ਅਲਬਰਟਾ ਕੈਨੇਡਾ ਦੇ ਰੱਖਿਆ ਖੇਤਰ ਵਿੱਚ ਵੱਡੀ ਭੂਮਿਕਾ ਨਿਭਾਉਣ ਲਈ ਤਿਆਰ

ਅਲਬਰਟਾ ਕੈਨੇਡਾ ਦੇ ਰੱਖਿਆ ਖੇਤਰ ਵਿੱਚ ਵੱਡੀ ਭੂਮਿਕਾ ਨਿਭਾਉਣ ਲਈ ਤਿਆਰ

ਐਡਮੰਟਨ-ਅਲਬਰਟਾ ਸਰਕਾਰ ਨੇ ਰੱਖਿਆ ਖੇਤਰ ਵਿੱਚ ਸੂਬੇ ਦੀਆਂ ਕੰਪਨੀਆਂ ਨੂੰ ਮਜ਼ਬੂਤ ਬਣਾਉਣ ਲਈ 21 ਮਿਲੀਅਨ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਹੈ। ਇਹ ਰਕਮ “DEFENDS” ਪ੍ਰੋਗਰਾਮ ਲਈ ਦਿੱਤੀ ਜਾਵੇਗੀ, ਜਿਸ ਦੀ ਅਗਵਾਈ ਯੂਨੀਵਰਸਿਟੀ ਆਫ ਅਲਬਰਟਾ ਕਰੇਗੀ।ਇਸ ਯੋਜਨਾ ਤਹਿਤ ਅਲਬਰਟਾ ਦੀਆਂ ਕੰਪਨੀਆਂ, ਯੂਨੀਵਰਸਿਟੀਆਂ ਅਤੇ ਕੈਨੇਡੀਅਨ ਫੌਜ ਨੂੰ ਇਕੱਠੇ ਜੋੜਿਆ ਜਾਵੇਗਾ, ਤਾਂ ਜੋ ਨਵੀਂ ਰੱਖਿਆ ਤਕਨਾਲੋਜੀ ਦੀ ਜਾਂਚ, ਸਰਟੀਫਿਕੇਸ਼ਨ ਅਤੇ ਮਾਰਕੀਟ ਤੱਕ ਪਹੁੰਚ ਨੂੰ ਤੇਜ਼ ਕੀਤਾ ਜਾ ਸਕੇ।

ਸਰਕਾਰ ਮੁਤਾਬਕ ਅਲਬਰਟਾ ਦੀਆਂ ਕਈ ਕੰਪਨੀਆਂ ਪਹਿਲਾਂ ਹੀ ਊਰਜਾ, ਨਿਰਮਾਣ ਅਤੇ ਵਾਤਾਵਰਣ ਖੇਤਰ ਲਈ ਉੱਚ ਪੱਧਰੀ ਤਕਨਾਲੋਜੀ ਤਿਆਰ ਕਰ ਰਹੀਆਂ ਹਨ। ਹੁਣ DEFENDS ਰਾਹੀਂ ਉਹੀ ਤਕਨਾਲੋਜੀ ਰੱਖਿਆ ਖੇਤਰ ਲਈ ਵੀ ਵਰਤੀ ਜਾਵੇਗੀ।ਇਸ ਪ੍ਰੋਜੈਕਟ ਤਹਿਤ ਤਿੰਨ ਨਵੀਆਂ ਸੁਰੱਖਿਅਤ ਖੋਜ ਸਹੂਲਤਾਂ ਵੀ ਬਣਨਗੀਆਂ, ਜਿੱਥੇ ਮਾਈਕਰੋਚਿਪ, ਰਾਡਾਰ ਅਤੇ ਸੰਚਾਰ ਪ੍ਰਣਾਲੀਆਂ ਵਰਗੀਆਂ ਤਕਨਾਲੋਜੀਆਂ ਦੀ ਜਾਂਚ ਹੋਵੇਗੀ।ਟੈਕਨੋਲੋਜੀ ਅਤੇ ਇਨੋਵੇਸ਼ਨ ਮੰਤਰੀ ਨੇਟ ਗਲੂਬਿਸ਼ ਨੇ ਕਿਹਾ ਕਿ ਇਸ ਨਾਲ ਅਲਬਰਟਾ ਦੀਆਂ ਕੰਪਨੀਆਂ ਨੂੰ ਨਵੇਂ ਠੇਕੇ, ਰੋਜ਼ਗਾਰ ਅਤੇ ਆਰਥਿਕ ਵਿਕਾਸ ਦੇ ਮੌਕੇ ਮਿਲਣਗੇ, ਜਦਕਿ ਖੋਜ ਅਤੇ ਨਵੀਨਤਾ ਦਾ ਲਾਭ ਵੀ ਸੂਬੇ ਅੰਦਰ ਹੀ ਰਹੇਗਾ।