ਅਲਬਰਟਾ ਅਧਿਆਪਕ ਸੰਘ ਵੱਲੋਂ ਸਿੱਖਿਆ ਖੇਤਰ ਦੀਆਂ ਚੁਣੌਤੀਆਂ ‘ਤੇ ਵਿਚਾਰ-ਚਰਚਾ
ਕੈਲਗਰੀ-ਅਲਬਰਟਾ ਟੀਚਰਜ਼ ਐਸੋਸੀਏਸ਼ਨ (ਏਟੀਏ) ਦੀ 109ਵੀਂ ਸਾਲਾਨਾ ਪ੍ਰਤੀਨਿਧ ਸਭਾ ਦੌਰਾਨ ਸੂਬੇ ਭਰ ਤੋਂ ਕਰੀਬ 450 ਅਧਿਆਪਕ ਕੈਲਗਰੀ ਵਿੱਚ ਇਕੱਠੇ ਹੋਏ, ਜਿੱਥੇ ਸਿੱਖਿਆ ਨੀਤੀਆਂ ਅਤੇ ਭਵਿੱਖ ਨਾਲ ਜੁੜੇ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ।ਏਟੀਏ ਦੇ ਪ੍ਰਧਾਨ ਜੇਸਨ ਸ਼ਿਲਿੰਗ ਨੇ ਕਿਹਾ ਕਿ ਅਧਿਆਪਕਾਂ ਲਈ ਸਭ ਤੋਂ ਵੱਡੀ ਚੁਣੌਤੀ ਸੂਬਾ ਸਰਕਾਰ ਨਾਲ ਸਹਿਮਤੀ ਬਣਾਉਣਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਈ ਵਾਰ ਸਰਕਾਰ ਅਧਿਆਪਕਾਂ ਵੱਲੋਂ ਉਠਾਏ ਜਾ ਰਹੇ ਮੁੱਦਿਆਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ।
ਏਟੀਏ ਲੋਕਲ 55 ਦੇ ਪ੍ਰਧਾਨ ਲੀ ਮਾਰਟਿਨ ਨੇ ਕਿਹਾ ਕਿ ਅਧਿਆਪਕ ਅਜੇ ਵੀ ਵੱਡੀਆਂ ਅਤੇ ਜਟਿਲ ਕਲਾਸਾਂ ਦੀ ਸਮੱਸਿਆ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਵਧੀਆ ਮਾਹੌਲ ਮਿਲੇ ਬਿਨਾਂ ਉਨ੍ਹਾਂ ਦੀ ਸਿੱਖਿਆ ਪ੍ਰਭਾਵਿਤ ਹੁੰਦੀ ਹੈ।ਕੈਨੇਡੀਅਨ ਟੀਚਰਜ਼ ਫੈਡਰੇਸ਼ਨ ਦੇ ਪ੍ਰਧਾਨ ਕਲਿੰਟ ਜੌਨਸਟਨ ਨੇ ਕਿਹਾ ਕਿ ਅਜਿਹੀਆਂ ਸਮੱਸਿਆਵਾਂ ਸਿਰਫ਼ ਅਲਬਰਟਾ ਹੀ ਨਹੀਂ, ਸਗੋਂ ਪੂਰੇ ਕੈਨੇਡਾ ਵਿੱਚ ਵੇਖੀਆਂ ਜਾ ਰਹੀਆਂ ਹਨ। ਹਾਲਾਂਕਿ ਉਨ੍ਹਾਂ ਨੇ ਅਲਬਰਟਾ ਦੀ ਬਿੱਲ-2 ਕਾਨੂੰਨਸਾਜ਼ੀ ਅਤੇ ਅਧਿਆਪਕਾਂ ਦੀ ਹੜਤਾਲ ਖਤਮ ਕਰਨ ਲਈ ਵਰਤੀ ਗਈ “ਨਾਟਵਿਦਸਟੈਂਡਿੰਗ ਕਲਾਜ਼” ਨੂੰ ਚਿੰਤਾਜਨਕ ਕਰਾਰ ਦਿੱਤਾ।
ਜੇਸਨ ਸ਼ਿਲਿੰਗ ਨੇ ਕਿਹਾ ਕਿ ਹੜਤਾਲ ਦੌਰਾਨ ਮਾਪਿਆਂ ਅਤੇ ਆਮ ਲੋਕਾਂ ਵੱਲੋਂ ਮਿਲੇ ਸਮਰਥਨ ਨੇ ਅਧਿਆਪਕਾਂ ਦਾ ਹੌਸਲਾ ਵਧਾਇਆ ਹੈ ਅਤੇ ਉਹ ਉਮੀਦ ਕਰਦੇ ਹਨ ਕਿ ਲੋਕ ਅੱਗੇ ਵੀ ਸਿੱਖਿਆ ਨਾਲ ਜੁੜੇ ਮੁੱਦਿਆਂ ‘ਤੇ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ।
















