AI ਅਤੇ ਸੋਸ਼ਲ ਮੀਡੀਆ ’ਤੇ ਸਖ਼ਤ ਨਿਯਮਾਂ ਦੀ ਤਿਆਰੀ, ਕੈਨੇਡਾ ਸਰਕਾਰ ਦਾ ਨਵਾਂ ਕਦਮ
ਓਟਾਵਾ-ਕੈਨੇਡਾ ਦੀ ਲਿਬਰਲ ਸਰਕਾਰ ਵੱਲੋਂ ਪੇਸ਼ ਕੀਤੇ ਗਏ ਨਵੇਂ ਆਨਲਾਈਨ ਨੁਕਸਾਨ (Online Harms) ਬਿੱਲ ਨੂੰ ਲੈ ਕੇ ਮੁੱਖ ਵਿਰੋਧੀ ਧਿਰਾਂ ਕੰਜ਼ਰਵੇਟਿਵ ਪਾਰਟੀ ਅਤੇ ਨਿਊ ਡੈਮੋਕ੍ਰੈਟਿਕ ਪਾਰਟੀ (ਐਨਡੀਪੀ) ਨੇ ਫਿਲਹਾਲ ਆਪਣਾ ਸਪੱਸ਼ਟ ਰੁਖ ਨਹੀਂ ਅਪਣਾਇਆ ਹੈ।ਬਿੱਲ ਦੀ ਸਭ ਤੋਂ ਚਰਚਿਤ ਵਿਵਸਥਾ ਇਹ ਹੈ ਕਿ ਸੋਸ਼ਲ ਮੀਡੀਆ ਕੰਪਨੀਆਂ ਨੂੰ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਆਪਣੇ ਪਲੇਟਫਾਰਮਾਂ ਤੋਂ ਦੂਰ ਰੱਖਣਾ ਲਾਜ਼ਮੀ ਹੋਵੇਗਾ।
ਕੰਜ਼ਰਵੇਟਿਵ ਪਾਰਟੀ ਦੇ ਬੁਲਾਰੇ ਨੇ ਕਿਹਾ ਕਿ ਪਾਰਟੀ ਇਸ ਬਿੱਲ ਦਾ ਧਿਆਨ ਨਾਲ ਅਧਿਐਨ ਕਰੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਬੱਚਿਆਂ ਦੀ ਸੁਰੱਖਿਆ ਦੇ ਨਾਲ-ਨਾਲ ਨਾਗਰਿਕਾਂ ਦੀ ਨਿੱਜਤਾ ਵੀ ਬਰਕਰਾਰ ਰਹੇ।ਦੂਜੇ ਪਾਸੇ, ਐਨਡੀਪੀ ਆਗੂ ਐਵੀ ਲੂਇਸ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਹ ਵੇਖ ਰਹੀ ਹੈ ਕਿ ਕੀ ਇਹ ਬਿੱਲ ਆਨਲਾਈਨ ਗਲਤ ਜਾਣਕਾਰੀ, ਜਿਨਸੀ ਸ਼ੋਸ਼ਣ ਅਤੇ ਹੋਰ ਡਿਜ਼ੀਟਲ ਖਤਰਿਆਂ ਦੇ ਅਸਲ ਕਾਰਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਦਾ ਹੈ ਜਾਂ ਨਹੀਂ।
ਐਨਡੀਪੀ ਨੇ ਇਹ ਵੀ ਚਿੰਤਾ ਜਤਾਈ ਹੈ ਕਿ ਬੱਚਿਆਂ ਲਈ ਸੋਸ਼ਲ ਮੀਡੀਆ ਪਾਬੰਦੀ ਲਾਗੂ ਕਰਨ ਦੇ ਨਾਂ ’ਤੇ ਵੱਡੀਆਂ ਟੈਕਨਾਲੋਜੀ ਕੰਪਨੀਆਂ ਵੱਲੋਂ ਹੋਰ ਵੱਧ ਨਿੱਜੀ ਡਾਟਾ ਇਕੱਠਾ ਕੀਤਾ ਜਾ ਸਕਦਾ ਹੈ। ਨਵੇਂ ਬਿੱਲ C-34 ਤਹਿਤ ਇੱਕ ਸੁਤੰਤਰ ਡਿਜ਼ੀਟਲ ਨਿਗਰਾਨ ਅਥਾਰਟੀ (Digital Regulator) ਬਣਾਉਣ ਦਾ ਪ੍ਰਸਤਾਵ ਹੈ। ਇਸ ਤੋਂ ਇਲਾਵਾ, ਆਰਟੀਫ਼ੀਸ਼ਲ ਇੰਟੈਲੀਜੈਂਸ (AI) ਅਧਾਰਿਤ ਚੈਟਬੋਟ ਬਣਾਉਣ ਵਾਲੀਆਂ ਕੰਪਨੀਆਂ ਲਈ ਵੀ ਜ਼ਿੰਮੇਵਾਰ ਢੰਗ ਨਾਲ ਕੰਮ ਕਰਨ ਦੀ ਕਾਨੂੰਨੀ ਜ਼ਿੰਮੇਵਾਰੀ ਨਿਰਧਾਰਤ ਕੀਤੀ ਜਾਵੇਗੀ।ਸਰਕਾਰ ਦਾ ਕਹਿਣਾ ਹੈ ਕਿ ਇਹ ਬਿੱਲ ਬੱਚਿਆਂ ਅਤੇ ਨੌਜਵਾਨਾਂ ਨੂੰ ਆਨਲਾਈਨ ਖਤਰਿਆਂ ਤੋਂ ਬਚਾਉਣ, ਗਲਤ ਜਾਣਕਾਰੀ ਦੇ ਫੈਲਾਅ ਨੂੰ ਰੋਕਣ ਅਤੇ AI ਤਕਨਾਲੋਜੀ ਦੀ ਜਵਾਬਦੇਹ ਵਰਤੋਂ ਨੂੰ ਯਕੀਨੀ ਬਣਾਉਣ ਲਈ ਲਿਆਂਦਾ ਗਿਆ ਹੈ।ਹਾਲਾਂਕਿ ਵਿਰੋਧੀ ਧਿਰਾਂ ਦੇ ਅੰਤਿਮ ਫ਼ੈਸਲੇ ਤੋਂ ਪਹਿਲਾਂ ਇਸ ਬਿੱਲ ’ਤੇ ਸਿਆਸੀ ਅਤੇ ਜਨਤਕ ਚਰਚਾ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ।
















