ਕੈਨਮੋਰ ਦੀ ਗੁਫ਼ਾ ਵਿੱਚ ਬਚਾਅ ਕਾਰਵਾਈ ਦੌਰਾਨ ਨਵੀਂ ਰੇਡੀਓ ਤਕਨਾਲੋਜੀ ਦੀ ਵਰਤੋਂ

ਕੈਨਮੋਰ ਦੀ ਗੁਫ਼ਾ ਵਿੱਚ ਬਚਾਅ ਕਾਰਵਾਈ ਦੌਰਾਨ ਨਵੀਂ ਰੇਡੀਓ ਤਕਨਾਲੋਜੀ ਦੀ ਵਰਤੋਂ

ਕੈਨਮੋਰ-ਰੌਕੀ ਪਹਾੜਾਂ ਵਿੱਚ ਸਥਿਤ ਰੈਟਸ ਨੇਸਟ ਗੁਫ਼ਾ ਵਿੱਚ ਫਸੇ ਇੱਕ ਗੁਫ਼ਾ ਖੋਜੀ ਨੂੰ ਬਾਹਰ ਕੱਢਣ ਲਈ ਅਲਬਰਟਾ ਸਰਚ ਐਂਡ ਰੈਸਕਿਊ (SAR) ਦੀ ਟੀਮ ਨੇ ਮੁਸ਼ਕਲ ਅਤੇ ਲੰਬੀ ਬਚਾਅ ਕਾਰਵਾਈ ਕੀਤੀ। ਇਸ ਦੌਰਾਨ ਪਹਿਲੀ ਵਾਰ ਨਵੀਂ ਭੂਮੀਗਤ ਰੇਡੀਓ ਤਕਨਾਲੋਜੀ ਦੀ ਅਸਲ ਬਚਾਅ ਮੁਹਿੰਮ ਵਿੱਚ ਵਰਤੋਂ ਕੀਤੀ ਗਈ।ਸਰਚ ਐਂਡ ਰੈਸਕਿਊ ਮੁਤਾਬਕ 15 ਅਗਸਤ ਨੂੰ ਸਵੇਰੇ ਕਰੀਬ 11:30 ਵਜੇ ਸੂਚਨਾ ਮਿਲੀ ਕਿ ਇੱਕ ਗੁਫ਼ਾ ਖੋਜੀ ਗੁਫ਼ਾ ਦੇ ਅੰਦਰ ਇੱਕ ਬਹੁਤ ਹੀ ਤੰਗ ਅਤੇ ਖੜ੍ਹੇ ਰਸਤੇ ਵਾਲੇ ਹਿੱਸੇ, ਜਿਸ ਨੂੰ “ਸਾਇਕੋ ਸਕਵੀਜ਼” ਕਿਹਾ ਜਾਂਦਾ ਹੈ, ਵਿੱਚ ਫਸ ਗਿਆ ਹੈ। ਇਹ ਰਸਤਾ ਆਮ ਸੈਲਾਨੀਆਂ ਵੱਲੋਂ ਨਹੀਂ ਵਰਤਿਆ ਜਾਂਦਾ।

ਆਰਸੀਐੱਮਪੀ ਅਤੇ ਕਨਾਨਾਸਕਿਸ ਮਾਊਂਟੇਨ ਰੈਸਕਿਊ ਦੀ ਸੂਚਨਾ ਤੋਂ ਬਾਅਦ ਅਲਬਰਟਾ/ਬੀ.ਸੀ. ਕੇਵ ਰੈਸਕਿਊ ਟੀਮ ਨੂੰ ਮੌਕੇ ’ਤੇ ਬੁਲਾਇਆ ਗਿਆ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਆਮ ਨਾਲੋਂ ਵੱਡੀ ਟੀਮ ਤਾਇਨਾਤ ਕੀਤੀ ਗਈ, ਜਿਸ ਦਾ ਉਦੇਸ਼ ਰਸਤੇ ਵਿੱਚੋਂ ਚੱਟਾਨਾਂ ਹਟਾਉਣਾ ਅਤੇ ਫਸੇ ਵਿਅਕਤੀ ਨੂੰ ਹੌਲੀ-ਹੌਲੀ ਬਾਹਰ ਕੱਢਣਾ ਸੀ।

ਕੈਨਮੋਰ ਫਾਇਰ ਰੈਸਕਿਊ ਵੱਲੋਂ ਗੁਫ਼ਾ ਦੇ ਅੰਦਰ ਮੈਡੀਕਲ ਸਹਾਇਤਾ ਲਈ ਪੈਰਾਮੈਡਿਕਸ ਵੀ ਤਾਇਨਾਤ ਕੀਤੇ ਗਏ। ਬਚਾਅ ਕਰਮਚਾਰੀਆਂ ਨੇ ਹੈਮਰ ਡ੍ਰਿਲ ਦੀ ਮਦਦ ਨਾਲ ਰਸਤੇ ਵਿੱਚ ਰੁਕਾਵਟ ਬਣ ਰਹੀਆਂ ਚੱਟਾਨਾਂ ਨੂੰ ਹਟਾਇਆ। ਇਸ ਦੇ ਨਾਲ ਹੀ ਹੋਰ ਗੁਫ਼ਾ ਖੋਜੀਆਂ ਨੇ ਫਸੇ ਵਿਅਕਤੀ ਦੀ ਉੱਪਰ ਅਤੇ ਹੇਠਾਂ ਤੋਂ ਮਦਦ ਕੀਤੀ।ਫਸੇ ਵਿਅਕਤੀ ਨੂੰ ਉੱਪਰ ਵੱਲ ਖਿੱਚਣ ਲਈ ਚੱਟਾਨਾਂ ਵਿੱਚ ਬੋਲਟ ਲਗਾ ਕੇ ਵਾਧੂ ਸਹਾਰਾ ਤਿਆਰ ਕੀਤਾ ਗਿਆ। ਬਚਾਅ ਕਾਰਵਾਈ ਇੰਨੀ ਮੁਸ਼ਕਲ ਸੀ ਕਿ ਵਿਅਕਤੀ ਨੂੰ ਬਾਹਰ ਕੱਢਣ ਦੀ ਰਫ਼ਤਾਰ ਕਈ ਵਾਰ ਘੰਟੇ ਵਿੱਚ ਸਿਰਫ਼ ਕੁਝ ਇੰਚ ਰਹੀ।

ਇਸ ਬਚਾਅ ਮੁਹਿੰਮ ਦੀ ਇੱਕ ਵੱਡੀ ਖਾਸੀਅਤ ਨਵੀਂ QDX-M ਭੂਮੀਗਤ ਰੇਡੀਓ ਤਕਨਾਲੋਜੀ ਦੀ ਪਹਿਲੀ ਲਾਈਵ ਵਰਤੋਂ ਰਹੀ। ਇਹ ਤਕਨਾਲੋਜੀ ਅਲਬਰਟਾ/ਬੀ.ਸੀ. ਕੇਵ ਰੈਸਕਿਊ ਟੀਮ ਦੇ ਵਲੰਟੀਅਰ ਮੈਂਬਰਾਂ ਵੱਲੋਂ ਵਿਕਸਿਤ ਅਤੇ ਟੈਸਟ ਕੀਤੀ ਜਾ ਰਹੀ ਹੈ।ਟੀਮ ਮੁਤਾਬਕ ਗੁਫ਼ਾਵਾਂ ਅਤੇ ਦੂਰ-ਦੁਰਾਡੇ ਪਹਾੜੀ ਇਲਾਕਿਆਂ ਵਿੱਚ ਸੰਚਾਰ ਕਰਨਾ ਬਚਾਅ ਕਾਰਜਾਂ ਲਈ ਬੇਹੱਦ ਮਹੱਤਵਪੂਰਨ ਹੈ। ਇਨ੍ਹਾਂ ਥਾਵਾਂ ’ਤੇ ਮੋਬਾਈਲ ਫੋਨ, ਆਮ ਰੇਡੀਓ, ਸੈਟੇਲਾਈਟ ਮੈਸੇਂਜਰ ਅਤੇ GPS ਸਿਗਨਲ ਅਕਸਰ ਕੰਮ ਨਹੀਂ ਕਰਦੇ। QDX-M ਆਧਾਰਿਤ ਰੇਡੀਓ ਖਾਸ ਤੌਰ ’ਤੇ ਚੱਟਾਨਾਂ ਦੇ ਅੰਦਰੋਂ ਸਿਗਨਲ ਭੇਜਣ ਲਈ ਤਿਆਰ ਕੀਤੇ ਗਏ ਹਨ।

ਇਹ ਤਕਨਾਲੋਜੀ ਸਾਲ 2023 ਤੋਂ ਵਿਕਸਿਤ ਅਤੇ ਟੈਸਟ ਕੀਤੀ ਜਾ ਰਹੀ ਸੀ ਅਤੇ 15 ਅਗਸਤ ਦੀ ਇਸ ਕਾਰਵਾਈ ਦੌਰਾਨ ਪਹਿਲੀ ਵਾਰ ਅਸਲ ਬਚਾਅ ਮੁਹਿੰਮ ਵਿੱਚ ਇਸ ਦੀ ਵਰਤੋਂ ਕੀਤੀ ਗਈ।ਬਚਾਅ ਦੌਰਾਨ ਟੀਮ ਨੇ ਫਸੇ ਵਿਅਕਤੀ ਦੀ ਥਕਾਵਟ, ਸਰੀਰ ਦਾ ਤਾਪਮਾਨ ਘਟਣ ਦੇ ਖ਼ਤਰੇ ਅਤੇ ਸਰੀਰ ’ਤੇ ਪੈ ਰਹੇ ਦਬਾਅ ਨੂੰ ਵੀ ਧਿਆਨ ਵਿੱਚ ਰੱਖਿਆ। ਆਖ਼ਰਕਾਰ ਰਾਤ ਕਰੀਬ 10 ਵਜੇ ਉਸ ਨੂੰ ਤੰਗ ਹਿੱਸੇ ਵਿੱਚੋਂ ਬਾਹਰ ਕੱਢ ਲਿਆ ਗਿਆ। ਕੁਝ ਸਮਾਂ ਆਰਾਮ ਕਰਨ ਤੋਂ ਬਾਅਦ ਉਹ ਰਾਤ 11:46 ਵਜੇ ਗੁਫ਼ਾ ਤੋਂ ਪੂਰੀ ਤਰ੍ਹਾਂ ਬਾਹਰ ਆ ਗਿਆ।ਬਚਾਅ ਕਾਰਵਾਈ ਵਿੱਚ ਕੁੱਲ 13 ਕੇਵ ਰੈਸਕਿਊ ਕਰਮਚਾਰੀ, 10 ਫਾਇਰਫਾਈਟਰ ਅਤੇ ਕਨਾਨਾਸਕਿਸ ਮਾਊਂਟੇਨ ਰੈਸਕਿਊ ਦੇ ਦੋ ਮੈਂਬਰ ਸ਼ਾਮਲ ਸਨ। ਬਚਾਅ ਤੋਂ ਬਾਅਦ ਜਾਂਚ ਵਿੱਚ ਸਾਹਮਣੇ ਆਇਆ ਕਿ ਗੁਫ਼ਾ ਖੋਜੀ ਨੂੰ ਹੋਰ ਮੈਡੀਕਲ ਇਲਾਜ ਦੀ ਲੋੜ ਨਹੀਂ ਸੀ। ਰਾਤ 12 ਵਜੇ ਤੱਕ ਸਾਰੇ ਬਚਾਅ ਕਰਮਚਾਰੀ ਵੀ ਸੁਰੱਖਿਅਤ ਤੌਰ ’ਤੇ ਗੁਫ਼ਾ ਤੋਂ ਬਾਹਰ ਆ ਗਏ।