ਅਲਬਰਟਾ ’ਚ ਚੌਥਾ ‘ਕਨਸੈਂਟ ਅਵੇਅਰਨੈੱਸ ਵੀਕ’ ਸ਼ੁਰੂ
Alberta has launched its fourth annual Consent Awareness Week to promote awareness about consent, mutual respect, campus safety and the prevention of sexual and gender-based violence.
ਅਲਬਰਟਾ (ਕੈਨੇਡਾ): ਅਲਬਰਟਾ ਸਰਕਾਰ ਵੱਲੋਂ ਸੂਬੇ ਵਿੱਚ ਚੌਥੇ ਸਾਲਾਨਾ ‘ਕਨਸੈਂਟ ਅਵੇਅਰਨੈੱਸ ਵੀਕ’ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਐਡਵਾਂਸਡ ਐਜੂਕੇਸ਼ਨ ਮੰਤਰੀ ਮਾਈਲਜ਼ ਮੈਕਡੂਗਲ ਅਤੇ ਆਰਟਸ, ਕਲਚਰ ਐਂਡ ਸਟੇਟਸ ਆਫ ਵੂਮੈਨ ਮੰਤਰੀ ਤਾਨਿਆ ਫਿਰ ਨੇ ਸਾਂਝਾ ਬਿਆਨ ਜਾਰੀ ਕੀਤਾ।ਮੰਤਰੀਆਂ ਨੇ ਕਿਹਾ ਕਿ ਸਤੰਬਰ ਦੇ ਤੀਜੇ ਹਫ਼ਤੇ ਮਨਾਇਆ ਜਾਣ ਵਾਲਾ ਇਹ ਹਫ਼ਤਾ ਕੈਂਪਸਾਂ ਅਤੇ ਭਾਈਚਾਰਿਆਂ ਨੂੰ ਸੁਰੱਖਿਅਤ ਬਣਾਉਣ ਲਈ ਜਾਗਰੂਕਤਾ ਵਧਾਉਣ ਦਾ ਮਹੱਤਵਪੂਰਨ ਮੌਕਾ ਹੈ। ਉਨ੍ਹਾਂ ਦੱਸਿਆ ਕਿ ਅਕਾਦਮਿਕ ਸੈਸ਼ਨ ਦੇ ਪਹਿਲੇ ਛੇ ਹਫ਼ਤਿਆਂ ਨੂੰ ਜਿਨਸੀ ਹਿੰਸਾ ਦੇ ਵਧੇਰੇ ਖਤਰੇ ਵਾਲਾ ਸਮਾਂ ਮੰਨਿਆ ਜਾਂਦਾ ਹੈ।
ਸਰਕਾਰ ਨੇ ਕਿਹਾ ਕਿ ਸਹਿਮਤੀ ਬਾਰੇ ਜਾਗਰੂਕਤਾ ਪੈਦਾ ਕਰਨਾ, ਇਸ ਸਬੰਧੀ ਖੁੱਲ੍ਹੀ ਗੱਲਬਾਤ ਨੂੰ ਉਤਸ਼ਾਹਿਤ ਕਰਨਾ ਅਤੇ ਹਿੰਸਾ ਦੀ ਰੋਕਥਾਮ ਲਈ ਯਤਨ ਕਰਨਾ ਜਿਨਸੀ ਤੇ ਲਿੰਗ ਆਧਾਰਿਤ ਹਿੰਸਾ ਨੂੰ ਖਤਮ ਕਰਨ ਵੱਲ ਮਹੱਤਵਪੂਰਨ ਕਦਮ ਹਨ।ਮੰਤਰੀ ਤਾਨਿਆ ਫਿਰ ਨੇ ਕਿਹਾ ਕਿ ਹਰ ਅਲਬਰਟਾ ਵਾਸੀ ਨੂੰ ਹਿੰਸਾ, ਪਰੇਸ਼ਾਨੀ ਅਤੇ ਡਰ ਤੋਂ ਮੁਕਤ ਜੀਵਨ ਜਿਊਣ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਸਹਿਮਤੀ ਸਿਰਫ਼ ਗੱਲਬਾਤ ਦਾ ਵਿਸ਼ਾ ਨਹੀਂ, ਸਗੋਂ ਸਿਹਤਮੰਦ ਰਿਸ਼ਤਿਆਂ, ਸੁਰੱਖਿਅਤ ਭਾਈਚਾਰਿਆਂ ਅਤੇ ਆਪਸੀ ਸਨਮਾਨ ਦੀ ਬੁਨਿਆਦ ਹੈ।
ਅਲਬਰਟਾ ਸਰਕਾਰ ਵੱਲੋਂ ਜਿਨਸੀ ਅਤੇ ਲਿੰਗ ਆਧਾਰਿਤ ਹਿੰਸਾ ਨੂੰ ਖਤਮ ਕਰਨ ਲਈ 10 ਸਾਲਾ ਰਣਨੀਤੀ ਤਹਿਤ ਪੀੜਤਾਂ ਦੀ ਸਹਾਇਤਾ, ਰੋਕਥਾਮ ਦੇ ਯਤਨਾਂ ਅਤੇ ਸਹਿਮਤੀ ਦੀ ਸੰਸਕ੍ਰਿਤੀ ਨੂੰ ਮਜ਼ਬੂਤ ਕਰਨ ’ਤੇ ਕੰਮ ਕੀਤਾ ਜਾ ਰਿਹਾ ਹੈ।ਮੰਤਰੀਆਂ ਨੇ ਕਿਹਾ ਕਿ ਜਿਨਸੀ ਅਤੇ ਲਿੰਗ ਆਧਾਰਿਤ ਹਿੰਸਾ ਨੂੰ ਖਤਮ ਕਰਨਾ ਕਿਸੇ ਇੱਕ ਹਫ਼ਤੇ, ਕੈਂਪਸ ਜਾਂ ਸਰਕਾਰ ਦੀ ਇਕੱਲੀ ਜ਼ਿੰਮੇਵਾਰੀ ਨਹੀਂ ਹੈ। ਇਸ ਲਈ ਪੋਸਟ-ਸੈਕੰਡਰੀ ਸੰਸਥਾਵਾਂ, ਕਮਿਊਨਿਟੀ ਸੰਸਥਾਵਾਂ ਅਤੇ ਸੂਬੇ ਦੇ ਲੋਕਾਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ।
















