ਬ੍ਰਿਟਿਸ਼ ਕੋਲੰਬੀਆ ’ਚ ਸੂਬਾਈ ਐਮਰਜੈਂਸੀ ਖ਼ਤਮ, ਪਰ ਜੰਗਲਾਂ ਦੀ ਅੱਗ ਦਾ ਖ਼ਤਰਾ ਅਜੇ ਵੀ ਬਰਕਰਾਰ
ਬ੍ਰਿਟਿਸ਼ ਕੋਲੰਬੀਆ-ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਸੂਬੇ ਵਿੱਚ ਲਾਗੂ ਕੀਤੀ ਗਈ ਸਟੇਟ ਆਫ਼ ਪ੍ਰੋਵਿੰਸ਼ੀਅਲ ਐਮਰਜੈਂਸੀ ਨੂੰ ਖ਼ਤਮ ਕਰ ਦਿੱਤਾ ਹੈ। ਹਾਲਾਂਕਿ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਸੂਬੇ ਵਿੱਚ ਜੰਗਲਾਂ ਦੀ ਅੱਗ ਦਾ ਖ਼ਤਰਾ ਅਜੇ ਵੀ ਉੱਚ ਪੱਧਰ ’ਤੇ ਹੈ।ਸੂਬੇ ਵਿੱਚ ਐਮਰਜੈਂਸੀ ਪਹਿਲੀ ਵਾਰ 8 ਅਗਸਤ ਨੂੰ ਤੇਜ਼ੀ ਨਾਲ ਫੈਲ ਰਹੀਆਂ ਜੰਗਲੀ ਅੱਗਾਂ ਤੋਂ ਬਾਅਦ ਲਾਗੂ ਕੀਤੀ ਗਈ ਸੀ। ਇਨ੍ਹਾਂ ਵਿੱਚ ਬਾਲਡ ਰੇਂਜ ਵਾਈਲਡਫਾਇਰ ਵੀ ਸ਼ਾਮਲ ਸੀ, ਜਿਸ ਕਾਰਨ ਸਮਰਲੈਂਡ ਇਲਾਕੇ ਦੇ ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਸਨ।
ਉਸ ਸਮੇਂ ਸੂਬੇ ਭਰ ਵਿੱਚ 20,000 ਤੋਂ ਵੱਧ ਲੋਕਾਂ ਨੂੰ ਆਪਣੇ ਘਰਾਂ ਤੋਂ ਸੁਰੱਖਿਅਤ ਥਾਵਾਂ ਵੱਲ ਜਾਣਾ ਪਿਆ ਸੀ।ਸਥਿਤੀ ਨੂੰ ਦੇਖਦਿਆਂ ਸੂਬਾਈ ਐਮਰਜੈਂਸੀ ਨੂੰ ਬਾਅਦ ਵਿੱਚ 21 ਅਗਸਤ ਨੂੰ ਵਧਾ ਕੇ 29 ਅਗਸਤ ਤੱਕ ਕਰ ਦਿੱਤਾ ਗਿਆ ਸੀ। ਹਾਲਾਂਕਿ ਹੁਣ ਐਮਰਜੈਂਸੀ ਪ੍ਰਬੰਧਨ ਅਧਿਕਾਰੀਆਂ ਦੀ ਸਲਾਹ ਤੋਂ ਬਾਅਦ ਇਸ ਨੂੰ ਨਿਰਧਾਰਤ ਮਿਆਦ ਤੋਂ ਪਹਿਲਾਂ ਹੀ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਸਰਕਾਰ ਮੁਤਾਬਕ ਐਮਰਜੈਂਸੀ ਖ਼ਤਮ ਹੋਣ ਦਾ ਮਤਲਬ ਇਹ ਨਹੀਂ ਕਿ ਜੰਗਲਾਂ ਦੀ ਅੱਗ ਦਾ ਖ਼ਤਰਾ ਟਲ ਗਿਆ ਹੈ। ਸੂਬੇ ਦੇ ਕਈ ਹਿੱਸਿਆਂ ਵਿੱਚ ਅਜੇ ਵੀ ਵਾਈਲਡਫਾਇਰ ਰਿਸਕ ਉੱਚ ਪੱਧਰ ’ਤੇ ਬਣਿਆ ਹੋਇਆ ਹੈ।
ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸੂਬਾਈ ਐਮਰਜੈਂਸੀ ਖ਼ਤਮ ਕਰਨ ਨਾਲ ਮੌਜੂਦਾ ਇਵੈਕੂਏਸ਼ਨ ਆਰਡਰ, ਇਵੈਕੂਏਸ਼ਨ ਅਲਰਟ ਜਾਂ ਸਥਾਨਕ ਸਰਕਾਰਾਂ ਅਤੇ ਫਸਟ ਨੇਸ਼ਨਜ਼ ਵੱਲੋਂ ਲਾਗੂ ਕੀਤੀਆਂ ਸਥਾਨਕ ਐਮਰਜੈਂਸੀਆਂ ’ਤੇ ਕੋਈ ਅਸਰ ਨਹੀਂ ਪਵੇਗਾ।ਇਸ ਲਈ ਜਿਨ੍ਹਾਂ ਇਲਾਕਿਆਂ ਵਿੱਚ ਲੋਕਾਂ ਨੂੰ ਅਜੇ ਵੀ ਘਰ ਖਾਲੀ ਕਰਨ ਜਾਂ ਤਿਆਰ ਰਹਿਣ ਦੇ ਹੁਕਮ ਜਾਰੀ ਹਨ, ਉਹ ਪਹਿਲਾਂ ਵਾਂਗ ਹੀ ਲਾਗੂ ਰਹਿਣਗੇ।
















