ਸੇਂਟ ਜੌਨ ਵਿੱਚ 73ਵੀਂ ਸਾਲਾਨਾ ਸਾਂਤਾ ਕਲਾਜ਼ ਪਰੇਡ ਨੇ ਬੰਨ੍ਹਿਆ ਰੰਗ, ਹਜ਼ਾਰਾਂ ਲੋਕਾਂ ਨੇ ਲਿਆ ਹਿੱਸਾ
The 73rd annual Saint John Santa Claus Parade attracted thousands of residents to uptown Saint John, New Brunswick, on Saturday night. The event featured 64 festive floats, community organizations, performers and Santa Claus.
ਨਿਊ ਬਰੰਜ਼ਵਿਕ-ਨਿਊ ਬਰੰਜ਼ਵਿਕ ਦੇ ਸ਼ਹਿਰ ਸੇਂਟ ਜੌਨ ਵਿੱਚ ਸ਼ਨੀਵਾਰ ਰਾਤ 73ਵੀਂ ਸਾਲਾਨਾ ਸਾਂਤਾ ਕਲਾਜ਼ ਪਰੇਡ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸ਼ਹਿਰ ਦੀਆਂ ਸੜਕਾਂ 'ਤੇ ਹਜ਼ਾਰਾਂ ਲੋਕ ਇਕੱਠੇ ਹੋਏ ਅਤੇ ਕ੍ਰਿਸਮਸ ਦੇ ਤਿਉਹਾਰ ਦਾ ਉਤਸ਼ਾਹ ਨਾਲ ਸਵਾਗਤ ਕੀਤਾ।
ਪਰੇਡ ਦੀ ਸ਼ੁਰੂਆਤ ਸ਼ਹਿਰ ਦੇ ਅੱਪਟਾਊਨ ਇਲਾਕੇ ਵਿੱਚ ਵਾਟਰ ਸਟਰੀਟ ਸਥਿਤ ਕਰੂਜ਼ ਸ਼ਿਪ ਟਰਮੀਨਲ ਤੋਂ ਹੋਈ ਅਤੇ ਇਹ ਓਵਰਪਾਸ ਤੋਂ ਹੁੰਦੀ ਹੋਈ ਪੁਰਾਣੇ ਨੌਰਥ ਐਂਡ ਇਲਾਕੇ ਦੇ ਲੈਂਸਡਾਊਨ ਐਵੇਨਿਊ ਵਿਖੇ ਸਮਾਪਤ ਹੋਈ। ਇਸ ਸਾਲ ਦੀ ਪਰੇਡ ਵਿੱਚ 64 ਸਜਾਵਟੀ ਝਾਕੀਆਂ, ਵੱਖ-ਵੱਖ ਭਾਈਚਾਰਕ ਸੰਸਥਾਵਾਂ ਅਤੇ ਕਲਾਕਾਰਾਂ ਨੇ ਹਿੱਸਾ ਲਿਆ। ਸਾਂਤਾ ਕਲਾਜ਼ ਦੀ ਮੌਜੂਦਗੀ ਨੇ ਬੱਚਿਆਂ ਅਤੇ ਪਰਿਵਾਰਾਂ ਵਿੱਚ ਖ਼ਾਸ ਖਿੱਚ ਪੈਦਾ ਕੀਤੀ।
ਲਗਭਗ 45 ਮਿੰਟ ਚੱਲੀ ਇਸ ਪਰੇਡ ਦੌਰਾਨ ਲੋਕਾਂ ਨੇ ਕ੍ਰਿਸਮਸ ਦੇ ਗੀਤਾਂ, ਰੌਸ਼ਨੀਆਂ ਨਾਲ ਸਜੀਆਂ ਝਾਕੀਆਂ ਅਤੇ ਮਠਿਆਈਆਂ ਦਾ ਆਨੰਦ ਮਾਣਿਆ। ਇਸ ਸਮਾਗਮ ਵਿੱਚ ਪਰਿਵਾਰਾਂ ਦੇ ਨਾਲ-ਨਾਲ ਸਥਾਨਕ ਕਾਰੋਬਾਰਾਂ ਅਤੇ ਗੈਰ-ਮੁਨਾਫ਼ਾ ਸੰਸਥਾਵਾਂ ਨੇ ਵੀ ਉਤਸ਼ਾਹ ਨਾਲ ਭਾਗ ਲਿਆ।
ਪਰੇਡ ਕਮੇਟੀ ਦੇ ਚੇਅਰਮੈਨ ਬਲੇਨ ਹੈਰਿਸ ਨੇ ਕਿਹਾ ਕਿ ਇਹ ਸਮਾਗਮ ਲੋਕਾਂ ਲਈ ਕ੍ਰਿਸਮਸ ਦੇ ਮੌਸਮ ਦੀ ਸ਼ੁਰੂਆਤ ਦਾ ਪ੍ਰਤੀਕ ਬਣ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਉਹ ਪਿਛਲੇ 10 ਸਾਲਾਂ ਤੋਂ ਪਰੇਡ ਦੀ ਅਗਵਾਈ ਕਰ ਰਹੇ ਸਨ ਅਤੇ ਵੱਖ-ਵੱਖ ਰੂਪਾਂ ਵਿੱਚ 30 ਸਾਲਾਂ ਤੋਂ ਇਸ ਨਾਲ ਜੁੜੇ ਹੋਏ ਹਨ। ਹੁਣ ਉਹ ਅਤੇ ਸੇਂਟ ਜੌਨ-ਲੈਂਕੈਸਟਰ ਬਿਜ਼ਨਸ ਐਸੋਸੀਏਸ਼ਨ ਪ੍ਰਬੰਧਕੀ ਜ਼ਿੰਮੇਵਾਰੀ ਤੋਂ ਪਿੱਛੇ ਹਟ ਰਹੇ ਹਨ।
ਹੁਣ ਅਗਲੇ ਸਾਲ ਪਰੇਡ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਸੰਭਾਲਣ ਲਈ ਨਵੇਂ ਪ੍ਰਬੰਧਕਾਂ ਅਤੇ ਵਲੰਟੀਅਰਾਂ ਦੀ ਲੋੜ ਹੋਵੇਗੀ। ਸ਼ਹਿਰ ਦੇ ਕੌਂਸਲਰ ਰਿਆਨ ਮੂਰ ਨੇ ਉਮੀਦ ਜਤਾਈ ਕਿ ਸਥਾਨਕ ਭਾਈਚਾਰਾ ਇਕੱਠਾ ਹੋ ਕੇ ਇਸ ਰਵਾਇਤ ਨੂੰ ਅੱਗੇ ਜਾਰੀ ਰੱਖੇਗਾ।














