ਤੇਲ ਰੇਤ ਖਾਣਾਂ ਦੇ ਗੰਦੇ ਪਾਣੀ ਦੇ ਪ੍ਰਬੰਧ ਲਈ ਅਲਬਰਟਾ ਸਰਕਾਰ ਦੀ ਨਵੀਂ ਪਹਿਲ

ਤੇਲ ਰੇਤ ਖਾਣਾਂ ਦੇ ਗੰਦੇ ਪਾਣੀ ਦੇ ਪ੍ਰਬੰਧ ਲਈ ਅਲਬਰਟਾ ਸਰਕਾਰ ਦੀ ਨਵੀਂ ਪਹਿਲ

ਐਡਮੰਟਨ-ਅਲਬਰਟਾ ਸਰਕਾਰ ਨੇ ਤੇਲ ਰੇਤ (ਓਇਲਸੈਂਡਸ) ਖਾਣਾਂ ਵਿੱਚ ਇਕੱਠੇ ਹੋ ਰਹੇ ਗੰਦੇ ਪਾਣੀ ਅਤੇ ਟੇਲਿੰਗਜ਼ ਦੇ ਲੰਬੇ ਸਮੇਂ ਦੇ ਪ੍ਰਬੰਧ ਲਈ ਅਗਲਾ ਕਦਮ ਚੁੱਕਣ ਦਾ ਐਲਾਨ ਕੀਤਾ ਹੈ।ਸਰਕਾਰ ਵੱਲੋਂ 2026 ਦੌਰਾਨ ਵੱਖ-ਵੱਖ ਪੱਖਾਂ ਨਾਲ ਸਲਾਹ-ਮਸ਼ਵਰਾ ਸ਼ੁਰੂ ਕੀਤਾ ਜਾਵੇਗਾ, ਤਾਂ ਜੋ ਪਾਣੀ ਦੇ ਸੁਰੱਖਿਅਤ ਪ੍ਰਬੰਧ, ਵਾਤਾਵਰਣ ਦੀ ਰੱਖਿਆ ਅਤੇ ਭਵਿੱਖ ਲਈ ਟਿਕਾਊ ਨੀਤੀਆਂ ਤਿਆਰ ਕੀਤੀਆਂ ਜਾ ਸਕਣ। ਇਹ ਕਾਰਵਾਈ 2025 ਵਿੱਚ ਆਇਲ ਸੈਂਡਸ ਮਾਈਨ ਵਾਟਰ ਸਟੀਅਰਿੰਗ ਕਮੇਟੀ ਵੱਲੋਂ ਦਿੱਤੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਕੀਤੀ ਜਾ ਰਹੀ ਹੈ।

ਇਸ ਪ੍ਰਕਿਰਿਆ ਵਿੱਚ ਆਦਿਵਾਸੀ ਭਾਈਚਾਰੇ, ਉਦਯੋਗਿਕ ਕੰਪਨੀਆਂ, ਵਾਤਾਵਰਣ ਸੰਸਥਾਵਾਂ ਅਤੇ ਫੈਡਰਲ ਸਰਕਾਰ ਦੇ ਭਾਗੀਦਾਰਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ।ਵਾਤਾਵਰਣ ਮੰਤਰੀ ਗ੍ਰਾਂਟ ਹੰਟਰ ਨੇ ਕਿਹਾ ਕਿ ਅਲਬਰਟਾ ਸਰਕਾਰ ਲੋਕਾਂ ਅਤੇ ਵਾਤਾਵਰਣ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਗਿਆਨ ਅਧਾਰਿਤ ਹੱਲ ਲੱਭਣ ਲਈ ਵਚਨਬੱਧ ਹੈ।

ਸਰਕਾਰ ਮੁਤਾਬਕ ਓਇਲਸੈਂਡਸ ਉਦਯੋਗ ਨੇ ਤਾਜ਼ੇ ਪਾਣੀ ਦੀ ਵਰਤੋਂ ਘਟਾਉਣ ਅਤੇ ਵਿਗਿਆਨ ਅਧਾਰਿਤ ਰੀਕਲੇਮੇਸ਼ਨ ਵਿੱਚ ਤਰੱਕੀ ਕੀਤੀ ਹੈ, ਪਰ ਟੇਲਿੰਗਜ਼ ਪੋਂਡਾਂ ਵਿੱਚ ਅਜੇ ਵੀ ਅਰਬਾਂ ਲੀਟਰ ਗੰਦਾ ਪਾਣੀ ਮੌਜੂਦ ਹੈ ਅਤੇ ਕਈ ਖਾਣਾਂ ਦੀ ਸਟੋਰੇਜ ਸਮਰੱਥਾ ਆਪਣੀ ਹੱਦ ਦੇ ਨੇੜੇ ਪਹੁੰਚ ਰਹੀ ਹੈ।ਅਲਬਰਟਾ ਸਰਕਾਰ ਦਾ ਕਹਿਣਾ ਹੈ ਕਿ ਇਹ ਯਤਨ ਉਦਯੋਗ, ਆਦਿਵਾਸੀ ਭਾਈਚਾਰਿਆਂ ਅਤੇ ਹੋਰ ਭਾਗੀਦਾਰਾਂ ਨਾਲ ਮਿਲ ਕੇ ਲੰਬੇ ਸਮੇਂ ਲਈ ਸੁਰੱਖਿਅਤ ਅਤੇ ਵਿਗਿਆਨ ਅਧਾਰਿਤ ਹੱਲ ਤਿਆਰ ਕਰਨ ਵੱਲ ਮਹੱਤਵਪੂਰਨ ਕਦਮ ਹੈ।