ਕੱਲ੍ਹ ਤੋਂ ਸੂਬੇ ਦੇ ਕਈ ਹਿੱਸਿਆਂ ’ਚ ਬਾਰਸ਼ ਹੋਣ ਦੀ ਸੰਭਾਵਨਾ

ਕੱਲ੍ਹ ਤੋਂ ਸੂਬੇ ਦੇ ਕਈ ਹਿੱਸਿਆਂ ’ਚ ਬਾਰਸ਼ ਹੋਣ ਦੀ ਸੰਭਾਵਨਾ

ਚੰਡੀਗੜ੍ਹ-ਪੰਜਾਬ ਵਿੱਚ ਪੈ ਰਹੀ ਕਹਿਰ ਦੀ ਗਰਮੀ ਤੋਂ ਬਾਅਦ ਪੰਜਾਬੀਆਂ ਨੂੰ ਕੱਲ੍ਹ ਤੋਂ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ। ਜਾਣਕਾਰੀ ਮੁਤਾਬਕ ਮੌਸਮ ਵਿਭਾਗ ਅਨੁਸਾਰ 14 ਤੇ 15 ਜੂਨ ਨੂੰ ਕੁਝ ਥਾਵਾਂ ’ਤੇ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਪੰਜਾਬ ਦੀਆਂ ਵੱਖ-ਵੱਖ ਥਾਵਾਂ ’ਤੇ 18 ਜੂਨ ਤੱਕ ਗਰਜ, ਬਿਜਲੀ ਚਮਕਣ, ਝੱਖੜ ਦੇ ਨਾਲ ਹੀ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਇਸ ਤੋਂ ਬਾਅਦ ਮੀਂਹ ਪੈਣ ਦੀ ਸੰਭਾਵਨਾ ਹੈ। ਕੇਂਦਰੀ ਮੌਸਮ ਵਿਭਾਗ ਮੁਤਾਬਕ ਅਗਲੇ ਹਫ਼ਤੇ ਦੇ ਅੰਦਰ-ਅੰਦਰ ਮਾਨਸੂਨ ਪੱਛਮੀ ਬੰਗਾਲ, ਓਡੀਸ਼ਾ, ਬਿਹਾਰ, ਝਾਰਖੰਡ ਤੇ ਪੂਰਬੀ ਉੱਤਰ ਪ੍ਰਦੇਸ਼ ਪਹੁੰਚ ਜਾਵੇਗੀ। ਮੌਨਸੂਨ 20 ਜੂਨ ਤੱਕ ਪੂਰਬੀ ਭਾਰਤ ਪਹੁੰਚ ਜਾਵੇਗੀ। ਇਸ ਤੋਂ ਬਾਅਦ ਇਹ ਉੱਤਰ-ਪੱਛਮ ਵੱਲ ਵਧੇਗੀ ਤੇ 19 ਤੋਂ 25 ਜੂਨ ਤੱਕ ਹਰਿਆਣਾ, ਪੰਜਾਬ ਤੇ ਦਿੱਲੀ ਵਿੱਚ ਮੀਂਹ ਪਵੇਗਾ। ਹਾਲਾਂਕਿ, ਦਿੱਲੀ ਵਿੱਚ ਮਾਨਸੂਨ ਦੀ ਆਮਦ ਪਹਿਲਾਂ ਹੀ ਮਹਿਸੂਸ ਹੋਣੀ ਸ਼ੁਰੂ ਹੋ ਗਈ ਹੈ।  ਮੌਸਮ ਵਿਭਾਗ ਮੁਤਾਬਕ ਲਗਪਗ 10 ਦਿਨਾਂ ਦੇ ਬ੍ਰੇਕ ਤੋਂ ਬਾਅਦ ਦੱਖਣੀ ਭਾਰਤ ਵਿੱਚ ਮਾਨਸੂਨ ਨੇ ਇੱਕ ਵਾਰ ਫਿਰ ਆਪਣੀ ਰਫ਼ਤਾਰ ਫੜ ਲਈ ਹੈ। ਬੁੱਧਵਾਰ ਤੋਂ ਕੇਰਲ, ਤਾਮਿਲਨਾਡੂ, ਕਰਨਾਟਕ, ਕੋਂਕਣ ਤੇ ਮਹਾਰਾਸ਼ਟਰ ਦੇ ਕਈ ਹਿੱਸਿਆਂ ਵਿੱਚ ਭਾਰੀ ਬਾਰਸ਼ ਹੋ ਰਹੀ ਹੈ। ਮਾਨਸੂਨ ਪਹਿਲਾਂ ਹੀ ਇਨ੍ਹਾਂ ਥਾਵਾਂ ’ਤੇ ਪਹੁੰਚ ਚੁੱਕੀ ਹੈ। ਹੁਣ ਮਾਨਸੂਨ ਉੱਤਰੀ ਭਾਰਤ ਵਿੱਚ ਦਾਖਲ ਹੋਣ ਜਾ ਰਹੀ ਹੈ। ਉਧਰ, ਪੰਜਾਬ ਵਿੱਚ ਮੌਸਮ ਵਿਭਾਗ ਨੇ ਅੱਜ ਵੀ ਹੀਟਵੇਵ (ਲੂ) ਸਬੰਧੀ ਰੈੱਡ ਅਲਰਟ ਜਾਰੀ ਕੀਤਾ ਹੈ। ਅੱਜ ਤੋਂ ਇੱਕ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ, ਜਿਸ ਨਾਲ ਮੌਸਮ ਵਿੱਚ ਕੁਝ ਬਦਲਾਅ ਆ ਸਕਦਾ ਹੈ। ਭਿਆਨਕ ਗਰਮੀ ਦੇ ਵਿਚਕਾਰ ਸੂਬੇ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਜਿਸ ਅਨੁਸਾਰ ਮੌਸਮ ਦੀ ਭਵਿੱਖਬਾਣੀ ਜਾਰੀ ਕੀਤੀ ਗਈ ਹੈ।