ਕਿਊਬੈਕ ਤੋਂ ਲਾਪਤਾ ਤਿੰਨ ਲੜਕੀਆਂ ਓਨਟਾਰੀਓ ਦੇ ਘਰ ਤੋਂ ਬਰਾਮਦ
ਟੋਰਾਂਟੋ/ਜੀਟੀਏ- ਕਿਊਬੈਕ ਤੋਂ ਲਾਪਤਾ ਹੋਈਆਂ ਤਿੰਨ ਨਾਬਾਲਿਗ ਲੜਕੀਆਂ ਨੂੰ ਓਨਟਾਰੀਓ ਦੇ ਰਿਚਮੰਡ ਹਿੱਲ ਸਥਿਤ ਇਕ ਘਰ ਤੋਂ ਸੁਰੱਖਿਅਤ ਬਰਾਮਦ ਕਰ ਲਿਆ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਇਕ ਬਾਲਗ ਵਿਅਕਤੀ ਅਤੇ ਇਕ ਟੀਨੇਜ ਲੜਕੇ ਨੂੰ ਕਥਿਤ ਤੌਰ ’ਤੇ ਮਨੁੱਖੀ ਤਸਕਰੀ (ਹਿਊਮਨ ਟ੍ਰੈਫ਼ਿਕਿੰਗ) ਨਾਲ ਜੁੜੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਹੈ।
ਯੌਰਕ ਰੀਜਨਲ ਪੁਲਿਸ ਅਨੁਸਾਰ ਮੰਗਲਵਾਰ ਨੂੰ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਲਾਪਤਾ ਲੜਕੀਆਂ ਰਿਚਮੰਡ ਹਿੱਲ ਇਲਾਕੇ ਵਿੱਚ ਹੋ ਸਕਦੀਆਂ ਹਨ। ਜਾਂਚ ਦੌਰਾਨ ਇਹ ਸ਼ੱਕ ਵੀ ਸਾਹਮਣੇ ਆਇਆ ਕਿ ਲੜਕੀਆਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਹੋ ਸਕਦਾ ਹੈ।
ਕੁਝ ਘੰਟਿਆਂ ਦੇ ਅੰਦਰ ਹੀ ਪੁਲਿਸ ਨੇ ਸੰਬੰਧਿਤ ਘਰ ਦੀ ਪਛਾਣ ਕਰ ਲਈ। ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਨਿਊਜ਼ ਰਿਲੀਜ਼ ਮੁਤਾਬਕ, ਪੁਲਿਸ ਦੇ ਮੌਕੇ ’ਤੇ ਪਹੁੰਚਣ ਤੋਂ ਕੁਝ ਸਮੇਂ ਬਾਅਦ ਦੋ ਮਹਿਲਾਵਾਂ ਅਤੇ ਇਕ ਬਾਲਗ ਵਿਅਕਤੀ ਨੂੰ ਗੱਡੀ ਰਾਹੀਂ ਘਰ ਤੋਂ ਨਿਕਲਦੇ ਦੇਖਿਆ ਗਿਆ। ਪੁਲਿਸ ਨੇ ਤੁਰੰਤ ਗੱਡੀ ਰੁਕਵਾ ਕੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ।
ਇਸ ਤੋਂ ਬਾਅਦ ਪੁਲਿਸ ਨੇ ਘਰ ਦੀ ਤਲਾਸ਼ੀ ਲਈ, ਜਿੱਥੋਂ ਤੀਜੀ ਲਾਪਤਾ ਲੜਕੀ ਇਕ 17 ਸਾਲਾ ਲੜਕੇ ਦੇ ਨਾਲ ਮਿਲੀ। ਉਸ ਟੀਨੇਜ ਲੜਕੇ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ।
ਪੁਲਿਸ ਵੱਲੋਂ ਬਾਲਗ ਮਸ਼ਕੂਕ ਦੀ ਪਛਾਣ ਟੋਰਾਂਟੋ ਦੇ 23 ਸਾਲਾ ਸ਼ੇਖ਼ ਸਬਾਹਤ ਵਜੋਂ ਕੀਤੀ ਗਈ ਹੈ, ਜਦਕਿ ਯੂਥ ਕ੍ਰਿਮਿਨਲ ਜਸਟਿਸ ਐਕਟ ਦੇ ਤਹਿਤ ਟੀਨੇਜ ਮਸ਼ਕੂਕ ਦੀ ਪਛਾਣ ਜਾਹਿਰ ਨਹੀਂ ਕੀਤੀ ਗਈ।
ਪੁਲਿਸ ਦਾ ਮੰਨਣਾ ਹੈ ਕਿ ਇਨ੍ਹਾਂ ਤਿੰਨ ਲੜਕੀਆਂ ਤੋਂ ਇਲਾਵਾ ਹੋਰ ਨਾਬਾਲਿਗ ਕੁੜੀਆਂ ਵੀ ਇਨ੍ਹਾਂ ਦੋਵਾਂ ਮਸ਼ਕੂਕਾਂ ਦਾ ਸ਼ਿਕਾਰ ਹੋ ਸਕਦੀਆਂ ਹਨ। ਦੋਵਾਂ ਖ਼ਿਲਾਫ਼ ਕਈ ਗੰਭੀਰ ਦੋਸ਼ਾਂ ਹੇਠ ਮਾਮਲੇ ਦਰਜ ਕੀਤੇ ਗਏ ਹਨ ਅਤੇ ਜਾਂਚ ਜਾਰੀ ਹੈ।
















