ਅਲਬਰਟਾ ਵੱਖਰੇ ਦੇਸ਼ ਦੇ ਰੈਫਰੈਂਡਮ ਲਈ ਪਟੀਸ਼ਨ ਦੀਆਂ ਦਸਤਖ਼ਤਾਂ ਦੀ ਜਾਂਚ ਸ਼ੁਰੂ ਕਰੇਗਾ: ਇਲੈਕਸ਼ਨਜ਼ ਅਲਬਰਟਾ
ਕੈਲਗਰੀ-ਇਲੈਕਸ਼ਨਜ਼ ਅਲਬਰਟਾ ਨੇ ਕਿਹਾ ਹੈ ਕਿ ਉਹ ਅਲਬਰਟਾ ਨੂੰ ਕੈਨੇਡਾ ਤੋਂ ਵੱਖ ਕਰਨ ਸਬੰਧੀ ਰੈਫਰੈਂਡਮ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਕੀਤੇ ਗਏ ਦਸਤਖ਼ਤਾਂ ਦੀ ਜਾਂਚ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਤਿਆਰ ਹੈ।ਇਹ ਪਟੀਸ਼ਨ ਮਈ ਦੇ ਸ਼ੁਰੂ ਵਿੱਚ ਇਲੈਕਸ਼ਨਜ਼ ਅਲਬਰਟਾ ਕੋਲ ਜਮ੍ਹਾਂ ਕਰਵਾਈ ਗਈ ਸੀ। ਹਾਲਾਂਕਿ, ਦੋ ਹਫ਼ਤਿਆਂ ਬਾਅਦ ਇੱਕ ਜੱਜ ਨੇ ਇਹ ਕਹਿੰਦਿਆਂ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ ਕਿ ਇਹ ਸੂਬਾਈ ਕਾਨੂੰਨ ਦੇ ਅਨੁਕੂਲ ਨਹੀਂ ਹੈ ਅਤੇ ਇਸ ਮਾਮਲੇ ਵਿੱਚ ਫਸਟ ਨੇਸ਼ਨਜ਼ ਭਾਈਚਾਰਿਆਂ ਨਾਲ ਸਲਾਹ-ਮਸ਼ਵਰਾ ਕੀਤਾ ਜਾਣਾ ਲਾਜ਼ਮੀ ਸੀ।
ਪਿਛਲੇ ਹਫ਼ਤੇ ਪਟੀਸ਼ਨ ਪਿੱਛੇ ਕੰਮ ਕਰ ਰਹੇ ਸੰਗਠਨ ਸਟੇ ਫ੍ਰੀ ਅਲਬਰਟਾ ਨੂੰ ਅਦਾਲਤ ਤੋਂ ਅੰਸ਼ਕ ਰਾਹਤ ਮਿਲੀ, ਜਦੋਂ ਇੱਕ ਹੋਰ ਜੱਜ ਨੇ ਫ਼ੈਸਲਾ ਦਿੱਤਾ ਕਿ ਮੂਲ ਫ਼ੈਸਲੇ ਖ਼ਿਲਾਫ਼ ਅਪੀਲ ਦੀ ਸੁਣਵਾਈ ਜਾਰੀ ਰਹਿਣ ਦੌਰਾਨ ਦਸਤਖ਼ਤਾਂ ਦੀ ਜਾਂਚ ਕੀਤੀ ਜਾ ਸਕਦੀ ਹੈ।
ਇਲੈਕਸ਼ਨਜ਼ ਅਲਬਰਟਾ ਅਨੁਸਾਰ ਪਟੀਸ਼ਨ ਨਾਲ ਸਬੰਧਤ ਸਾਰੇ ਦਸਤਾਵੇਜ਼ ਬੰਦ ਅਲਮਾਰੀਆਂ ਵਿੱਚ ਸੁਰੱਖਿਅਤ ਰੱਖੇ ਗਏ ਹਨ ਅਤੇ ਸੁਰੱਖਿਆ ਕਰਮਚਾਰੀਆਂ ਦੀ ਨਿਗਰਾਨੀ ਹੇਠ ਹਨ। ਸੰਸਥਾ ਵੱਲੋਂ ਜਾਂਚ ਦੇ ਨਤੀਜੇ 27 ਜੁਲਾਈ ਤੱਕ ਜਾਰੀ ਕੀਤੇ ਜਾਣ ਦੀ ਉਮੀਦ ਹੈ।ਸਟੇ ਫ੍ਰੀ ਅਲਬਰਟਾ ਦਾ ਦਾਅਵਾ ਹੈ ਕਿ ਉਸ ਨੇ ਕਰੀਬ 3 ਲੱਖ 2 ਹਜ਼ਾਰ ਦਸਤਖ਼ਤ ਇਕੱਠੇ ਕੀਤੇ ਹਨ, ਜਦਕਿ ਸਰਕਾਰ ਨੂੰ ਕਾਰਵਾਈ ਕਰਨ ਲਈ ਲੋੜੀਂਦੀ ਘੱਟੋ-ਘੱਟ ਗਿਣਤੀ ਲਗਭਗ 1 ਲੱਖ 78 ਹਜ਼ਾਰ ਦਸਤਖ਼ਤਾਂ ਦੀ ਹੈ।ਇਸੇ ਦੌਰਾਨ, ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ 19 ਅਕਤੂਬਰ ਨੂੰ ਰੈਫਰੈਂਡਮ ਕਰਵਾਉਣ ਦਾ ਐਲਾਨ ਕੀਤਾ ਹੈ। ਇਸ ਵਿੱਚ ਅਲਬਰਟਾਵਾਸੀਆਂ ਨੂੰ ਪੁੱਛਿਆ ਜਾਵੇਗਾ ਕਿ ਕੀ ਉਹ ਕੈਨੇਡਾ ਦਾ ਹਿੱਸਾ ਬਣੇ ਰਹਿਣਾ ਚਾਹੁੰਦੇ ਹਨ ਜਾਂ ਸੂਬੇ ਨੂੰ ਵੱਖ ਕਰਨ ਲਈ ਅਗਲੀ ਪੜਾਅ ਵਜੋਂ ਇੱਕ ਹੋਰ ਬੰਧਨਕਾਰੀ ਵੋਟ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ।
ਪ੍ਰੀਮੀਅਰ ਸਮਿਥ ਦਾ ਕਹਿਣਾ ਹੈ ਕਿ ਅਪੀਲ ਦੀ ਕਾਰਵਾਈ ਨੂੰ ਕਈ ਮਹੀਨੇ ਜਾਂ ਇਸ ਤੋਂ ਵੀ ਵੱਧ ਸਮਾਂ ਲੱਗ ਸਕਦਾ ਹੈ। ਇਸ ਲਈ ਇਸ ਸਾਲ ਪਤਝੜ ਵਿੱਚ ਅਲਬਰਟਾ ਦੀ ਵੱਖਰੀ ਹੈਸੀਅਤ ਬਾਰੇ ਬੰਧਨਕਾਰੀ ਰੈਫਰੈਂਡਮ ਕਰਵਾਉਣਾ ਸੰਭਵ ਨਹੀਂ ਹੈ।
















