ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਵੱਡੀ ਕਾਰਵਾਈ, ਲਗਭਗ 1000 ਕਿੱਲੋ ਕੋਕੀਨ ਬਰਾਮਦ

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਵੱਡੀ ਕਾਰਵਾਈ, ਲਗਭਗ 1000 ਕਿੱਲੋ ਕੋਕੀਨ ਬਰਾਮਦ

ਅਲਬਰਟਾ-Canada Border Services Agency (ਸੀਬੀਐਸਏ) ਵੱਲੋਂ ਸਰਹੱਦੀ ਚੌਕੀ ‘ਤੇ ਕੀਤੀ ਗਈ ਕਾਰਵਾਈ ਦੌਰਾਨ ਕੋਕੀਨ ਨਾਲ ਭਰੇ ਟਰੱਕ ਕਾਬੂ ਕਰਕੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਇਸ ਮਾਮਲੇ ਵਿੱਚ ਤਿੰਨ ਟਰੱਕ ਡਰਾਈਵਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਹਨ।

ਏਜੰਸੀ ਦੇ ਅਧਿਕਾਰੀਆਂ ਅਨੁਸਾਰ ਪਿਛਲੇ ਸਾਲ ਦੇ ਅਖੀਰ ਵਿੱਚ Coutts ਰਾਹੀਂ ਕੈਨੇਡਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਤਿੰਨ ਕਮਰਸ਼ੀਅਲ ਟਰੱਕਾਂ ਦੀ ਜਾਂਚ ਕੀਤੀ ਗਈ ਸੀ।

26 ਨਵੰਬਰ 2025 ਨੂੰ ਪਹਿਲੇ ਮਾਮਲੇ ਵਿੱਚ ਇਲੈਕਟ੍ਰੋਲਾਈਟ ਪੇਅ ਪਦਾਰਥਾਂ ਨਾਲ ਲੱਦਿਆ ਟਰੱਕ Calgary ਵੱਲ ਜਾ ਰਿਹਾ ਸੀ। ਸੂਹੀਆ ਕੁੱਤਿਆਂ ਦੀ ਮਦਦ ਨਾਲ ਤਲਾਸ਼ੀ ਦੌਰਾਨ ਟਰੱਕ ਵਿੱਚੋਂ 461 ਕਿੱਲੋ ਕੋਕੀਨ ਅਤੇ 43 ਕਿੱਲੋ ਹੈਰੋਈਨ ਬਰਾਮਦ ਹੋਈ।

ਇਸ ਤੋਂ ਇੱਕ ਹਫ਼ਤਾ ਬਾਅਦ 2 ਦਸੰਬਰ 2025 ਨੂੰ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਖਾਲੀ ਟਰੱਕ ਦੀ ਤਲਾਸ਼ੀ ਦੌਰਾਨ 300 ਕਿੱਲੋ ਕੋਕੀਨ ਅਤੇ 400 ਗ੍ਰਾਮ ਸ਼ੱਕੀ ਡੋਡੇ ਬਰਾਮਦ ਕੀਤੇ ਗਏ।

18 ਦਸੰਬਰ ਨੂੰ ਵੈਕਿਊਮ ਦੇ ਪੁਰਜ਼ੇ ਲਿਜਾ ਰਹੇ ਇੱਕ ਹੋਰ ਟਰੱਕ ਦੀ ਜਾਂਚ ਦੌਰਾਨ 206 ਕਿੱਲੋਗ੍ਰਾਮ ਮੈਥਾਮਫੈਟਾਮਾਈਨ ਵੀ ਬਰਾਮਦ ਕੀਤੀ ਗਈ।

ਸੀਬੀਐਸਏ ਨੇ ਦੱਸਿਆ ਕਿ ਤਿੰਨਾਂ ਮਾਮਲਿਆਂ ਵਿੱਚ ਸ਼ਾਮਲ ਡਰਾਈਵਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।