ਕੈਲਗਰੀ ’ਚ ਬੇਸਮੈਂਟ ਸੂਟ ਬਣਾਉਣ ਦੇ ਨਿਯਮ ਆਸਾਨ, ਘਰ ਮਾਲਕਾਂ ਨੂੰ ਰਾਹਤ
ਕੈਲਗਰੀ: ਕੈਲਗਰੀ ਸਿਟੀ ਕੌਂਸਲ ਵੱਲੋਂ ਬੇਸਮੈਂਟ ਸੂਟ ਨਾਲ ਸਬੰਧਤ ਨਿਯਮਾਂ ਵਿੱਚ ਤਬਦੀਲੀ ਕਰਨ ਤੋਂ ਬਾਅਦ ਘਰ ਮਾਲਕਾਂ ਲਈ ਸੂਟ ਬਣਾਉਣਾ ਹੁਣ ਆਸਾਨ ਹੋ ਗਿਆ ਹੈ। 4 ਅਗਸਤ ਤੋਂ ਬੇਸਮੈਂਟ ਸੂਟ ਨੂੰ ‘ਡਿਸਕ੍ਰੇਸ਼ਨਰੀ ਯੂਜ਼’ ਦੀ ਥਾਂ ‘ਪਰਮਿਟਡ ਯੂਜ਼’ ਕਰ ਦਿੱਤਾ ਗਿਆ ਹੈ।ਨਵੇਂ ਨਿਯਮ ਤਹਿਤ ਜੇਕਰ ਜਾਇਦਾਦ ਜ਼ੋਨਿੰਗ, ਬਿਲਡਿੰਗ, ਫਾਇਰ ਅਤੇ ਸੇਫਟੀ ਦੀਆਂ ਲੋੜਾਂ ਪੂਰੀਆਂ ਕਰਦੀ ਹੈ ਤਾਂ ਅਰਜ਼ੀ ਨੂੰ ਮਨਜ਼ੂਰੀ ਮਿਲ ਸਕਦੀ ਹੈ। ਪਹਿਲਾਂ ਹਰ ਅਰਜ਼ੀ ਦੀ ਵੱਖਰੇ ਤੌਰ ’ਤੇ ਸਮੀਖਿਆ ਹੁੰਦੀ ਸੀ ਅਤੇ ਸਿਟੀ ਕੋਲ ਇਸ ਨੂੰ ਮਨਜ਼ੂਰ ਜਾਂ ਰੱਦ ਕਰਨ ਦਾ ਅਧਿਕਾਰ ਸੀ।
ਕੌਂਸਲ ਮੁਤਾਬਕ ਬੇਸਮੈਂਟ ਸੂਟ ਵਧਣ ਨਾਲ ਕਿਰਾਏ ਲਈ ਹੋਰ ਰਿਹਾਇਸ਼ ਉਪਲਬਧ ਹੋਵੇਗੀ ਅਤੇ ਕਿਰਾਏਦਾਰਾਂ ਨੂੰ ਵਧੇਰੇ ਵਿਕਲਪ ਮਿਲਣਗੇ। ਦੂਜੇ ਪਾਸੇ ਘਰ ਮਾਲਕ ਸੂਟ ਕਿਰਾਏ ’ਤੇ ਦੇ ਕੇ ਆਪਣੇ ਮੌਰਗੇਜ, ਯੂਟਿਲਿਟੀ ਜਾਂ ਪ੍ਰਾਪਰਟੀ ਟੈਕਸ ਦੇ ਖਰਚੇ ਘਟਾ ਸਕਦੇ ਹਨ।ਮੇਅਰ ਜੇਰੋਮੀ ਫਾਰਕਸ ਨੇ ਕਿਹਾ ਕਿ ਬੇਸਮੈਂਟ ਸੂਟ ਘਰਾਂ ਦੀ ਸਪਲਾਈ ਵਧਾਉਣ ਦਾ ਤੇਜ਼ ਅਤੇ ਘੱਟ ਖਰਚ ਵਾਲਾ ਤਰੀਕਾ ਹੈ, ਕਿਉਂਕਿ ਇਸ ਲਈ ਮੌਜੂਦਾ ਜ਼ਮੀਨ ਅਤੇ ਬੁਨਿਆਦੀ ਢਾਂਚੇ ਦੀ ਵਰਤੋਂ ਕੀਤੀ ਜਾਂਦੀ ਹੈ।
ਹਾਲਾਂਕਿ, ਬੈਕਯਾਰਡ ਅਤੇ ਲੇਨਵੇ ਸੂਟਾਂ ਲਈ ਡਿਸਕ੍ਰੇਸ਼ਨਰੀ ਪ੍ਰਕਿਰਿਆ ਜਾਰੀ ਰਹੇਗੀ, ਕਿਉਂਕਿ ਇਨ੍ਹਾਂ ਦਾ ਆਲੇ-ਦੁਆਲੇ ਦੇ ਇਲਾਕਿਆਂ ’ਤੇ ਵਧੇਰੇ ਪ੍ਰਭਾਵ ਪੈ ਸਕਦਾ ਹੈ।ਫਾਰਕਸ ਮੁਤਾਬਕ ਕੈਲਗਰੀ ਵਿੱਚ ਹਾਊਸਿੰਗ ਅਫੋਰਡੇਬਿਲਟੀ ਦੀ ਸਮੱਸਿਆ ਦਾ ਕੋਈ ਇੱਕ ਹੱਲ ਨਹੀਂ, ਪਰ ਸੈਕੰਡਰੀ ਸੂਟਾਂ ਤੋਂ ਬਿਨਾਂ ਇਸ ਸਮੱਸਿਆ ਨੂੰ ਹੱਲ ਕਰਨਾ ਮੁਸ਼ਕਲ ਹੋਵੇਗਾ।
















