ਖਾਲਸਾ ਸਾਜਨਾ ਦਿਵਸ ਮਨਾਇਆ

News about Vaisakhi Festival celebrated in Vernon Gurudwara Sahib

ਖਾਲਸਾ ਸਾਜਨਾ ਦਿਵਸ ਮਨਾਇਆ

ਵਰਨਨ (ਜੇ.ਪੀ.ਸਿੱਧੂ): ਅੱਜ ਓਕਨਾਗਨ ਸਿੱਖ ਗੁਰਦੁਆਰਾ ਸਾਹਿਬ ਵਰਨਨ ਵਿਖੇ ਵਿਸਾਖੀ ਦਾ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਮੌਕੇ ਗੁਰੂਘਰ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏੇ। ਉਪਰੰਤ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਸ੍ਰ. ਅਮਰਜੀਤ ਸਿੰਘ ਅਤੇ ਉਥੋਂ ਦੇ ਜਥੇ ਵੱਲੋਂ ਸੰਗਤ ਨੂੰ ਕੀਰਤਨ ਅਤੇ ਵਿਸਾਖੀ ਦੇ ਬਾਰੇ ਸੰਖੇਪ ਭਾਸ਼ਣ ਵਿੱਚ ਸੰਗਤ ਨੂੰ ਨਿਹਾਲ ਕੀਤਾ। ਉਹਨਾਂ ਨੇ ਕਿਹਾ ਕਿ ਵਿਸਾਖੀ ਦਾ ਤਿਉਹਾਰ ਕੇਵਲ ਕੈਨੇਡਾ ਵਿੱਚ ਹੀ ਨਹੀਂ ਸਗੋਂ ਦੇਸ਼ ਵਿਦੇਸ਼ਾਂ ਵਿੱਚ ਵੱਡੇ ਪੱਧਰ ’ਤੇ ਮਨਾਇਆ ਜਾਂਦਾ ਹੈ। ਇਸ ਦਿਨ 13 ਅਪ੍ਰੈਲ 1699 ਈ. ਨੂੰ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਇੱਕ ਮਹਾਨ ਸਭਾ ਬੁਲਾਈ, ਜਿੱਥੇ ਸਿੱਖਾਂ ਦਾ ਅਥਾਹ ਇਕੱਠ ਹੋਇਆ। ਉਥੇ ਗੁਰੂ ਸਾਹਿਬ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ। ਖਾਲਸਾ ਦੀ ਸਥਾਪਲਾ ਕਰਕੇ ਗੁਰੂ ਸਾਹਿਬ ਨੇ ਨਵਾਂ ਪੰਥ ਸਿਰਜਿਆ। ਇਸ ਮੌਕੇ ’ਤੇ ਇੱਕ ਛੋਟੀ ਜਿਹੇ ਬੱਚੇ ਨੇ ਆਪਣੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਸਮਾਪਤੀ ਤੋਂ ਬਾਅਦ ਗੁਰੂ ਘਰ ਵਿਖੇ ਸੰਗਤਾਂ ਨੂੰ ਗੁਰੂ ਕਾ ਲੰਗਰ ਛਕਾਇਆ ਗਿਆ।
ਸਟੇਜ ਸੈਕਟਰੀ ਹਰਦਿਆਲ ਸਿੰਘ ਚਾਹਲ ਨੇ ਸਾਰੀ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ’ਤੇ ਸੇਵਾਦਾਰ ਜਸਪ੍ਰੀਤ ਸਿੰਘ, ਹਰਕੀਰਤ ਸਿੰਘ, ਜਸਵਿੰਦਰ ਪੁਰੇਵਾਲ, ਹਰਮਨ, ਅਰਸ਼, ਪ੍ਰਭਪ੍ਰੀਤ, ਮਨਵੀਰ, ਗੁਰੂ ਘਰ ਦੇ ਪ੍ਰਧਾਨ ਸੁੱਚਾ ਸਿੰਘ ਜੱਸੀ, ਸਾਜਨ ਸਿੰਘ, ਬਲਵਿੰਦਰ ਸਿੰਘ ਖਜ਼ਾਨਚੀ, ਕਮਲੇਸ਼ ਚੰਦਰ, ਜਸਕਰਨ ਆਹਲੂਵਾਲੀਆ ਅਤੇ ਦਰਸ਼ਨ ਸਿਘ ਆਦਿ ਮੈਂਬਰ ਹਾਜ਼ਰ ਸਨ।