ਹਰਿਆਣਾ ’ਚ ਸਿਖਲਾਈ ਦੌਰਾਨ ਕਿਸ਼ਤੀ ਪਲਟੀ, ਫੌਜ ਦੇ ਦੋ ਜਵਾਨ ਲਾਪਤਾ
Two Indian Army Special Forces soldiers went missing during a training exercise near Hathnikund Barrage in Yamunanagar, Haryana, after their motorboat developed a technical problem and began sinking. The soldiers jumped into the Yamuna River, but its strong current swept some of them away. Two soldiers were rescued, while two remain missing. Haryana and Uttar Pradesh SDRF teams, along with an Indian Air Force helicopter, are conducting a search operation.
ਯਮੁਨਾਨਗਰ-ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਵਿੱਚ ਹਥਨੀਕੁੰਡ ਬੈਰਾਜ ਨੇੜੇ ਮੰਗਲਵਾਰ ਨੂੰ ਸਿਖਲਾਈ ਅਭਿਆਸ ਦੌਰਾਨ ਭਾਰਤੀ ਫੌਜ ਦੇ ਦੋ ਵਿਸ਼ੇਸ਼ ਬਲਾਂ ਦੇ ਜਵਾਨ ਯਮੁਨਾ ਦਰਿਆ ਵਿੱਚ ਲਾਪਤਾ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਿਖਲਾਈ ਲਈ ਵਰਤੀ ਜਾ ਰਹੀ ਮੋਟਰਬੋਟ ਅਚਾਨਕ ਤਕਨੀਕੀ ਖਰਾਬੀ ਕਾਰਨ ਡੁੱਬਣ ਲੱਗੀ।ਜਾਣਕਾਰੀ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਨਾਹਨ ਵਿੱਚ ਤਾਇਨਾਤ 1 ਪੈਰਾ ਬਟਾਲੀਅਨ (ਸਪੈਸ਼ਲ ਫੋਰਸਿਜ਼) ਦੇ ਜਵਾਨ ਹਥਨੀਕੁੰਡ ਬੈਰਾਜ ਵਿਖੇ ਸਿਖਲਾਈ ਅਭਿਆਸ ਲਈ ਪਹੁੰਚੇ ਹੋਏ ਸਨ।
ਕਿਸ਼ਤੀ ਵਿੱਚ ਸਵਾਰ ਸਾਰੇ ਜਵਾਨਾਂ ਨੇ ਸੁਰੱਖਿਆ ਲਈ ਲਾਈਫ ਜੈਕਟਾਂ ਪਹਿਨੀਆਂ ਹੋਈਆਂ ਸਨ। ਕਿਸ਼ਤੀ ਡੁੱਬਣ ਲੱਗੀ ਤਾਂ ਜਵਾਨਾਂ ਨੇ ਪਾਣੀ ਵਿੱਚ ਛਾਲ ਮਾਰ ਦਿੱਤੀ। ਯਮੁਨਾ ਦੇ ਤੇਜ਼ ਵਹਾਅ ਕਾਰਨ ਕੁਝ ਜਵਾਨ ਵਹਿ ਗਏ।
ਅਧਿਕਾਰੀਆਂ ਮੁਤਾਬਕ ਦੋ ਜਵਾਨ ਤੈਰ ਕੇ ਸੁਰੱਖਿਅਤ ਬਾਹਰ ਆਉਣ ਵਿੱਚ ਕਾਮਯਾਬ ਰਹੇ, ਜਦਕਿ ਦੋ ਹੋਰ ਜਵਾਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ।ਪ੍ਰਤਾਪ ਨਗਰ ਥਾਣੇ ਦੇ ਐੱਸਐੱਚਓ ਰੋਤਾਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਹਾਦਸੇ ਦੀ ਸੂਚਨਾ ਸ਼ਾਮ ਕਰੀਬ 6 ਵਜੇ ਮਿਲੀ। ਇਸ ਤੋਂ ਬਾਅਦ ਲਾਪਤਾ ਜਵਾਨਾਂ ਦੀ ਭਾਲ ਲਈ ਤੁਰੰਤ ਰਾਹਤ ਅਤੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਗਈ।ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸਡੀਆਰਐੱਫ) ਦੀਆਂ ਟੀਮਾਂ ਵੱਲੋਂ ਯਮੁਨਾ ਦਰਿਆ ਵਿੱਚ ਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ।ਇਸ ਤੋਂ ਇਲਾਵਾ ਲਾਪਤਾ ਜਵਾਨਾਂ ਨੂੰ ਲੱਭਣ ਲਈ ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰ ਵੀ ਤਾਇਨਾਤ ਕੀਤੇ ਗਏ ਹਨ ਅਤੇ ਦਰਿਆ ਦੇ ਹੇਠਲੇ ਵਹਾਅ ਵਾਲੇ ਇਲਾਕਿਆਂ ਵਿੱਚ ਭਾਲ ਜਾਰੀ ਹੈ।ਹਾਦਸੇ ਸਬੰਧੀ ਭਾਰਤੀ ਫੌਜ ਵੱਲੋਂ ਖ਼ਬਰ ਲਿਖੇ ਜਾਣ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਸੀ।
















