ਕਮਲ ਕੌਰ ਭਾਬੀ ਦਾ ਕਤਲ ਦਾ ਦਾਅਵਾ ਕਰਨ ਵਾਲੇ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਹੱਕ ਵਿੱਚ ਆਇਆ ਦਲ ਖਾਲਸਾ

ਕਮਲ ਕੌਰ ਭਾਬੀ ਦਾ ਕਤਲ ਦਾ ਦਾਅਵਾ ਕਰਨ ਵਾਲੇ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਹੱਕ ਵਿੱਚ ਆਇਆ ਦਲ ਖਾਲਸਾ
ਅੰਮ੍ਰਿਤਸਰ-ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਦੇ ਨਾਮ ਨਾਲ ਜਾਣੀ ਜਾਂਦੀ ਇੰਸਟਾਗ੍ਰਾਮ ਇਨਫਲੂਐਂਸਰ ਜਿਸ ਦਾ ਬੀਤੇ ਦਿਨੀਂ ਅੰਮ੍ਰਿਤਪਾਲ ਸਿੰਘ ਮਹਿਰੋਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਦੇ ਸਬੰਧ ਵਿੱਚ ਸਿੱਖ ਜਥੇਬੰਦੀ ਦਲ ਖਾਲਸਾ ਨੇ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਸਮਰਥਨ ’ਚ ਪ੍ਰੈਸ ਕਾਨਫਰੰਸ ਕੀਤੀ। ਜਿੱਥੇ ਮੈਂਬਰ ਕੰਵਰਪਾਲ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਅੰਮ੍ਰਿਤਪਾਲ ਨੂੰ ਅਜਿਹਾ ਕਦਮ ਕਿਉਂ ਚੁੱਕਣਾ ਪਿਆ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਅਸ਼ਲੀਲ ਸਮੱਗਰੀ ’ਤੇ ਰੋਕ ਲਗਾਉਣਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਸਮੱਸਿਆ ਦਾ ਹੱਲ ਸਿਰਫ਼ ਸੁਰੱਖਿਆ ਨਹੀਂ, ਸਮਾਜ ’ਚ ਜਾਗਰੂਕਤਾ ਅਤੇ ਕਾਨੂੰਨੀ ਕਾਰਵਾਈ ਵੀ ਜ਼ਰੂਰੀ ਹੈ। ਨਾਲ ਹੀ  ਉਨ੍ਹਾਂ ਨੇ ਸਵਾਲ ਉਠਾਇਆ ਕਿ ਜੇ ਅਸ਼ਲੀਲ ਸਮੱਗਰੀ ਪਰੋਸੀ ਜਾ ਰਹੀ ਸੀ, ਤਾਂ ਪ੍ਰਸ਼ਾਸਨ ਨੇ ਕੋਈ ਐਕਸ਼ਨ ਕਿਉਂ ਨਹੀਂ ਲਿਆ?  ਉਨ੍ਹਾਂ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਅਸ਼ਲੀਲਤਾ ਦਾ ਕਾਰਨ ਕਮਾਈ ਹੈ, ਜਿਸ ਨੂੰ ਕੁਝ ਪਰਿਵਾਰ ਆਰਥਿਕ ਮਜਬੂਰੀਆਂ ਕਾਰਨ ਪ੍ਰਮੋਟ ਕਰਦੇ ਹਨ। ਅੰਮ੍ਰਿਤਪਾਲ ਸਿੰਘ ਨੇ ਸਮਾਜਿਕ ਕੁਰੀਤੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਦੀ ਸਰਾਹਨਾ ਕੀਤੀ ਗਈ। ਇਸੇ ਦੌਰਾਨ, ਪਰਮਜੀਤ ਸਿੰਘ ਮੰਡ ਨੇ ਜਥੇਦਾਰਾਂ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਦੀ ਵਿਧੀ ਸਬੰਧੀ ਗੱਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਅਜੇ ਤੱਕ ਕੋਈ ਠੋਸ ਫੈਸਲਾ ਨਹੀਂ ਲਿਆ, ਹਾਲਾਂਕਿ ਸਿੱਖ ਜਥੇਬੰਦੀਆਂ ਅਤੇ ਸੰਗਤ ਨੇ ਸੁਝਾਅ ਦਿੱਤੇ ਹਨ। ਉਨ੍ਹਾਂ ਮੰਗ ਕੀਤੀ ਕਿ ਪ੍ਰਬੰਧਕ ਕਮੇਟੀ ਨੂੰ ਇਸ ਮਸਲੇ ਦਾ ਜਲਦ ਹੱਲ ਕਰਨਾ ਚਾਹੀਦਾ, ਤਾਂ ਜੋ ਕੌਮ ’ਚ ਨਵਾਂ ਵਿਵਾਦ ਨਾ ਖੜ੍ਹਾ ਹੋਵੇ। ਉਨ੍ਹਾਂ ਚਿੰਤਾ ਜਤਾਈ ਕਿ ਇਸ ਨਾਲ ਨਾ ਸਿਰਫ਼ ਸ਼੍ਰੋਮਣੀ ਕਮੇਟੀ, ਸਗੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਨੂੰ ਵੀ ਠੇਸ ਪਹੁੰਚ ਰਹੀ ਹੈ। ਦਲ ਖਾਲਸਾ ਨੇ ਸਰਕਾਰ ਅਤੇ ਪ੍ਰਬੰਧਕੀ ਸੰਸਥਾਵਾਂ ਨੂੰ ਸਮਾਜਿਕ ਅਤੇ ਧਾਰਮਿਕ ਮਸਲਿਆਂ ’ਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ।