ਵਿਰਾਟ ਕੋਹਲੀ ਨੇ ਬਦਲਿਆ ਆਪਣਾ ਟੀ-20 ਅੰਦਾਜ਼, ਹੁਣ ਖੇਡ ‘ਚ ਦਿਖੀ ਸੂਰਿਆਵੰਸ਼ੀ ਤੇ ਅਭਿਸ਼ੇਕ ਦੀ ਝਲਕ
ਨਵੀਂ ਦਿੱਲੀ-ਭਾਰਤੀ ਕ੍ਰਿਕਟ ਦੇ ਸਿਤਾਰੇ ਵਿਰਾਟ ਕੋਹਲੀ ਨੇ ਆਈਪੀਐਲ 2026 ਵਿੱਚ ਆਪਣੇ ਖੇਡ ਅੰਦਾਜ਼ ਵਿੱਚ ਵੱਡਾ ਬਦਲਾਅ ਕਰਦੇ ਹੋਏ ਨਵੇਂ ਯੁੱਗ ਦੀ ਤੇਜ਼ ਤਰਾਰ ਟੀ-20 ਕ੍ਰਿਕਟ ਨੂੰ ਪੂਰੀ ਤਰ੍ਹਾਂ ਅਪਣਾਇਆ। 19 ਆਈਪੀਐਲ ਸੀਜ਼ਨਾਂ ਅਤੇ 2025 ਦਾ ਖਿਤਾਬ ਜਿੱਤਣ ਤੋਂ ਬਾਅਦ ਵੀ ਕੋਹਲੀ ਨੇ ਆਪਣੇ ਆਪ ਨੂੰ ਸਮੇਂ ਦੇ ਨਾਲ ਢਾਲਣ ਦਾ ਸਬੂਤ ਦਿੱਤਾ ਹੈ।ਰੋਇਲ ਚੈਲੈਂਜਰਜ਼ ਬੈਂਗਲੁਰੂ ਦੀ ਖਿਤਾਬੀ ਮੁਹਿੰਮ ਦੌਰਾਨ ਕੋਹਲੀ ਨੇ ਗੁਜਰਾਤ ਟਾਈਟਨਜ਼ ਖ਼ਿਲਾਫ਼ ਫਾਈਨਲ ਵਿੱਚ ਨਾਬਾਦ 75 ਦੌੜਾਂ ਬਣਾਕੇ ਟੀਮ ਨੂੰ ਜਿੱਤ ਦਵਾਈ। ਇਸ ਸੀਜ਼ਨ ਉਹਨਾਂ ਨੇ ਕੁੱਲ 675 ਦੌੜਾਂ ਬਣਾਈਆਂ ਅਤੇ ਲਗਾਤਾਰ ਚੌਥੀ ਵਾਰ 600 ਤੋਂ ਵੱਧ ਦੌੜਾਂ ਦਾ ਅੰਕੜਾ ਪਾਰ ਕੀਤਾ।
ਆਈਪੀਐਲ 2026 ਨੂੰ ਉਹ ਸੀਜ਼ਨ ਮੰਨਿਆ ਜਾ ਰਿਹਾ ਹੈ ਜਦੋਂ ਕੋਹਲੀ ਨੇ ਟੀ-20 ਕ੍ਰਿਕਟ ਦੇ ਨਵੇਂ ਤੇਜ਼ ਰਫ਼ਤਾਰ ਅੰਦਾਜ਼ ਨੂੰ ਪੂਰੀ ਤਰ੍ਹਾਂ ਅਪਣਾਇਆ। ਭਾਵੇਂ ਉਨ੍ਹਾਂ ਦੀ ਬੈਟਿੰਗ ਵਿੱਚ ਵੈਭਵ ਸੂਰਿਆਵੰਸ਼ੀ ਜਾਂ ਅਭਿਸ਼ੇਕ ਸ਼ਰਮਾ ਵਰਗੀ ਧਮਾਕੇਦਾਰ ਸ਼ਾਟ ਮਾਰਨ ਦੀ ਚਮਕ ਨਹੀਂ, ਪਰ ਉਨ੍ਹਾਂ ਨੇ ਆਪਣੇ ਮੂਲ ਖੇਡ ਨੂੰ ਕਾਇਮ ਰੱਖਦੇ ਹੋਏ ਹਮਲਾਵਰ ਸੋਚ ਨਾਲ ਰਨ ਬਣਾਏ।
ਕੋਹਲੀ ਨੇ ਕਿਹਾ ਕਿ ਨੌਜਵਾਨ ਖਿਡਾਰੀਆਂ ਦੀ ਆਕਰਮਕ ਬੈਟਿੰਗ ਨੇ ਉਨ੍ਹਾਂ ਨੂੰ ਆਪਣਾ ਖੇਡ ਹੋਰ ਸੁਧਾਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਮੁਤਾਬਕ ਮੌਜੂਦਾ ਟੀ-20 ਕ੍ਰਿਕਟ ਵਿੱਚ ਵਾਧੂ 20-30 ਦੌੜਾਂ ਬਹੁਤ ਮਹੱਤਵਪੂਰਨ ਹੁੰਦੀਆਂ ਹਨ ਅਤੇ ਇਸ ਲਈ ਉਨ੍ਹਾਂ ਨੂੰ ਆਪਣੀ ਸੋਚ ਵਿੱਚ ਬਦਲਾਅ ਕਰਨਾ ਪਿਆ।ਸੀਜ਼ਨ ਦੌਰਾਨ ਕੋਹਲੀ ਨੇ ਪਾਵਰਪਲੇ ਵਿੱਚ ਸਭ ਤੋਂ ਵੱਧ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਪਾਵਰਪਲੇ ਵਿੱਚ 360 ਦੌੜਾਂ 174.76 ਦੀ ਸਟ੍ਰਾਈਕ ਰੇਟ ਨਾਲ ਬਣਾਈਆਂ, ਜੋ ਉਨ੍ਹਾਂ ਦੇ ਆਈਪੀਐਲ ਕਰੀਅਰ ਦੀ ਸਭ ਤੋਂ ਵਧੀਆ ਪਾਵਰਪਲੇ ਸਟ੍ਰਾਈਕ ਰੇਟ ਰਹੀ। ਇਸ ਮਾਮਲੇ ਵਿੱਚ ਕੇਵਲ ਵੈਭਵ ਸੂਰਿਆਵੰਸ਼ੀ ਅਤੇ ਅਭਿਸ਼ੇਕ ਸ਼ਰਮਾ ਹੀ ਉਨ੍ਹਾਂ ਤੋਂ ਅੱਗੇ ਰਹੇ।
ਖਾਸ ਗੱਲ ਇਹ ਰਹੀ ਕਿ ਕੋਹਲੀ ਨੇ ਘੱਟ ਡਾਟ ਬਾਲ ਖੇਡਦਿਆਂ ਲਗਾਤਾਰ ਰਨ ਬਣਾਏ। ਉਨ੍ਹਾਂ ਨੇ ਪੇਸ ਗੇਂਦਬਾਜ਼ਾਂ ਖ਼ਿਲਾਫ਼ 542 ਦੌੜਾਂ 177.7 ਦੀ ਸਟ੍ਰਾਈਕ ਰੇਟ ਨਾਲ ਬਣਾਈਆਂ, ਜੋ ਉਨ੍ਹਾਂ ਦੇ ਕਰੀਅਰ ਦੇ ਸਭ ਤੋਂ ਪ੍ਰਭਾਵਸ਼ਾਲੀ ਅੰਕੜਿਆਂ ਵਿੱਚੋਂ ਇੱਕ ਹੈ।ਫਾਈਨਲ ਵਿੱਚ ਕਾਗਿਸੋ ਰਬਾਡਾ ਦੇ ਇੱਕ ਓਵਰ ਵਿੱਚ 21 ਦੌੜਾਂ ਬਣਾਉਣਾ ਵੀ ਕੋਹਲੀ ਦੇ ਨਵੇਂ ਆਕਰਮਕ ਰੂਪ ਦੀ ਮਿਸਾਲ ਬਣਿਆ। ਇਹ ਪਿਛਲੇ 13 ਸਾਲਾਂ ਵਿੱਚ ਕਿਸੇ ਤੇਜ਼ ਗੇਂਦਬਾਜ਼ ਖ਼ਿਲਾਫ਼ ਇੱਕ ਓਵਰ ਵਿੱਚ ਉਨ੍ਹਾਂ ਦਾ ਸਭ ਤੋਂ ਵੱਡਾ ਸਕੋਰ ਸੀ।ਫਾਈਨਲ ਦੌਰਾਨ ਕੋਹਲੀ ਨੇ ਕੇਵਲ 25 ਗੇਂਦਾਂ ਵਿੱਚ ਅਰਧ-ਸੈਂਚਰੀ ਪੂਰੀ ਕੀਤੀ, ਜੋ ਉਨ੍ਹਾਂ ਦੇ ਆਈਪੀਐਲ ਕਰੀਅਰ ਦੀ ਸਭ ਤੋਂ ਤੇਜ਼ ਫਿਫਟੀ ਸਾਬਤ ਹੋਈ।
ਕੋਹਲੀ ਨੇ ਮੈਚ ਤੋਂ ਬਾਅਦ ਕਿਹਾ, “ਵੱਡੇ ਮੌਕਿਆਂ ‘ਤੇ ਤਜਰਬੇਕਾਰ ਖਿਡਾਰੀਆਂ ਨੂੰ ਅੱਗੇ ਆ ਕੇ ਜ਼ਿੰਮੇਵਾਰੀ ਨਿਭਾਉਣੀ ਪੈਂਦੀ ਹੈ।” ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਬਦਲਾਅ ਕੋਈ ਅੰਨ੍ਹਾ ਹਮਲਾਵਰ ਰਵੱਈਆ ਨਹੀਂ, ਸਗੋਂ ਆਪਣੇ ਖੇਡ ‘ਤੇ ਭਰੋਸੇ ਨਾਲ ਕੀਤਾ ਗਿਆ ਸੋਚ-ਵਿਚਾਰ ਵਾਲਾ ਵਿਕਾਸ ਹੈ।
















