਹਟੇਗਾ। ਉਨ੍ਹਾਂ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਸਮੇਤ ਹੋਰ ਸੂਬਿਆਂ ਦੇ ਮੁਖੀਆਂ ਨੂੰ ਵੀ ਸਾਂਝਾ ਰੁਖ ਅਪਣਾਉਣ ਦੀ ਅਪੀਲ ਕੀਤੀ।ਫੋਰਡ ਦੇ ਬਿਆਨ ਤੋਂ ਬਾਅਦ ਟਰੰਪ ਨੇ ਸੋਸ਼ਲ ਮੀਡੀਆ ’ਤੇ ਉਨ੍ਹਾਂ ’ਤੇ ਨਿੱਜੀ ਟਿੱਪਣੀਆਂ ਕਰਦਿਆਂ ਕਿਹਾ ਕਿ ਅਮਰੀਕਾ ਨੇ ਦਹਾਕਿਆਂ ਤੱਕ ਕੈਨੇਡਾ ਦਾ ਸਾਥ ਦਿੱਤਾ ਹੈ, ਪਰ ਹੁਣ ਅਜਿਹਾ ਨਹੀਂ ਹੋਵੇਗਾ।
ਟਰੰਪ ਨੇ ਕੈਨੇਡਾ ਦੀ ਮੌਜੂਦਾ ਲੀਡਰਸ਼ਿਪ ’ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੈਨੇਡਾ ਨੂੰ ਅਮਰੀਕਾ ਦਾ ਫ਼ਾਇਦਾ ਚੁੱਕਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਜੇਕਰ ਕੈਨੇਡਾ ਨੇ ਅਮਰੀਕੀ ਮੰਗਾਂ ਅਨੁਸਾਰ ਰੁਖ ਨਾ ਬਦਲਿਆ ਤਾਂ ਇਸ ਦੇ ਗੰਭੀਰ ਨਤੀਜੇ ਹੋ ਸਕਦੇ ਹਨ।ਇਸ ਦੇ ਜਵਾਬ ਵਿੱਚ ਫੋਰਡ ਨੇ ਕਿਹਾ ਕਿ ਉਹ ਟਰੰਪ ਦੀਆਂ ਟਿੱਪਣੀਆਂ ਤੋਂ ਪ੍ਰਭਾਵਿਤ ਨਹੀਂ ਹੋਣਗੇ। ਉਨ੍ਹਾਂ ਟਰੰਪ ਦੀ ਅਗਵਾਈ ਅਤੇ ਕਾਰੋਬਾਰੀ ਰਿਕਾਰਡ ’ਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਕੈਨੇਡਾ ਹਰ ਸੰਭਵ ਤਰੀਕੇ ਨਾਲ ਆਪਣੇ ਹਿੱਤਾਂ ਦੀ ਰੱਖਿਆ ਕਰੇਗਾ।
ਉਨ੍ਹਾਂ ਕਿਹਾ ਕਿ ਕੈਨੇਡਾ ਨੂੰ ਇਕਜੁੱਟ ਹੋ ਕੇ ਜਵਾਬ ਦੇਣ ਦੀ ਲੋੜ ਹੈ ਅਤੇ ਸਾਰੇ ਸੂਬਿਆਂ ਨੂੰ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਨਾਲ ਮਿਲ ਕੇ ਖੜ੍ਹਾ ਹੋਣਾ ਚਾਹੀਦਾ ਹੈ। ਫੋਰਡ ਨੇ ਖਾਸ ਤੌਰ ’ਤੇ ਅਮਰੀਕਾ ਨੂੰ ਨਿਰਯਾਤ ਕੀਤੀ ਜਾਣ ਵਾਲੀ ਬਿਜਲੀ ’ਤੇ ਵਾਧੂ ਟੈਰਿਫ਼ ਲਗਾਉਣ ਦਾ ਸੁਝਾਅ ਵੀ ਦਿੱਤਾ।ਇਸ ਦੌਰਾਨ ਕੈਨੇਡਾ-ਅਮਰੀਕਾ ਵਪਾਰਕ ਵਿਵਾਦ ਦੇ ਹੋਰ ਤਿੱਖਾ ਹੋਣ ਨਾਲ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਸਬੰਧਾਂ ਅਤੇ ਕੈਨੇਡੀਅਨ ਉਦਯੋਗਾਂ ’ਤੇ ਪੈਣ ਵਾਲੇ ਪ੍ਰਭਾਵ ਨੂੰ ਲੈ ਕੇ ਚਿੰਤਾ ਵਧ ਰਹੀ ਹੈ।
















