ਕਰਨ ਜੌਹਰ ਨੇ ‘ਡਿਜ਼ੀਟਲ ਡੀਟਾਕਸ’ ਦੱਸਿਆ ਇੰਸਟਾਗ੍ਰਾਮ ਅਨਫਾਲੋ ਮਾਮਲਾ
ਮੁੰਬਈ-ਬਾਲੀਵੁੱਡ ਨਿਰਦੇਸ਼ਕ ਅਤੇ ਨਿਰਮਾਤਾ ਕਰਨ ਜੌਹਰ ਵੱਲੋਂ ਅਚਾਨਕ ਕਈ ਮਸ਼ਹੂਰ ਸਿਤਾਰਿਆਂ ਨੂੰ ਇੰਸਟਾਗ੍ਰਾਮ ’ਤੇ ਅਨਫਾਲੋ ਕਰਨ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ ਸੀ। ਹੁਣ ਕਰਨ ਜੌਹਰ ਨੇ ਖੁਦ ਸਾਹਮਣੇ ਆ ਕੇ ਇਸ ਮਾਮਲੇ ’ਤੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਕਿਸੇ ਨਾਲ ਮਨਮੁਟਾਅ ਨਹੀਂ, ਸਗੋਂ ਇੱਕ “ਡਿਜ਼ੀਟਲ ਡੀਟਾਕਸ” ਦਾ ਹਿੱਸਾ ਹੈ।
ਵੀਰਵਾਰ ਨੂੰ ਕਰਨ ਜੌਹਰ ਨੇ ਸ਼ਾਹਰੁਖ ਖਾਨ, ਕਰੀਨਾ ਕਪੂਰ, ਆਲੀਆ ਭੱਟ, ਵਰੁਣ ਧਵਨ, ਸਿਧਾਰਥ ਮਲਹੋਤਰਾ, ਮਲਾਇਕਾ ਅਰੋੜਾ, ਅਨਨਿਆ ਪਾਂਡੇ ਅਤੇ ਡਿਜ਼ਾਈਨਰ ਮਨੀਸ਼ ਮਲਹੋਤਰਾ ਸਮੇਤ ਕਈ ਨੇੜਲੇ ਦੋਸਤਾਂ ਅਤੇ ਇੰਡਸਟਰੀ ਸਾਥੀਆਂ ਨੂੰ ਅਨਫਾਲੋ ਕਰ ਦਿੱਤਾ ਸੀ। ਇਸ ਤੋਂ ਬਾਅਦ ਪ੍ਰਸ਼ੰਸਕਾਂ ਵਿੱਚ ਕਈ ਤਰ੍ਹਾਂ ਦੀਆਂ ਅਟਕਲਾਂ ਲੱਗਣ ਲੱਗੀਆਂ ਸਨ।
ਕਰਨ ਜੌਹਰ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਰਾਹੀਂ ਸਪੱਸ਼ਟ ਕੀਤਾ ਕਿ ਉਹ ਸੋਸ਼ਲ ਮੀਡੀਆ ’ਤੇ ਘੱਟ ਸਮਾਂ ਬਿਤਾਉਣਾ ਚਾਹੁੰਦੇ ਹਨ। ਉਨ੍ਹਾਂ ਲਿਖਿਆ, “ਇਹ ਇੱਕ ਡਿਜ਼ੀਟਲ ਡੀਟਾਕਸ ਹੈ। ਮੈਂ ਇੰਸਟਾਗ੍ਰਾਮ ’ਤੇ ਆਪਣਾ ਸਮਾਂ ਅਤੇ ਊਰਜਾ ਘਟਾਉਣ ਲਈ ਸਭ ਨੂੰ ਅਨਫਾਲੋ ਕਰ ਰਿਹਾ ਹਾਂ। ਰੱਬ ਲਈ ਇਸਨੂੰ ਰਾਸ਼ਟਰੀ ਖ਼ਬਰ ਨਾ ਬਣਾਓ। ਕੋਈ ਹੋਰ ਕਲਿਕਬੇਟ ਲੱਭੋ। ਇਹ ਗੱਲ ਇੰਨੀ ਮਹੱਤਵਪੂਰਨ ਨਹੀਂ ਹੈ।”
ਹਾਲਾਂਕਿ ਕਰਨ ਜੌਹਰ ਨੇ ਜ਼ਿਆਦਾਤਰ ਬਾਲੀਵੁੱਡ ਸਿਤਾਰਿਆਂ ਨੂੰ ਅਨਫਾਲੋ ਕਰ ਦਿੱਤਾ ਹੈ, ਪਰ ਉਹ ਅਜੇ ਵੀ ਅਦਾਕਾਰਾ ਪ੍ਰਿਯੰਕਾ ਚੋਪੜਾ ਨੂੰ ਫਾਲੋ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਫਾਲੋਇੰਗ ਲਿਸਟ ਵਿੱਚ ਧਰਮਾ ਪ੍ਰੋਡਕਸ਼ਨਜ਼ ਦੇ ਸੀਈਓ ਅਪੂਰਵਾ ਮਹਿਤਾ ਅਤੇ ਉਦਯੋਗਪਤੀ ਅਦਾਰ ਪੂਨਾਵਾਲਾ ਵਰਗੇ ਕੁਝ ਨਾਂ ਸ਼ਾਮਲ ਹਨ।
ਸੋਸ਼ਲ ਮੀਡੀਆ ਯੂਜ਼ਰਾਂ ਨੇ ਇਹ ਵੀ ਨੋਟ ਕੀਤਾ ਕਿ ਕਰਨ ਨੇ ਕਾਰਤਿਕ ਆਰਯਨ ਨੂੰ ਵੀ ਅਨਫਾਲੋ ਕਰ ਦਿੱਤਾ ਹੈ, ਜਦਕਿ ਕਾਰਤਿਕ ਉਨ੍ਹਾਂ ਦੀ ਆਉਣ ਵਾਲੀ ਫਿਲਮ “ਨਾਗਜ਼ਿਲਾ” ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਨ।
ਕਰਨ ਜੌਹਰ ਲੰਬੇ ਸਮੇਂ ਤੋਂ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹੇ ਹਨ। ਉਹ ਆਪਣੇ ਬੱਚਿਆਂ ਯਸ਼ ਅਤੇ ਰੂਹੀ ਨਾਲ ਜੁੜੀਆਂ ਤਸਵੀਰਾਂ, ਦੋਸਤਾਂ ਨਾਲ ਮਸਤੀਭਰੇ ਪਲ, ਫੈਸ਼ਨ ਅਤੇ ਯਾਤਰਾ ਨਾਲ ਸੰਬੰਧਿਤ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ। ਉਨ੍ਹਾਂ ਦੀਆਂ ਇੰਸਟਾਗ੍ਰਾਮ ਸਟੋਰੀਆਂ ਖ਼ਾਸ ਤੌਰ ’ਤੇ ਪ੍ਰਸ਼ੰਸਕਾਂ ਵਿੱਚ ਕਾਫ਼ੀ ਲੋਕਪ੍ਰਿਯ ਰਹੀਆਂ ਹਨ।
ਪਰ ਕਰਨ ਜੌਹਰ ਨੂੰ ਸੋਸ਼ਲ ਮੀਡੀਆ ’ਤੇ ਕਈ ਵਾਰ ਨਕਾਰਾਤਮਕ ਟਿੱਪਣੀਆਂ ਅਤੇ ਟ੍ਰੋਲਿੰਗ ਦਾ ਵੀ ਸਾਹਮਣਾ ਕਰਨਾ ਪਿਆ ਹੈ। ਇੱਕ ਪੁਰਾਣੇ ਇੰਟਰਵਿਊ ਦੌਰਾਨ ਉਨ੍ਹਾਂ ਨੇ ਦੱਸਿਆ ਸੀ ਕਿ ਇੱਕ ਟਿੱਪਣੀ ਨੇ ਉਨ੍ਹਾਂ ਨੂੰ ਬਹੁਤ ਤੋੜ ਦਿੱਤਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਆਪਣੇ ਬੱਚਿਆਂ ਨੂੰ ਮਾਂ ਤੋਂ ਵਾਂਝਾ ਕਰ ਰਹੇ ਹਨ। ਕਰਨ ਨੇ ਕਿਹਾ ਸੀ ਕਿ ਉਸ ਟਿੱਪਣੀ ਨੇ ਉਨ੍ਹਾਂ ਨੂੰ ਕੁਝ ਸਮੇਂ ਲਈ ਇੱਕ ਸਿੰਗਲ ਪੇਰੈਂਟ ਹੋਣ ਦੇ ਆਪਣੇ ਫੈਸਲੇ ’ਤੇ ਸੋਚਣ ਲਈ ਮਜਬੂਰ ਕਰ ਦਿੱਤਾ ਸੀ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਰਨ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਹੋਵੇ। 2022 ਵਿੱਚ ਉਨ੍ਹਾਂ ਨੇ ਐਕਸ (ਪਹਿਲਾਂ ਟਵਿੱਟਰ) ਨੂੰ ਵੀ ਛੱਡ ਦਿੱਤਾ ਸੀ। ਉਸ ਵੇਲੇ ਉਨ੍ਹਾਂ ਕਿਹਾ ਸੀ ਕਿ ਉਹ ਆਪਣੀ ਜ਼ਿੰਦਗੀ ਵਿੱਚ ਹੋਰ ਸਕਾਰਾਤਮਕ ਊਰਜਾ ਲਈ ਇਹ ਕਦਮ ਚੁੱਕ ਰਹੇ ਹਨ।
















