ਸਲੀਮ ਖਾਨ ਦੀ ਸਿਹਤ ਨਾਜ਼ੁਕ, ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਵੈਂਟੀਲੇਟਰ ’ਤੇ ਦਾਖ਼ਲ

ਸਲੀਮ ਖਾਨ ਦੀ ਸਿਹਤ ਨਾਜ਼ੁਕ, ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਵੈਂਟੀਲੇਟਰ ’ਤੇ ਦਾਖ਼ਲ

ਮੁੰਬਈ-ਬਾਲੀਵੁੱਡ ਦੇ ਦਿੱਗਜ ਪਟਕਥਾ ਲੇਖਕ ਅਤੇ ਸਲੀਮ ਖਾਨ ਦੀ ਸਿਹਤ ਅਚਾਨਕ ਵਿਗੜ ਜਾਣ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। 90 ਸਾਲਾ ਸਲੀਮ ਖਾਨ ਨੂੰ ਮੰਗਲਵਾਰ ਸਵੇਰੇ ਹਸਪਤਾਲ ਲਿਆਂਦਾ ਗਿਆ, ਜਿੱਥੇ ਜਾਂਚ ਮਗਰੋਂ ਉਨ੍ਹਾਂ ਨੂੰ ਆਈਸੀਯੂ ਵਿੱਚ ਦਾਖ਼ਲ ਕਰਕੇ ਵੈਂਟੀਲੇਟਰ ਸਹਾਇਤਾ ’ਤੇ ਰੱਖਿਆ ਗਿਆ ਹੈ। ਡਾਕਟਰੀ ਸੂਤਰਾਂ ਮੁਤਾਬਕ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਅਚਾਨਕ ਵੱਧਣ ਕਾਰਨ ਦਿਮਾਗ ਦੇ ਸੱਜੇ ਪਾਸੇ ਅੰਦਰੂਨੀ ਖੂਨ ਵਹਿਣ ਦੀ ਸਮੱਸਿਆ ਆ ਗਈ ਹੈ। ਡਾਕਟਰਾਂ ਵੱਲੋਂ ਉਨ੍ਹਾਂ ਦੀ ਹਾਲਤ ’ਤੇ ਨਜ਼ਦੀਕੀ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਸਰਜਰੀ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਇਸ ਦੌਰਾਨ ਪਰਿਵਾਰਕ ਮੈਂਬਰ ਹਸਪਤਾਲ ਵਿੱਚ ਮੌਜੂਦ ਹਨ। ਅਦਾਕਾਰ ਸਲਮਾਨ ਖਾਨ ਵੀ ਹਸਪਤਾਲ ਪਹੁੰਚੇ। ਉਨ੍ਹਾਂ ਦੀ ਪਤਨੀ ਸਲਮਾ ਖਾਨ ਅਤੇ ਹੈਲਨ ਦੇ ਨਾਲ ਪੁੱਤਰ ਅਰਬਾਜ਼ ਖਾਨ, ਧੀਆਂ ਅਲਵੀਰਾ ਖਾਨ ਤੇ ਅਰਪਿਤਾ ਖਾਨ, ਜਵਾਈ ਆਯੁਸ਼ ਸ਼ਰਮਾ ਅਤੇ ਹੋਰ ਪਰਿਵਾਰਕ ਮੈਂਬਰ ਵੀ ਉਨ੍ਹਾਂ ਦੇ ਨਾਲ ਹਨ।

ਫ਼ਿਲਮ ਅਦਾਕਾਰ ਸੰਜੇ ਦੱਤ ਸਮੇਤ ਕਈ ਕਰੀਬੀ ਦੋਸਤ ਵੀ ਹਸਪਤਾਲ ਪਹੁੰਚੇ। ਫ਼ਿਲਮ ਉਦਯੋਗ ਅਤੇ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਦੀ ਜਲਦੀ ਸਿਹਤਯਾਬੀ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਹਨ।

ਸਲੀਮ ਖਾਨ ਹਿੰਦੀ ਫ਼ਿਲਮ ਉਦਯੋਗ ਦੇ ਸਭ ਤੋਂ ਪ੍ਰਭਾਵਸ਼ਾਲੀ ਲੇਖਕਾਂ ਵਿੱਚ ਗਿਣੇ ਜਾਂਦੇ ਹਨ। ਉਨ੍ਹਾਂ ਨੇ ਜਾਵੇਦ ਅਖ਼ਤਰ ਨਾਲ ਮਿਲ ਕੇ ਮਸ਼ਹੂਰ ਸਲੀਮ–ਜਾਵੇਦ ਜੋੜੀ ਬਣਾਈ, ਜਿਸ ਨੇ 1970 ਦੇ ਦਹਾਕੇ ਵਿੱਚ ਬਾਲੀਵੁੱਡ ਨੂੰ ਨਵੀਂ ਦਿਸ਼ਾ ਦਿੱਤੀ।