ਵਿਸ਼ਵ ਜੂਨੀਅਰ ਰੈਂਕਿੰਗ ਵਿੱਚ ਸਿਖਰਲਾ ਸਥਾਨ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਜੂਡੋਕਾ ਬਣੀ ਹਿਮਾਂਸ਼ੀ ਟੋਕਸ

ਵਿਸ਼ਵ ਜੂਨੀਅਰ ਰੈਂਕਿੰਗ ਵਿੱਚ ਸਿਖਰਲਾ ਸਥਾਨ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਜੂਡੋਕਾ ਬਣੀ ਹਿਮਾਂਸ਼ੀ ਟੋਕਸ

ਮੁੰਬਈ-ਹਿਮਾਂਸ਼ੀ ਟੋਕਸ ਨੇ ਜੂਡੋ ਵਿੱਚ ਇਤਿਹਾਸ ਰਚ ਦਿੱਤਾ ਹੈ ਕਿਉਂਕਿ ਉਹ ਜੂਨੀਅਰ ਵਿਸ਼ਵ ਰੈਂਕਿੰਗ ਵਿੱਚ ਔਰਤਾਂ ਦੇ 63 ਕਿਲੋਗ੍ਰਾਮ ਭਾਰ ਵਰਗ ਵਿੱਚ ਵਿਸ਼ਵ ਨੰਬਰ 1 ਰੈਂਕਿੰਗ ’ਤੇ ਪਹੁੰਚ ਗਈ ਹੈ ਜਿਸ ਨਾਲ ਉਹ ਇਸ ਖੇਡ ਦੇ ਇਤਿਹਾਸ ਵਿੱਚ ਉੱਚਾ ਸਥਾਨ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਜੂਡੋਕਾ ਬਣ ਗਈ ਹੈ। ਜਾਣਕਾਰੀ ਮੁਤਾਬਕ ਔਰਤਾਂ ਦੇ 57 ਕਿਲੋਗ੍ਰਾਮ ਵਿੱਚ, ਭਾਰਤ ਦੀ ਸ਼ਾਹੀਨ ਰਜਕਭਾਈ ਦਰਜਾਦਾ ਚੌਥੇ ਸਥਾਨ ’ਤੇ ਹੈ, ਜਿਸ ਨਾਲ ਇਹ ਪਹਿਲੀ ਵਾਰ ਹੋਇਆ ਹੈ ਕਿ ਦੋ ਭਾਰਤੀ ਐਥਲੀਟਾਂ ਨੂੰ ਆਪਣੇ-ਆਪਣੇ ਭਾਰ ਵਰਗਾਂ ਦੇ ਸਿਖਰਲੇ ਪੰਜ ਵਿੱਚ ਰੱਖਿਆ ਗਿਆ ਹੈ।  20 ਸਾਲਾ ਹਿਮਾਂਸ਼ੀ, ਜਿਸਨੂੰ ਰਿਲਾਇੰਸ ਫਾਊਂਡੇਸ਼ਨ ਦਾ ਸਮਰਥਨ ਪ੍ਰਾਪਤ ਹੈ, ਪਿਛਲੇ ਹਫ਼ਤੇ ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ 2025 ਵਿੱਚ ਆਪਣੀ ਜਿੱਤ ਤੋਂ ਬਾਅਦ ਰੈਂਕਿੰਗ ਵਿੱਚ ਸਿਖਰ ’ਤੇ ਪਹੁੰਚ ਗਈ।  ਇਸ ਤੋਂ ਪਹਿਲਾਂ, ਉਹ ਜੁਲਾਈ ਵਿੱਚ ਤਾਈਪੀ ਜੂਨੀਅਰ ਏਸ਼ੀਅਨ ਕੱਪ 2025 ਵਿੱਚ ਆਪਣੇ ਭਾਰ ਵਰਗ ਵਿੱਚ ਪਹਿਲੇ ਸਥਾਨ ’ਤੇ ਰਹੀ ਸੀ ਅਤੇ ਜਨਵਰੀ ਵਿੱਚ ਕਾਸਾਬਲਾਂਕਾ ਅਫਰੀਕੀ ਓਪਨ 2025 ਜਿੱਤੀ ਸੀ। ਕੁੱਲ ਮਿਲਾ ਕੇ, ਹਿਮਾਂਸ਼ੀ ਹੁਣ ਤੱਕ ਪੰਜ ਮੁਕਾਬਲਿਆਂ, ਇੱਕ ਕਾਂਟੀਨੈਂਟਲ ਚੈਂਪੀਅਨਸ਼ਿਪ, ਤਿੰਨ ਕਾਂਟੀਨੈਂਟਲ ਕੱਪ ਮੁਕਾਬਲਿਆਂ ਅਤੇ ਇੱਕ ਕਾਂਟੀਨੈਂਟਲ ਓਪਨ ਚੈਂਪੀਅਨਸ਼ਿਪ ਵਿੱਚ ਸੋਨ ਤਗਮੇ ਜਿੱਤ ਚੁੱਕੀ ਹੈ। ਦੱਸਣਯੋਗ ਹੈ ਸੀਨੀਅਰ ਵਰਗ ਵਿੱਚ, ਹਿਮਾਂਸ਼ੀ 611 ਅੰਕਾਂ ਨਾਲ ਵਿਸ਼ਵ ਰੈਂਕਿੰਗ ਦੇ ਮਹਿਲਾ 63 ਕਿਲੋਗ੍ਰਾਮ ਵਰਗ ਵਿੱਚ 61ਵੇਂ ਸਥਾਨ ’ਤੇ ਹੈ।