ਅਲਬਰਟਾ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਕਾਰਨੀ ਦੀ ਅਪੀਲ, ‘ਕੈਨੇਡਾ ਦੀ ਏਕਤਾ ਚੁਣੋ’

Canadian Prime Minister Mark Carney has urged Albertans to support national unity ahead of the October 19 referendum on the province’s future.

ਅਲਬਰਟਾ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਕਾਰਨੀ ਦੀ ਅਪੀਲ, ‘ਕੈਨੇਡਾ ਦੀ ਏਕਤਾ ਚੁਣੋ’

ਓਟਾਵਾ-ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਲਬਰਟਾ ਦੇ ਲੋਕਾਂ ਨੂੰ ਕੈਨੇਡਾ ਨਾਲ ਇਕਜੁੱਟ ਰਹਿਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਬਦਲਦੇ ਵਿਸ਼ਵ ਹਾਲਾਤ ਅਤੇ ਆਰਥਿਕ ਤੇ ਸੁਰੱਖਿਆ ਚੁਣੌਤੀਆਂ ਦੇ ਮੱਦੇਨਜ਼ਰ ਦੇਸ਼ ਦੀ ਏਕਤਾ ਬਹੁਤ ਮਹੱਤਵਪੂਰਨ ਹੈ। ਇਹ ਅਪੀਲ ਉਨ੍ਹਾਂ ਨੇ ਥੈਂਕਸਗਿਵਿੰਗ ਮੌਕੇ ਸੋਸ਼ਲ ਮੀਡੀਆ ’ਤੇ ਜਾਰੀ ਕੀਤੇ ਵੀਡੀਓ ਸੰਦੇਸ਼ ਰਾਹੀਂ ਕੀਤੀ।19 ਅਕਤੂਬਰ ਨੂੰ ਅਲਬਰਟਾ ਦੇ ਭਵਿੱਖ ਬਾਰੇ ਹੋਣ ਵਾਲੀ ਰਾਏਸ਼ੁਮਾਰੀ ਤੋਂ ਪਹਿਲਾਂ ਕਾਰਨੀ ਨੇ ਕਿਹਾ ਕਿ ਕੈਨੇਡਾ ਇਕੱਠੇ ਰਹਿ ਕੇ ਹੋਰ ਮਜ਼ਬੂਤ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਅਲਬਰਟਾ ਦੀਆਂ ਕਈ ਪੀੜ੍ਹੀਆਂ ਨੇ ਦੇਸ਼ ਦੀ ਉਸਾਰੀ ਵਿੱਚ ਯੋਗਦਾਨ ਪਾਇਆ ਹੈ ਅਤੇ ਕੈਨੇਡਾ ਸਾਰਿਆਂ ਦਾ ਸਾਂਝਾ ਦੇਸ਼ ਹੈ, ਜਿਸ ਦੀ ਏਕਤਾ ਲਈ ਯਤਨ ਕਰਨ ਦੀ ਲੋੜ ਹੈ।

ਕਾਰਨੀ ਸਰਕਾਰ ਪਹਿਲਾਂ ਹੀ ਅਲਬਰਟਾ ਦੀਆਂ ਸ਼ਿਕਾਇਤਾਂ ਦੂਰ ਕਰਨ ਲਈ ਕਈ ਕਦਮ ਚੁੱਕ ਚੁੱਕੀ ਹੈ। ਇਨ੍ਹਾਂ ਵਿੱਚ ਖਪਤਕਾਰ ਕਾਰਬਨ ਟੈਕਸ ਖ਼ਤਮ ਕਰਨਾ, ਪੱਛਮੀ ਤੱਟ ਤੱਕ ਪਾਈਪਲਾਈਨ ਦੇ ਨਿਰਮਾਣ ਦਾ ਸਮਰਥਨ ਕਰਨਾ ਅਤੇ ਵਾਤਾਵਰਣ ਸਬੰਧੀ ਨਿਯਮਾਂ ਵਿੱਚ ਤਬਦੀਲੀਆਂ ਕਰਨਾ ਸ਼ਾਮਲ ਹੈ। ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਇਨ੍ਹਾਂ ਨਿਯਮਾਂ ਨੂੰ ਨਿਵੇਸ਼ ਅਤੇ ਰੁਜ਼ਗਾਰ ਵਿੱਚ ਰੁਕਾਵਟ ਮੰਨਦੀ ਰਹੀ ਹੈ।

ਅਲਬਰਟਾ ਦੇ ਸਾਬਕਾ ਪ੍ਰੀਮੀਅਰ ਜੇਸਨ ਕੇਨੀ ਨੇ ਵੀ ਲੋਕਾਂ ਨੂੰ ਸੂਬੇ ਵਿੱਚ ਪਾਈਪਲਾਈਨਾਂ, ਤਰਲ ਕੁਦਰਤੀ ਗੈਸ ਅਤੇ ਨਵੇਂ ਨਿਵੇਸ਼ਾਂ ਤੋਂ ਪੈਦਾ ਹੋ ਰਹੇ ਮੌਕਿਆਂ ’ਤੇ ਧਿਆਨ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸੰਘੀ ਸਰਕਾਰ ਹੁਣ ਅਲਬਰਟਾ ਦੀਆਂ ਚਿੰਤਾਵਾਂ ਨੂੰ ਸੁਣਦੀ ਦਿਖਾਈ ਦੇ ਰਹੀ ਹੈ।ਰਾਏਸ਼ੁਮਾਰੀ ਵਿੱਚ ਕੁੱਲ 10 ਸਵਾਲ ਪੁੱਛੇ ਜਾਣਗੇ। ਇਨ੍ਹਾਂ ਵਿੱਚੋਂ ਦਸਵਾਂ ਸਵਾਲ ਸਭ ਤੋਂ ਵੱਧ ਚਰਚਾ ਵਿੱਚ ਹੈ। ਇਸ ਤਹਿਤ ਲੋਕਾਂ ਤੋਂ ਪੁੱਛਿਆ ਜਾਵੇਗਾ ਕਿ ਕੀ ਉਹ ਕੈਨੇਡਾ ਦੇ ਸੂਬੇ ਵਜੋਂ ਅਲਬਰਟਾ ਦੀ ਮੌਜੂਦਾ ਸਥਿਤੀ ਬਰਕਰਾਰ ਰੱਖਣਾ ਚਾਹੁੰਦੇ ਹਨ ਜਾਂ ਕੈਨੇਡਾ ਤੋਂ ਵੱਖ ਹੋਣ ਬਾਰੇ ਰਾਏਸ਼ੁਮਾਰੀ ਕਰਵਾਉਣ ਦੇ ਹੱਕ ਵਿੱਚ ਹਨ।

ਕੈਨੇਡਾ ਨਾਲ ਏਕਤਾ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਅਲਬਰਟਾ ਦੀਆਂ ਸਮੱਸਿਆਵਾਂ ਬਾਰੇ ਹੁਣ ਦੇਸ਼ ਭਰ ਵਿੱਚ ਚਰਚਾ ਹੋ ਰਹੀ ਹੈ ਅਤੇ ਸੰਘੀ ਸਰਕਾਰ ਨਾਲ ਸਹਿਯੋਗ ਰਾਹੀਂ ਹੱਲ ਲੱਭੇ ਜਾ ਸਕਦੇ ਹਨ। ਦੂਜੇ ਪਾਸੇ, ਵੱਖ ਹੋਣ ਦੇ ਸਮਰਥਕਾਂ ਦਾ ਤਰਕ ਹੈ ਕਿ ਜੇ ਲੋਕ ਦੂਜੇ ਵਿਕਲਪ ਦੇ ਹੱਕ ਵਿੱਚ ਵੋਟ ਪਾਉਂਦੇ ਹਨ ਤਾਂ ਓਟਾਵਾ ’ਤੇ ਅਲਬਰਟਾ ਨੂੰ ਕੈਨੇਡਾ ਵਿੱਚ ਬਣਾਈ ਰੱਖਣ ਲਈ ਗੰਭੀਰ ਪੇਸ਼ਕਸ਼ ਕਰਨ ਦਾ ਦਬਾਅ ਵਧੇਗਾ।ਰਾਏਸ਼ੁਮਾਰੀ ਤੋਂ ਪਹਿਲਾਂ ਕਾਰਨੀ ਦੇ ਇਸ ਹਫ਼ਤੇ ਅਲਬਰਟਾ ਜਾਣ ਦੀ ਵੀ ਸੰਭਾਵਨਾ ਹੈ। ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਇਲੀਵਰ ਵੀ 16 ਅਕਤੂਬਰ ਨੂੰ ਕੈਨੇਡਾ ਦੀ ਏਕਤਾ ਬਾਰੇ ਭਾਸ਼ਣ ਦੇਣਗੇ।