ਦਰਬਾਰ ਸਾਹਿਬ 'ਤੇ ਭਾਰਤੀ ਫੌਜ ਦੇ ਹਮਲੇ ਦਾ ਸੱਚ

ਦਰਬਾਰ ਸਾਹਿਬ 'ਤੇ ਭਾਰਤੀ ਫੌਜ ਦੇ ਹਮਲੇ ਦਾ ਸੱਚ
ਘੱਲੂਘਾਰਿਆਂ ਬਾਰੇ ਸਟੇਟ ਦੀ ਫ਼ਰੇਬੀ ਸ਼ਬਦਾਵਲੀ ਦੇ ਜਾਲ਼ 'ਚ ਨਾ ਫਸੀਏ
________________
ਸ਼ਬਦ ਦੀ ਅਸੀਮ ਸ਼ਕਤੀ ਹੈ। ਨੇਕ ਸੋਚ ਰਾਹੀਂ ਸ਼ਬਦ ਦੀ ਸਹੀ ਵਰਤੋਂ ਬਿਰਤਾਂਤ ਦੀ ਸੱਚਾਈ ਉਜਾਗਰ ਕਰਦੀ ਹੈ, ਜਦਕਿ ਕਪਟੀ ਸੋਚ ਰਾਹੀਂ ਸ਼ਬਦ ਦੀ ਕੀਤੀ ਸਾਜਿਸ਼ੀ ਵਰਤੋਂ ਬਿਰਤਾਂਤ ਵਿਗਾੜਦੀ ਹੈ। ਸੱਤਾ ਵੱਲੋਂ ਬਾਗ਼ੀਆਂ ਨੂੰ ਕੁਚਲਣ ਦਾ ਆਸਾਵੀਂ ਜੰਗ ਦਾ ਵੱਡਾ ਹਥਿਆਰ, 'ਸ਼ਬਦ ਬਿਰਤਾਂਤ' ਨੂੰ ਵਿਗਾੜਨਾ ਹੁੰਦਾ ਹੈ। ਸਟੇਟ ਵੱਲੋਂ ਲੋਕਾਂ ਅੰਦਰ ਬਾਗ਼ੀਆਂ ਪ੍ਰਤੀ ਨਫ਼ਰਤ ਪੈਦਾ ਕਰਕੇ, ਕਪਟੀ ਸ਼ਬਦ ਮਾਨਸਿਕਤਾ ਵਿੱਚ ਭਰ ਦਿੱਤੇ ਜਾਂਦੇ ਹਨ। 'ਹਕੂਮਤ ਦੀ ਫਰੇਬੀ ਸ਼ਬਦਾਵਲੀ' ਦਾ ਸ਼ਿਕਾਰ ਸਿਰਫ਼ ਭੋਲ਼ੇ-ਭਾਲੇ਼ ਲੋਕ ਹੀ ਨਹੀਂ ਹੁੰਦੇ, ਬਲਕਿ ਇਤਿਹਾਸਕਾਰ ਵੀ ਹੋ ਜਾਂਦੇ ਹਨ, ਜਿਸ ਦੇ ਅਧੀਨ ਉਹ 'ਆਪਣਾ ਬਿਰਤਾਂਤ' ਛੱਡ ਕੇ ਅਤੇ 'ਸਟੇਟ ਦੇ ਬਿਰਤਾਂਤ' ਦੇ ਮੋਹਰੇ ਬਣ ਕੇ, ਕੌਮੀ ਇਤਿਹਾਸ ਨੂੰ ਵਿਗਾੜਨ ਦੇ ਦੋਸ਼ੀ ਬਣ ਜਾਂਦੇ ਹਨ।
ਇਸ ਪ੍ਰਸੰਗ ਨੂੰ ਹੋਰ ਸਪਸ਼ਟ ਕਰਨ ਲਈ ਗਾਥਾ ਸਾਂਝੀ ਕਰਦੇ ਹਾਂ। ਵੈਨਕੂਵਰ ਦੇ ਸਮੁੰਦਰੀ ਤੱਟ 'ਤੇ ਬੀਤੇ ਦਿਨੀਂ ਗੁਰੂ ਨਾਨਕ ਜਹਾਜ਼ ਦੀ ਵਰੇ‌ਗੰਢ 'ਤੇ ਸਮਾਗਮ ਹੋਏ। ਇਥੋਂ ਹੀ ਗੁਰੂ ਨਾਨਕ ਜਹਾਜ਼ 'ਕੈਨੇਡਾ ਦੀ ਨਸਲਵਾਦੀ ਸਰਕਾਰ' ਨੇ ਵਾਪਸ ਮੋੜਿਆ ਸੀ। ਸਮਾਗਮਾਂ ਵਿੱਚ ਬਜ਼ੁਰਗਾਂ, ਨੌਜਵਾਨਾਂ ਬੱਚਿਆਂ ਨੇ ਵੱਧ-ਚੜ ਕੇ ਹਿੱਸਾ ਲਿਆ। ਇਸ ਦੌਰਾਨ ਲਕੀਰ ਦੇ ਫ਼ਕੀਰ ਆਪੋ ਬਣੇ ਆਗੂ ਨੇ ਸਵਾਲ ਖੜ੍ਹਾ ਕਰ ਦਿੱਤਾ ਕਿ "ਗੁਰੂ ਨਾਨਕ ਜਹਾਜ਼' ਨਾਂ ਹੀ ਕਿਉ?, ਕਾਮਾਗਾਟਾ ਮਾਰੂ ਨਾਂ ਕਿਉਂ ਨਹੀਂ? ਅਖੇ ਇਹੀ ਨਾਂ ਪਹਿਲਾਂ ਤੋਂ ਵਰਤਿਆ ਜਾਂਦਾ ਰਿਹਾ ਹੈ ਤੇ ਇਹੀ ਨਾਂ ਕਿਤਾਬਾਂ ਵਿੱਚ ਵੀ ਹੈ।" ਸੱਚ ਇਹ ਹੈ ਕਿ 'ਕਾਮਾਗਾਟਾ ਮਾਰੂ' ਕਰਾਏ 'ਤੇ ਲਏ ਜਹਾਜ਼ ਨਾਂ ਸੀ, ਜੋ 'ਬ੍ਰਿਟਿਸ਼ ਇੰਡੀਅਨ ਸਟੇਟ' ਨੇ ਸਾਡੇ ਮੂੰਹਾਂ ਅਤੇ ਦਿਮਾਗਾਂ ਵਿੱਚ ਪਾ ਦਿੱਤਾ, ਜਦ ਕਿ ਗੁਰੂ ਨਾਨਕ ਸਟੀਮਸ਼ਿਪ ਕੰਪਨੀ ਰਾਹੀਂ ਇਹ ਜਹਾਜ਼ ਬਾਬਾ ਗੁਰਦਿੱਤ ਸਿੰਘ ਨੇ 66 ਹਜ਼ਾਰ ਡਾਲਰ ਭਾੜਾ ਦੇ ਕੇ, ਛੇ ਮਹੀਨੇ ਲਈ ਕਿਰਾਏ 'ਤੇ ਲਿਆ ਸੀ। ਦੇਸ ਪੰਜਾਬ ਦੇ ਵਿਰਸੇ, ਬੋਲੀ ਅਤੇ ਸੱਭਿਆਚਾਰ ਮੁਤਾਬਕ ''ਗੁਰੂ ਨਾਨਕ ਜਹਾਜ਼'' ਨਾਂ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ, ਭਾਵ ਸਮੂਹ ਮੁਸਾਫਰਾਂ ਨੇ ਸਾਂਝੇ ਤੌਰ 'ਤੇ ਰੱਖਿਆ ਸੀ, ਜੋ ਸਾਜਿਸ਼ੀ ਢੰਗ ਨਾਲ ਦਿਮਾਗ਼ਾਂ ਵਿੱਚੋਂ ਮਿਟਾ ਦਿੱਤਾ ਗਿਆ। ਦੁੱਖਦਾਈ ਗੱਲ ਇਹ ਹੈ ਕਿ ਬ੍ਰਿਟਿਸ਼ ਇੰਡੀਅਨ ਅਤੇ ਬਸਤੀਵਾਦੀ ਕੈਨੇਡੀਅਨ ਡੋਮੇਨੀਅਨ ਸਟੇਟ' ਦੀ ਸੋਚ ਵਾਲਿਆਂ ਵੱਲੋਂ ਦਿੱਤਾ ਗਿਆ 'ਕਾਮਾਗਾਟਾਮਾਰੂ' ਨਾਂ, ਪੰਜਾਬੀ ਇਤਿਹਾਸਕਾਰਾਂ ਅਤੇ ਜਥੇਬੰਦੀਆਂ ਨੇ ਵੀ ਅਪਨਾ ਲਿਆ, ਜਦ ਕਿ ਆਪਣੀ ਬੋਲੀ ਅਤੇ ਵਿਰਸੇ 'ਚੋਂ ਪੈਦਾ ਹੋਇਆ 'ਗੁਰੂ ਨਾਨਕ ਜਹਾਜ਼' ਨਾਂ ਖ਼ੁਦ ਹੀ ਭੁਲਾ ਦਿੱਤਾ। ਚੰਗੀ ਗੱਲ ਹੈ ਕਿ ਹੁਣ ਆਵਾਜ਼ ਉੱਠਣ ਮਗਰੋਂ ਇਤਿਹਾਸਿਕ ਸੋਧ ਹੋ ਰਹੀ ਹੈ ਅਤੇ ਸਹੀ ਨਾਂ ਅਤੇ ਬਿਰਤਾਂਤ ਮੁੜ ਅਪਣਾਇਆ ਜਾ ਰਿਹਾ ਹੈ।
ਚੇਤਨਾ ਤੋਂ ਸੱਖਣੇ ਜਿਹੜੇ ਦਕੀਆਨੂਸ ਲੋਕ ਆਖਦੇ ਹਨ ਕਿ ਨਾਂ 'ਚ ਕੀ ਪਿਆ ਹੈ, ਉਹ ਮਾਨਸਿਕ ਦਿਵਾਲੀਏਪਣ ਦਾ ਸ਼ਿਕਾਰ ਹਨ। ਜੇ ਤੁਸੀਂ ਆਪਣੀ ਸ਼ਬਦਾਵਲੀ ਅਤੇ ਆਪਣੇ ਬਿਰਤਾਂਤ ਤੋਂ ਮੂੰਹ ਮੋੜ ਲੈਂਦੇ ਹੋ, ਤਾਂ ਤੁਹਾਡੀ ਪਛਾਣ ਕਾਇਮ ਨਹੀਂ ਰਹੀ ਸਕਦੀ। ਰਸੂਲ ਹਮਜ਼ਾਤੋਵ ਆਪਣੀ ਕਿਤਾਬ 'ਮੇਰਾ ਦਾਗਿਸਤਾਨ' ਵਿੱਚ ਲਿਖਦਾ ਹੈ ਜੇ ਬੀਤੇ 'ਤੇ ਪਿਸਤੌਲ ਨਾਲ ਗੋਲ਼ੀ ਚਲਾਉਗੇ, ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ। ਇਸ ਦੀ ਪ੍ਰਤੱਖ ਮਿਸਾਲ 42 ਸਾਲ ਪਹਿਲਾਂ, ਜੂਨ 84 ਨੂੰ ਦਰਬਾਰ ਸਾਹਿਬ 'ਤੇ ਭਾਰਤੀ ਫੌਜ ਦੇ ਹਮਲੇ ਲਈ, ਸਟੇਟ ਵੱਲੋਂ ਸਾਕਾ ਨੀਲਾ ਤਾਰਾ (ਆਪਰੇਸ਼ਨ ਬਲੂ ਸਟਾਰ) ਸ਼ਬਦ ਵਰਤਣਾ ਫ਼ਰੇਬੀ ਭਾਸ਼ਾ ਦਾ ਸਿਖਰ ਕਿਹਾ ਜਾ ਸਕਦਾ ਹੈ। ਦੁੱਖ ਦੀ ਗੱਲ ਇਹ ਹੈ ਕਿ ਨਾ ਕੇਵਲ ਸਟੇਟ ਦੇ ਸੰਦ ਬਣ ਕੇ ਵਿਚਰਨ ਵਾਲੇ ਲਿਖਾਰੀਆਂ ਅਤੇ ਇਤਿਹਾਸਕਾਰਾਂ ਵੱਲੋਂ ਹੀ, ਬਲਕਿ ਸਿੱਖ ਬੁੱਧੀਜੀਵੀਆਂ ਅਤੇ ਵਿਦਵਾਨਾਂ ਵੱਲੋਂ ਵੀ, ਦਰਬਾਰ ਸਾਹਿਬ 'ਤੇ ਹਮਲੇ ਨੂੰ 'ਸਾਕਾ ਨੀਲਾ ਤਾਰਾ' (ਆਪਰੇਸ਼ਨ ਬਲੂ ਸਟਾਰ) ਕਹਿਣਾ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਉਹ ਕਿਸ ਹੱਦ ਤੱਕ ਸਟੇਟ ਦੇ ਛਲ-ਕਪਟ ਦਾ ਸ਼ਿਕਾਰ ਹੋ ਕੇ, ਆਪਣੇ ਹੀ ਇਤਿਹਾਸ ਦੇ ਉਲਟ ਭੁਗਤ ਰਹੇ ਹਨ।
ਸਿੱਖ ਕੌਮ ਦੇ ਤੀਜੇ ਘੱਲੂਘਾਰੇ ਦੀ 42ਵੇਂ ਸ਼ਹੀਦੀ ਯਾਦ ਮੌਕੇ 'ਸਾਕਾ ਨੀਲਾ ਤਾਰਾ' ਸ਼ਬਦ ਦੀ ਵਰਤੋਂ ਸਬੰਧੀ ਆਪਣੀਆਂ ਗ਼ਲਤੀਆਂ ਨੂੰ ਦਰੁਸਤ ਕਰਨਾ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਦੀ ਲੋੜ ਕਿਉਂ ਹੈ ਅਤੇ ਇਸ ਸੋਧ ਨਾਲ ਕੀ ਫਰਕ ਪਏਗਾ? ਆਓ ਇਹਨਾਂ ਮੁੱਦਿਆਂ 'ਤੇ ਗ਼ੌਰ ਫ਼ਰਮਾਈਏ! ਸਿੱਖ ਵਿਦਵਾਨ ਡਾ. ਸੇਵਕ ਸਿੰਘ ਦੀ ਕਿਤਾਬ 'ਸ਼ਬਦ ਜੰਗ' ਇਸ ਸਿਧਾਂਤਕ ਪ੍ਰਸੰਗ ਨੂੰ ਸਮਝਣ ਵਿੱਚ ਸਹਾਈ ਸਿੱਧ ਹੋਏਗੀ। ਇਸ ਅਨੁਸਾਰ ਸ਼ਬਦ ਜੰਗ, ਵਿਆਖਿਆ ਜੰਗ, ਪਰਚਾਰ ਜੰਗ, ਸਵਾਲਾਂ ਦੀ ਜੰਗਬਾਜੀ ਅਤੇ ਨਿਖੇਧਕਾਰੀ ਨੂੰ ਸਟੇਟ ਹਥਿਆਰ ਵਜੋਂ ਵਰਤਦੀ ਹੈ। 'ਸ਼ਬਦ ਜੰਗ' ਹਥਿਆਰਬੰਦ ਜੰਗ ਨਾਲੋਂ ਨਾ ਸਿਰਫ ਵੱਡੀ ਹੁੰਦੀ ਹੈ, ਸਗੋਂ ਹਥਿਆਰਬੰਦ ਜੰਗ ਸ਼ਬਦ ਜੰਗ ਦਾ ਇੱਕ ਛੋਟਾ ਹਿੱਸਾ ਹੈ। ਸ਼ਬਦ ਜੰਗ ਲੋਕਾਂ ਦੇ ਮਨਾਂ ਉੱਤੇ ਕਬਜ਼ੇ ਦੀ ਜੰਗ ਹੈ। ਸੱਤਾਹੀਣ ਧਿਰ ਜੰਗਜੂ ਹੋਣ ਦੇ ਬਾਵਜੂਦ ਹਕੂਮਤੀ ਜਾਂ ਭਾਰੂ ਧਿਰ ਦੀ ਕਿੰਨੀ ਗ਼ੁਲਾਮੀ ਕਬੂਲਦੀ ਹੈ, ਇਸ ਦਾ ਪਤਾ ਉਹਦੀ ਬੋਲੀ ਦੇ ਸ਼ਬਦਾਂ ਵਿੱਚ ਆਉਂਦੇ ਬਦਲਾਅ ਤੋਂ ਲੱਗਦਾ ਹੈ। ਸੱਤਾ ਸਦਾ ਹੀ ਬਗ਼ਾਵਤੀ ਧਿਰਾਂ ਨੂੰ ਬਹੁਭਾਂਤ ਦੀ ਕਪਟੀ ਅਤੇ ਉਲਝਾਊ ਸ਼ਬਦਾਵਲੀ ਨਾਲ ਘੇਰਦੀ ਹੈ। ਸ਼ਬਦ ਜੰਗ ਹੀ ਇਹ ਉਜਾਗਰ ਕਰਦੀ ਹੈ ਕਿ ਕਿਵੇਂ ਸ਼ਬਦਾਂ ਦੀ ਚੋਣ ਮਾਅਨੇ ਰੱਖਦੀ ਹੈ ਅਤੇ ਸ਼ਬਦ ਤੋਂ ਲੈ ਕੇ ਨਿਖੇਧ ਤੱਕ ਦੇ ਸਾਰੇ ਵਰਤਾਰੇ, ਕਿਵੇਂ ਜੰਗ ਲਈ ਵਰਤੇ ਜਾਂਦੇ ਹਨ। ਸ਼ਬਦ ਜੰਗ ਪ੍ਰਤੀ ਸੁਚੇਤ ਨਾ ਹੋਣ ਕਾਰਨ ਹਕੂਮਤ ਦੇ ਜਬਰ ਤੋਂ ਬਾਅਦ, ਜੰਗਜੂ ਧਿਰਾਂ ਅੰਦਰਲੇ ਵਿਰੋਧਾਂ ਅਤੇ ਬਾਹਰਲੇ ਹਮਲਿਆਂ ਦਾ ਦੁਵੱਲਾ ਸ਼ਿਕਾਰ ਹੋ ਜਾਂਦੀਆਂ ਹਨ। ਸਿਧਾਂਤਕ ਘੇਰਾਬੰਦੀ ਤੋਂ ਬਚਣ ਲਈ ਜੰਗਜੂ ਧਿਰਾਂ ਸ਼ਬਦ ਜੰਗ ਤੋਂ ਕਿਨਾਰਾ ਨਹੀਂ ਕਰ ਸਕਦੀਆਂ, ਬਲਕਿ ਉਹਨਾਂ ਕੋਲ ਇੱਕੋ ਇੱਕ ਰਾਹ, ਇਸ ਨੂੰ ਸਮਝਣ ਦਾ ਹੈ।
ਦਰਬਾਰ ਸਾਹਿਬ ਉੱਪਰ ਭਾਰਤੀ ਫੌਜ ਦੇ ਹਮਲੇ ਨੂੰ 'ਸਾਕਾ ਨੀਲਾ ਤਾਰਾ' ਨਾਂ ਦੇਣਾ ਦਰਅਸਲ ਇੰਡੀਅਨ ਸਟੇਟ ਦੀ ਅਸਾਵੀਂ ਸ਼ਬਦ ਜੰਗ, ਇਸ ਦੀ ਵਿਆਖਿਆ ਜੰਗ, ਪ੍ਰਚਾਰ ਜੰਗ ਅਤੇ ਸਵਾਲਾਂ ਦੀ ਜੰਗਬਾਜੀ ਦਾ ਪ੍ਰਤੱਖ ਰੂਪ ਹੈ। ਅਸੀਂ ਇਹ ਵੇਖਦੇ ਹਾਂ ਕਿ 'ਨੀਲਾ' ਸ਼ਬਦ ਦੀ ਵਰਤੋਂ ਸਿੱਖਾਂ ਦੇ ਨਿਸ਼ਾਨ ਸਾਹਿਬ ਨੂੰ ਅਤੇ ਦਸਤਾਰਾਂ ਨੂੰ ਨਿਸ਼ਾਨਾ ਬਣਾ ਕੇ, ਭਾਰਤੀ ਸਟੇਟ ਵੱਲੋਂ ਕੀਤੀ ਗਈ ਹੈ। ਸਿੱਖਾਂ ਦੇ ਪਵਿੱਤਰ ਅਸਥਾਨ ਦਰਬਾਰ ਸਾਹਿਬ 'ਤੇ ਫੌਜੀ ਹਮਲੇ ਨੂੰ 'ਸਾਕਾ ਨੀਲਾ ਤਾਰਾ' ਦਾ ਸਰਕਾਰੀ ਨਾਂ ਦੇਣ ਦੀ ਦੁਸ਼ਟ-ਸੋਚ ਨੂੰ ਸਮਝਣ ਲਈ ਛਲ-ਕਪਟ ਦੀ ਸ਼ਬਦਾਵਲੀ ਦੇ ਕੁਝ ਅਹਿਮ ਨਮੂਨੇ ਧਿਆਨ ਮੰਗਦੇ ਹਨ। ਇਹ ਸੱਚ ਹੈ ਕਿ ਬੁੱਧ ਧਰਮ ਮਨੂਵਾਦ ਅਤੇ ਬ੍ਰਾਹਮਣਵਾਦ ਦਾ ਵੱਡਾ ਦੁਸ਼ਮਣ ਰਿਹਾ ਹੈ, ਜਿਸ ਪ੍ਰਤੀ ਮਨੂਵਾਦੀਆਂ ਦੀ ਨਫ਼ਰਤ ਲਗਾਤਾਰ ਸਦੀਆਂ ਤੱਕ ਕਾਇਮ ਰਹੀ। ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਰਕਾਰ ਦਾ ਬੁੱਧ ਧਰਮ ਪ੍ਰਤੀ, ਫ਼ਰੇਬੀ ਸੋਚ ਦਾ ਮਖੋਟਾ ਉਸ ਵੇਲੇ ਲਹਿ ਜਾਂਦਾ ਹੈ, ਜਦੋਂ ਭਾਰਤ ਵੱਲੋਂ 18 ਮਈ 1974 ਨੂੰ ਪੋਖਰਨ, ਰਾਜਸਥਾਨ ਵਿਖੇ ਨਿਊਕਲੀਅਰ ਟੈਸਟ ਕੀਤਾ ਜਾਂਦਾ ਹੈ ਤੇ ਉਸਦਾ ਨਾਂ ਫ਼ਰੇਬੀ ਸ਼ਬਦਾਵਲੀ ਵਿੱਚ 'ਸਮਾਈਲਿੰਗ ਬੁੱਧਾ' ਭਾਵ ਮਹਾਤਮਾ ਬੁੱਧ ਦਾ ਮੁਸਕਰਾਉਣਾ ਰੱਖਿਆ ਜਾਂਦਾ ਹੈ।
ਸਿਤਮਜ਼ਰੀਫੀ ਦੇਖੋ ਕਿ ਜਿਸ ਮਹਾਤਮਾ ਬੁੱਧ ਨੂੰ 'ਅਹਿੰਸਾ ਪਰਮੋ ਧਰਮਾ' ਕਰਕੇ ਜਾਣਿਆ ਜਾਂਦਾ ਹੈ, ਉਸ ਦੇ ਨਾਂ 'ਤੇ ਹੀ ਇਹ ਨਿਊਕਲੀਅਰ ਟੈਸਟ ਕੀਤੇ ਗਏ ਅਤੇ ਦੁਨੀਆ ਸਾਹਮਣੇ ਇਸ ਦਾ ਸੰਕੇਤਕ ਨਾਂ 'ਮੁਸਕਰਾਉਂਦਾ ਬੁੱਧ' ਦਿੱਤਾ ਗਿਆ। ਅਫ਼ਸੋਸ ਇਸ ਗੱਲ ਦਾ ਹੈ ਕਿ ਪੀੜਤ ਧਿਰ ਭਾਵ ਬੁੱਧ ਧਰਮ ਦੇ ਪੈਰੋਕਾਰਾਂ ਵੱਲੋਂ ਇਸ ਤੇ ਨਾ ਕੋਈ ਇਤਰਾਜ਼ ਕੀਤਾ ਗਿਆ ਅਤੇ ਨਾ ਹੀ ਇਸ ਸਬਦ ਜੰਗ ਅਤੇ ਵਿਆਖਿਆ ਜੰਗ ਵਿੱਚ ਆਪਣਾ ਬਿਰਤਾਂਤ ਦੱਸਣ ਦੀ ਖੇਚਲ ਕੀਤੀ ਗਈ। ਕੌਮਾਂਤਰੀ ਮੰਚ 'ਤੇ ਦੇਖੀਏ, ਤਾਂ ਛਲ-ਕਪਟ ਵਾਲੀ ਸ਼ਬਦਾਵਲੀ ਦੀ ਵਰਤੋਂ ਵਿਸ਼ਵ ਜੰਗਾਂ ਦੌਰਾਨ ਵੀ ਸਾਹਮਣੇ ਆਈ। ਅਮਰੀਕਾ ਨੇ 6 ਅਗਸਤ 1945 ਨੂੰ ਦੂਜੇ ਮਹਾਂ-ਯੁੱਧ ਦੌਰਾਨ ਜਪਾਨ 'ਤੇ 9700 ਪੌਂਡ ਦਾ ਐਟਮੀ ਬੰਬ ਸੁੱਟਦਿਆਂ, ਉਸ ਦਾ ਨਾਂ 'ਲਿਟਲ ਬੁਆਏ' ਭਾਵ 'ਨੰਨਾ ਮੁੰਨਾ' ਰੱਖ ਕੇ ਮਨੁੱਖਤਾ ਨੂੰ ਸ਼ਰਮਸਾਰ ਕੀਤਾ। ਇੱਥੇ ਹੀ ਵੱਸ ਨਹੀਂ, ਤਿੰਨ ਦਿਨਾਂ ਬਾਅਦ ਅਮਰੀਕਾ ਨੇ ਫ਼ਰੇਬ ਦਾ ਸਹਾਰਾ ਲੈ ਕੇ, ਦੂਜੇ ਸ਼ਹਿਰ ਨਾਗਾਸਾਕੀ 'ਤੇ 10,300 ਪੌਂਡ ਦਾ ਨਿਊਕਲੀਅਰ ਬੰਬ ਸੁੱਟਿਆ, ਜਿਸ ਦਾ ਨਾਂ 'ਫੈਟ ਮੈਨ' ਭਾਵ 'ਮੋਟਾ ਬੰਦਾ' ਰੱਖਿਆ। ਇਹਨਾਂ ਬੰਬਾਂ ਨਾਲ ਲੱਖ ਤੋਂ ਵੱਧ ਮਨੁੱਖ, ਜਿੰਨਾਂ 'ਚ ਵੱਡੀ ਗਿਣਤੀ ਬੱਚਿਆਂ ਤੇ ਔਰਤਾਂ ਦੀ ਸੀ, ਖਤਮ ਹੋ ਗਏ।
ਘੱਲੂਘਾਰਿਆਂ ਦੀ ਗੱਲ ਕਰਦਿਆਂ ਫ਼ਰੇਬੀ ਸ਼ਬਦਾਵਲੀ ਦੀ ਸਭ ਤੋਂ ਘਿਨਾਉਣੀ ਮਿਸਾਲ ਨਾਜ਼ੀਵਾਦੀਆਂ ਵੱਲੋਂ ਯਹੂਦੀਆਂ ਦੇ ਘੱਲੂਘਾਰੇ ਨੂੰ 'ਫਾਈਨਲ ਸਲੂਸ਼ਨ' ('ਅੰਤਿਮ ਹੱਲ') ਦਾ ਸੰਕੇਤਕ ਨਾਂ ਦੇਣਾ ਹੈ। ਇਹ ਕਤਲੇਆਮ 1941 ਤੋਂ 1945 ਤੱਕ ਹੋਇਆ, ਜਿਸ ਵਿੱਚ ਲੱਖਾਂ ਯਹੂਦੀਆਂ ਨੂੰ ਅੰਤਾਂ ਦੇ ਤਸ਼ੱਦਦ ਨਾਲ ਮਾਰਿਆ ਗਿਆ। ਇਸ ਦੌਰਾਨ ਇੱਕ ਹੋਰ ਦਿਲ ਕੰਬਾਊ ਸੰਕੇਤਕ ਸ਼ਬਦਾਵਲੀ ਅਨੁਸਾਰ ਨਾਜ਼ੀਆਂ ਵੱਲੋਂ ਯਹੂਦੀਆਂ ਨੂੰ ਗੈਸ ਭੱਠੀਆਂ ਵਿੱਚ ਜਿਉਂਦਿਆਂ ਸਮੂਹਿਕ ਤੌਰ 'ਤੇ ਸਾੜਨ ਨੂੰ 'ਸ਼ਾਵਰ ਬਾਥ' ('ਫੁਹਾਰਾ ਇਸ਼ਨਾਨ') ਕਰਵਾਉਣਾ ਕਹਿਣਾ ਹੈ। ਨਾਜ਼ੀਆਂ ਦੀ ਤਰਜ਼ 'ਤੇ ਹੀ ਹਿਟਲਰ ਦੀ ਪੈਰੋਕਾਰ ਮਨੂਵਾਦੀ ਇੰਡੀਅਨ ਸਟੇਟ ਵੱਲੋਂ ਨੀਲੇ ਨਿਸ਼ਾਨ ਸਾਹਿਬ ਅਤੇ ਨੀਲੀਆਂ ਦਸਤਾਰਾਂ ਵਾਲੇ ਸਿੱਖਾਂ ਨੂੰ ਸਬਕ ਸਿਖਾਉਣ ਲਈ 1 ਜੂਨ 1984 ਤੋਂ 10 ਜੂਨ 1984 ਤੱਕ, ਮਿਲਟਰੀ 'ਆਪਰੇਸ਼ਨ ਬਲੂ ਸਟਾਰ' ('ਸਾਕਾ ਨੀਲਾ ਤਾਰਾ') ਦੇ ਸਰਕਾਰੀ ਨਾਂ ਹੇਠ ਕੀਤਾ ਗਿਆ। ਉਸ ਵੇਲੇ ਦੀ ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਇਹ ਹਮਲਾ ਅਚਨਚੇਤ ਨਹੀਂ, ਬਲਕਿਵਿਰੋਧੀ ਧਿਰਾਂ ਦੀ ਸਮੂਹਿਕ ਸਹਿਮਤੀ ਲੈ ਕੇ, ਬਹੁ-ਗਿਣਤੀ ਨੂੰ ਭਰਮਾਉਣ, ਵੋਟਾਂ ਦੇ ਧਰੁਵੀਕਰਨ, ਐਮਰਜੈਂਸੀ ਦੌਰਾਨ ਸਿੱਖਾਂ ਨੂੰ ਤਿੱਖੇ ਵਿਰੋਧ ਲਈ ਸਬਕ ਸਿਖਾਉਣ ਤੇ ਘੱਟ-ਗਿਣਤੀ ਕੌਮ ਦਾ ਸ਼ਿਕਾਰ ਕਰਨ ਲਈ, ਯੋਜਨਾਬੱਧ ਢੰਗ ਨਾਲ ਕੀਤਾ ਗਿਆ।
ਕੌਮਾਂਤਰੀ ਪੱਧਰ 'ਤੇ ਬਰਤਾਨੀਆ ਅਤੇ ਰੂਸ ਦੀ ਭਾਈਵਾਲੀ ਨਾਲ, ਫੌਜੀ ਹਮਲਾ 'ਸਾਕਾ ਨੀਲਾ ਤਾਰਾ' ਦੇ ਸਰਕਾਰੀ ਨਾਂ ਹੇਠ, ਕੇਵਲ ਦਰਬਾਰ ਸਾਹਿਬ ਅੰਮ੍ਰਿਤਸਰ ਨਹੀਂ, ਬਲਕਿ ਪੰਜਾਬ ਦੇ 37 ਹੋਰ ਗੁਰਦੁਆਰਿਆਂ ਸਮੇਤ, ਸਮੂਹ ਪੰਜਾਬ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਸਿੱਖਾਂ ਨੂੰ ਜ਼ਲੀਲ ਕਰਨ ਲਈ ਛਲ-ਕਪਟ ਦੀ ਸ਼ਬਦਾਵਲੀ ਹੇਠ ਦਰਬਾਰ ਸਾਹਿਬ 'ਤੇ ਹਮਲੇ ਲਈ ਵਰਤੇ ਜਾਂਦੇ ਸਰਕਾਰੀ ਫੌਜੀ ਨਾਂ 'ਅਪਰੇਸ਼ਨ ਬਲੂ ਸਟਾਰ' ਦੇ ਅੱਗੇ ਹੋਰ ਵੀ ਵੱਖਰੇ ਸਰਕਾਰੀ ਸੰਕੇਤਕ ਫੌਜੀ ਨਾਂ ਰੱਖੇ ਗਏ, ਜਿਨਾਂ ਦਾ ਵਰਗੀਕਰਨ ਇਉ ਕੀਤਾ ਗਿਆ ; ਪਹਿਲਾ 'ਆਪਰੇਸ਼ਨ ਮੈਟਲ', ਜਿਸ ਦਾ ਮਕਸਦ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਅਕਾਲ ਤਖਤ ਤੇ ਹੋਰਨਾਂ ਇਮਾਰਤਾਂ ਉੱਪਰ ਹਮਲਾ ਕਰਨਾ ਅਤੇ ਉੱਥੇ ਮੌਜੂਦ ਸਿੱਖਾਂ ਨੂੰ ਖਤਮ ਕਰਨਾ ਸੀ। ਦੂਜਾ 'ਆਪਰੇਸ਼ਨ ਸ਼ਾਪ' ਸੀ, ਜਿਸ ਵਿੱਚ ਦਰਬਾਰ ਸਾਹਿਬ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਗੁਰਦੁਆਰਿਆਂ ਨੂੰ 'ਸ਼ੱਕੀ ਅਸਥਾਨ' ਕਰਾਰ ਦੇ ਕੇ ਨਿਸ਼ਾਨਾ ਬਣਾਉਣਾ ਅਤੇ ਸਿੱਖਾਂ ਦਾ ਕਤਲੇਆਮ ਕਰਨਾ ਸੀ। ਤੀਜਾ ਪੜਾਓ ਸੀ 'ਆਪਰੇਸ਼ਨ ਵੁਡਰੋਜ਼', ਜਿਸ ਵਿੱਚ ਇੰਡੀਅਨ ਆਰਮੀ ਅਤੇ ਨੈਸ਼ਨਲ ਸਿਕਿਉਰਟੀ ਗਾਰਡ ਨੇ, ਮਿਲ ਕੇ 9 ਮਈ 1988 ਨੂੰ 'ਆਪਰੇਸ਼ਨ ਬਲੂ ਸਟਾਰ' ਦੀ ਦੂਜੀ ਕੜੀ ਨੂੰ ਅੱਗੇ ਤੋਰਿਆ ਅਤੇ ਦਰਬਾਰ ਸਾਹਿਬ 'ਤੇ ਮੁੜ ਹਮਲਾ ਕੀਤਾ।
'ਅਪਰੇਸ਼ਨ ਬਲੂ ਸਟਾਰ', 'ਆਪਰੇਸ਼ਨ ਮੈਟਲ', 'ਆਪਰੇਸ਼ਨ ਸ਼ਾਪ', 'ਆਪਰੇਸ਼ਨ ਵੁਡਰੋਜ਼' ਅਤੇ 'ਆਪਰੇਸ਼ਨ ਬਲੈਕ ਥੰਡਰ ਆਦਿ 'ਸਰਕਾਰੀ ਨਾਂ' ਸਿੱਖਾਂ ਦੇ ਜ਼ਖ਼ਮਾਂ ਤੇ ਲੂਣ ਛਿੜਕਣ ਲਈ ਵਰਤੇ ਗਏ। ਅਫ਼ਸੋਸ਼ ਕਿ ਸਿੱਖ ਵਿਦਵਾਨ ਅਤੇ ਸਿੱਖ ਸੰਸਥਾਵਾਂ ਆਪਣੇ ਅਦਾਰਿਆਂ ਵਿੱਚ ਇਹਨਾਂ ਨਾਵਾਂ ਦਾ ਇਸਤੇਮਾਲ ਕਰਕੇ ਬੌਧਿਕ ਅਗਿਆਨਤਾ ਦੀ ਮਿਸਾਲ ਪੇਸ਼ ਕਰਦੀਆਂ ਹਨ, ਜਿਵੇਂ ਕਿ 'ਅਪਰੇਸ਼ਨ ਬਲੂ ਸਟਾਰ ਨੂੰ ਯਾਦ ਕਰਦਿਆਂ', 'ਸਾਕਾ ਨੀਲਾ ਤਾਰਾ ਦੀ 42ਵੀਂ ਵਰੇ-ਗੰਢ 'ਤੇ', 'ਸਾਕਾ ਨੀਲਾ ਤਾਰਾ ਤੋਂ ਬਾਅਦ' ਆਦਿ ਸ਼ਬਦ ਗੁਰਦੁਆਰਿਆਂ ਅਤੇ ਮੀਡੀਆ ਅਦਾਰਿਆਂ ਰਾਹੀਂ ਵਰਤੇ ਜਾ ਰਹੇ ਹਨ। ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਕਿਰਪਾਲ ਸਿੰਘ ਦੀ ਕਿਤਾਬ 'ਅੱਖੀਂ ਡਿੱਠਾ ਸਾਕਾ ਨੀਲਾ ਤਾਰਾ' ਅਤੇ ਕਈ ਹੋਰ ਸਿੱਖ ਇਤਿਹਾਸਕਾਰਾਂ ਦੀਆਂ ਅਜਿਹੀਆਂ ਲਿਖਤਾਂ ਇਸ ਦੀ ਪ੍ਰਤੱਖ ਮਿਸਾਲ ਹਨ। ਵਿਦਵਾਨ ਡਾ. ਸਿਕੰਦਰ ਸਿੰਘ ਦਾ ਕਥਨ ਹੈ ਕਿ ਸ਼ਬਦ ਜੰਗ ਹੁੰਦੀ ਇਹ ਹੈ ਕਿ ਸੱਤਾ ਵੱਲੋਂ ਆਪਣੇ ਵਿਰੋਧੀ ਦੀ ਧਰਤੀ ਨੂੰ, ਧਰਮ ਨੂੰ, ਕਿੱਤੇ ਨੂੰ, ਦੇਹ ਨੂੰ, ਇਤਿਹਾਸ ਨੂੰ, ਬੋਲੀ ਨੂੰ, ਸੱਭਿਆਚਾਰ ਨੂੰ, ਸਭ ਨੂੰ ਹੀਣਾ ਅਤੇ ਨੀਵਾਂ ਕਰ ਦੇਣਾ, ਉਹਨਾਂ ਦੇ ਅੱਖਰਾਂ ਤੱਕ ਘਟਾ ਦੇਣਾ। 42 ਸਾਲ ਪਹਿਲਾਂ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਮੇਤ ਪੰਜਾਬ ਉੱਪਰ ਭਾਰਤੀ ਸਟੇਟ ਦਾ ਫੌਜੀ ਹਮਲਾ ਸਿੱਖੀ ਨੂੰ, ਪੰਜਾਬੀਆਂ ਨੂੰ, ਪੰਜਾਬੀ ਬੋਲੀ ਨੂੰ, ਸੱਭਿਆਚਾਰ ਨੂੰ ਅਤੇ ਇਤਿਹਾਸ ਨੂੰ ਖਤਮ ਕਰਨ ਦਾ ਖ਼ੂਨੀ ਵਰਤਾਰਾ ਸੀ, ਜਿਸ ਨੂੰ 'ਅਪਰੇਸ਼ਨ ਬਲੂ ਸਟਾਰ' ਕਹਿ ਕੇ, ਸੰਸਾਰ ਭਰ ਵਿੱਚ, ਸਿੱਖਾਂ ਨੂੰ ਭੰਡਿਆ ਗਿਆ।
ਪੰਜਵੇਂ ਗੁਰੂ ਨਾਨਕ ਸਾਹਿਬ, ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ 'ਤੇ ਮਿਥ ਕੇ ਕੀਤੇ ਗਏ ਇਸ ਫੌਜੀ ਹਮਲੇ ਨੇ, ਸਿੱਖ ਨਸਲਕੁਸ਼ੀ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਪੰਜਾਬ ਅੱਜ ਵੀ ਜੂਝ ਰਿਹਾ ਹੈ। ਦਿੱਲੀ ਸਮੇਤ ਭਾਰਤ ਦੇ ਕੋਨੇ-ਕੋਨੇ ਵਿੱਚ ਨਵੰਬਰ 84 ਨੂੰ ਹਜ਼ਾਰਾਂ ਸਿੱਖਾਂ ਦੀ ਨਸਲਕੁਸ਼ੀ ਭਾਰਤੀ ਫੌਜੀ ਹਮਲੇ ਦਾ ਹੀ ਅਗਲਾ ਪੜਾਓ ਸੀ। ਸਿੱਖ ਬਿਰਤਾਂਤ ਅਨੁਸਾਰ ਦਰਬਾਰ ਸਾਹਿਬ 'ਤੇ ਫੌਜੀ ਹਮਲੇ ਨੂੰ ਸਿੱਖਾਂ ਦਾ ਤੀਜਾ ਘੱਲੂਘਾਰਾ ਹੀ ਕਹਿਣਾ ਉਚਿਤ ਹੈ। ਇਸ ਬਿਰਤਾਂਤ ਨੂੰ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ 'ਝਨਾਂ ਦੀ ਰਾਤ' ਵਿੱਚ ਢੁਕਵੀਂ ਸ਼ਬਦਾਵਲੀ ਰਾਹੀਂ ਪੇਸ਼ ਕਰਦੇ ਬਿਆਨ ਕਰਦੇ ਹਨ ;
"ਕਟਕ ਅਕ੍ਰਿਤਘਣਾਂ ਦੇ ਧਮਕੇ ਹਰਿਮੰਦਰ ਦੇ ਬੂਹੇ
ਮੀਆਂ ਮੀਰ ਦਾ ਖ਼ੂਨ ਵੀਟ ਕੇ ਕਰੇ ਸਰੋਵਰ ਸੂਹੇ
ਦੂਰ ਸਮੇਂ ਦੇ ਗਰਭ 'ਚ ਸੁੱਤੇ ਬੀਜ ਮਾਸੂਮ ਵਣਾਂ ਦੇ,
ਲੂਣ-ਹਰਾਮ ਦੀ ਨਜ਼ਰ ਪੈਂਦਿਆਂ ਗਏ ਪਲਾਂ ਵਿਚ ਲੂਹੇ
ਨਾਰ ਸਰਾਲ ਸਰਕਦਾ ਘੇਰਾ ਹਰਿਮੰਦਰ ਨੂੰ ਪਾਇਆ
ਰਿਜ਼ਕ ਫ਼ਕੀਰਾਂ ਵਾਲਾ ਸੁੱਚਾ ਆ ਤਕਦੀਰ ਜਲਾਇਆ
ਬੁੱਤ-ਪੂਜਾਂ ਦੇ ਸੀਨੇ ਦੇ ਵਿਚ ਫੱਫੇਕੁੱਟਨੀ ਸੁੱਤੀ,
ਜਿਸ ਦੀ ਵਿਸ ਨੂੰ ਭਸਮ ਕਰਨ ਲਈ ਤੀਰ ਬੇਅੰਤ ਦਾ ਆਇਆ
ਘਾਇਲ ਹੋਏ ਹਰਿਮੰਦਰ ਕੋਲੇ ਕਿੜਾਂ ਬੇਅੰਤ ਨੂੰ ਪਈਆਂ
ਤੱਤੀ ਤਵੀ ਦੇ ਵਾਂਗ ਦੁਪਹਿਰਾਂ ਨਾਲ਼ ਨਾਲ਼ ਬਲ ਰਹੀਆਂ
ਮੀਆਂ ਮੀਰ ਦੇ ਸੁਪਨੇ ਦੇ ਵਿੱਚ ਵਗੇ ਵਗੇ ਪਈ ਰਾਵੀ,
ਵਹਿਣ 'ਚ ਹੱਥ ਉਠੇ, ਸਭ ਲਹਿਰਾਂ ਉਲਰ ਬੇਅੰਤ ਤੇ ਪਈਆਂ"
ਜੂਨ 84 ਵਿੱਚ ਦਰਬਾਰ ਸਾਹਿਬ ਦੇ ਫੌਜੀ ਹਮਲੇ ਦਾ 42ਵਾਂ ਸ਼ਹੀਦੀ ਸਾਲ ਚੇਤੇ ਕਰਦਿਆਂ, ਅੱਜ ਤੋਂ ਇਹ ਪ੍ਰਣ ਕਰਨਾ ਬਣਦਾ ਹੈ ਕਿ ਜਾਣੇ-ਅਣਜਾਣੇ ਵਿੱਚ ਸਟੇਟ ਦੇ ਬਿਰਤਾਂਤ ਅਤੇ ਕਪਟੀ ਸ਼ਬਦਾਵਲੀ ਆਪਰੇਸ਼ਨ ਬਲੂ ਸਟਾਰ (ਸਾਕਾ ਨੀਲਾ ਤਾਰਾ) ਨੂੰ ਆਪਣੇ ਬਿਰਤਾਂਤ ਬਿਆਨ ਕਰਨ ਲਈ ਨਾ ਵਰਤਿਆ ਜਾਵੇ। ਹਾਂ, ਜਿੱਥੇ ਸਰਕਾਰੀ ਜਬਰ ਅਤੇ ਫ਼ੌਜ ਦੇ ਕਹਿਰ ਨੂੰ ਦੱਸਣਾ ਹੋਵੇ, ਉਥੇ ਭਾਰਤ ਸਰਕਾਰ ਦੇ ਛਲ-ਕਪਟੀ ਸ਼ਬਦਾਂ ਦੇ ਰੂਪ ਵਿੱਚ, ਇਸ ਨੂੰ ਜ਼ਾਲਮਾਨਾ ਕਾਰਵਾਈ ਵਜੋਂ ਬਿਆਨ ਕਰਨਾ ਠੀਕ ਹੋਏਗਾ। ਇਸ ਤੋਂ ਇਲਾਵਾ ਇਹ ਗੱਲ ਵੀ ਗ਼ੌਰ ਕਰਨ ਵਾਲੀ ਹੈ ਕਿ ਜੂਨ 84 ਦਾ ਤੀਜਾ ਸ਼ਹੀਦੀ ਘੱਲੂਘਾਰਾ, ਸਿੱਖ ਕੌਮ ਲਈ ਇੱਕ ਯੁਗ ਪਲਟਾਊ ਵਰਤਾਰਾ ਹੈ, ਜਿਸ ਨੇ ਦੇਸ਼ ਵਿਦੇਸ਼ ਵਿੱਚ ਲੱਖਾਂ ਸਿੱਖਾਂ ਦਾ ਜੀਵਨ ਬਦਲ ਦਿੱਤਾ। ਅਜਿਹੇ ਜੀਵਨ ਪਲਟਾਊ ਬਿਰਤਾਂਤ ਨੂੰ ਡਾ. ਹਰਭਜਨ ਸਿੰਘ ਨੇ ਭਾਵਪੂਰਤ ਸ਼ਬਦਾਂ ਰਾਹੀਂ ਬਿਆਨ ਕੀਤਾ ਹੈ ;
"ਦਿੱਲੀ ਨੇ ਜਦ ਅੰਮ੍ਰਿਤਸਰ 'ਤੇ ਜਮ ਕਰ ਮੁਗ਼ਲ ਚੜ੍ਹਾਇਆ
ਹੈਵਰ ਗੈਵਰ ਤੋਂ ਵੀ ਤਕੜਾ ਜਦ ਲੌਹੇਯਾਨ ਦੁੜਾਇਆ
ਫੌਜਾਂ ਨੇ ਜਦ ਸੋਨਕਲਸ਼ 'ਤੇ ਤੁਪਕ ਤਾਨ ਚਲਾਇਆ
ਖਖੜੀ ਖਖੜੀ ਹੋ ਕੇ ਡਿੱਗਾ ਜਦ ਮੇਰੇ ਸਿਰ ਦਾ ਸਾਇਆ
ਸੱਚਾ ਤਖ਼ਤ ਜਿਨ੍ਹੇ ਸੀ ਢਾਇਆ ਉਸੇ ਜਦੋਂ ਬਣਾਇਆ
ਤਾਂ ਅਪਰਾਧੀ ਦੂਣਾ ਨਿਵਦਾ ਮੈਨੂੰ ਨਜ਼ਰੀਂ ਆਇਆ
ਸਤਿਗੁਰ ਇਹ ਕੀ ਕਲਾ ਵਿਖਾਈ, ਤੂੰ ਕੀ ਭਾਣਾ ਵਰਤਾਇਆ
'ਮੈਂ ਪਾਪੀ ਦੀ ਸੋਧ ਲਈ ਤੂੰ' ਆਪਣਾ ਘਰ ਢਠਾਇਆ
ਮੈਂ ਰੱਬ ਨੂੰ ਬਹੁਤ ਧਿਆਇਆ"
ਡਾ. ਗੁਰਵਿੰਦਰ ਸਿੰਘ
604 825 1550