ਮੈਟਾ ਵੱਲੋਂ ਅਲਬਰਟਾ ਵਿੱਚ 13 ਅਰਬ ਡਾਲਰ ਤੋਂ ਵੱਧ ਦਾ ਇਤਿਹਾਸਕ ਨਿਵੇਸ਼, ਹਜ਼ਾਰਾਂ ਨੌਕਰੀਆਂ ਪੈਦਾ ਹੋਣਗੀਆਂ

ਮੈਟਾ ਵੱਲੋਂ ਅਲਬਰਟਾ ਵਿੱਚ 13 ਅਰਬ ਡਾਲਰ ਤੋਂ ਵੱਧ ਦਾ ਇਤਿਹਾਸਕ ਨਿਵੇਸ਼, ਹਜ਼ਾਰਾਂ ਨੌਕਰੀਆਂ ਪੈਦਾ ਹੋਣਗੀਆਂ

ਐਡਮੰਟਨ-ਸੋਸ਼ਲ ਮੀਡੀਆ ਅਤੇ ਤਕਨਾਲੋਜੀ ਕੰਪਨੀ ਮੈਟਾ ਨੇ ਅਲਬਰਟਾ ਵਿੱਚ ਆਪਣਾ ਪਹਿਲਾ ਕੈਨੇਡੀਅਨ ਡਾਟਾ ਸੈਂਟਰ ਸਥਾਪਤ ਕਰਨ ਲਈ 13 ਅਰਬ ਡਾਲਰ ਤੋਂ ਵੱਧ ਦੇ ਨਿਵੇਸ਼ ਦਾ ਐਲਾਨ ਕੀਤਾ ਹੈ। ਇਹ ਕੈਨੇਡਾ ਦੇ ਇਤਿਹਾਸ ਦੇ ਸਭ ਤੋਂ ਵੱਡੇ ਨਿੱਜੀ ਖੇਤਰ ਦੇ ਨਿਵੇਸ਼ਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ।

ਸਟੁਰਜਨ ਕਾਊਂਟੀ ਵਿੱਚ ਬਣਨ ਵਾਲੇ ਇਸ ਡਾਟਾ ਸੈਂਟਰ ਨਾਲ ਉਸਾਰੀ ਦੌਰਾਨ 3,000 ਤੋਂ ਵੱਧ ਨੌਕਰੀਆਂ ਅਤੇ ਪ੍ਰੋਜੈਕਟ ਸ਼ੁਰੂ ਹੋਣ ਤੋਂ ਬਾਅਦ ਕਰੀਬ 300 ਸਥਾਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਇਸ ਤੋਂ ਇਲਾਵਾ ਅਲਬਰਟਾ ਸਰਕਾਰ ਨੂੰ ਰਾਇਲਟੀ, ਟੈਕਸ, ਲੇਵੀ ਅਤੇ ਹੋਰ ਫੀਸਾਂ ਰਾਹੀਂ ਹਰ ਸਾਲ ਲਗਭਗ 25 ਕਰੋੜ ਡਾਲਰ ਦੀ ਆਮਦਨ ਹੋਣ ਦੀ ਉਮੀਦ ਹੈ। ਮੈਟਾ ਵੱਲੋਂ ਸੜਕਾਂ ਅਤੇ ਪਾਣੀ ਸਮੇਤ ਸਥਾਨਕ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵੀ ਕਰੀਬ 6 ਕਰੋੜ ਡਾਲਰ ਦਾ ਨਿਵੇਸ਼ ਕੀਤਾ ਜਾਵੇਗਾ।

ਸੂਬਾ ਸਰਕਾਰ ਦਾ ਕਹਿਣਾ ਹੈ ਕਿ ਇਹ ਡਾਟਾ ਸੈਂਟਰ ਅਲਬਰਟਾ ਦੀ 'ਬ੍ਰਿੰਗ ਯੋਰ ਓਨ ਪਾਵਰ' ਨੀਤੀ ਤਹਿਤ ਚੱਲੇਗਾ। ਪ੍ਰੋਜੈਕਟ ਆਪਣੀ ਬਿਜਲੀ ਦਾ ਵੱਡਾ ਹਿੱਸਾ ਖੁਦ ਤਿਆਰ ਕਰੇਗਾ ਅਤੇ ਨਵੇਂ ਕੁਦਰਤੀ ਗੈਸ ਆਧਾਰਿਤ ਬਿਜਲੀ ਉਤਪਾਦਨ ਨਾਲ ਜੋੜਿਆ ਜਾਵੇਗਾ, ਜਿਸ ਨਾਲ ਸੂਬੇ ਦੇ ਬਿਜਲੀ ਗਰਿੱਡ ਦੀ ਭਰੋਸੇਯੋਗਤਾ ਬਰਕਰਾਰ ਰਹੇਗੀ ਅਤੇ ਖਪਤਕਾਰਾਂ ਦੇ ਬਿਜਲੀ ਟਰਾਂਸਮਿਸ਼ਨ ਖਰਚਿਆਂ ਵਿੱਚ ਛੇ ਫ਼ੀਸਦੀ ਤੱਕ ਕਮੀ ਆ ਸਕਦੀ ਹੈ।

ਮੈਟਾ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਡਾਟਾ ਸੈਂਟਰ ਵਿੱਚ ਪਾਣੀ ਦੀ ਬਚਤ ਲਈ ਆਧੁਨਿਕ ਕਲੋਜ਼ਡ-ਲੂਪ ਲਿਕਵਿਡ ਕੂਲਿੰਗ ਅਤੇ ਡ੍ਰਾਈ ਕੂਲਿੰਗ ਤਕਨਾਲੋਜੀ ਵਰਤੀ ਜਾਵੇਗੀ, ਜਿਸ ਨਾਲ ਕੂਲਿੰਗ ਲਈ ਪਾਣੀ ਦੀ ਲੋੜ ਨਹੀਂ ਪਵੇਗੀ। ਪਾਣੀ ਦੀ ਵਰਤੋਂ ਸਿਰਫ਼ ਘਰੇਲੂ ਲੋੜਾਂ, ਅੱਗ ਬੁਝਾਉਣ ਅਤੇ ਸਾਜ਼ੋ-ਸਾਮਾਨ ਦੀ ਸੰਭਾਲ ਤੱਕ ਸੀਮਿਤ ਰਹੇਗੀ।

ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ ਇਹ ਨਿਵੇਸ਼ ਸੂਬੇ ਨੂੰ ਆਰਟੀਫ਼ੀਸ਼ਲ ਇੰਟੈਲੀਜੈਂਸ ਅਤੇ ਡਾਟਾ ਸੈਂਟਰ ਉਦਯੋਗ ਵਿੱਚ ਵਿਸ਼ਵ ਪੱਧਰ 'ਤੇ ਮਜ਼ਬੂਤ ਸਥਾਨ ਦਿਵਾਏਗਾ। ਉਨ੍ਹਾਂ ਕਿਹਾ ਕਿ ਇਸ ਨਾਲ ਹਜ਼ਾਰਾਂ ਨੌਕਰੀਆਂ ਪੈਦਾ ਹੋਣਗੀਆਂ, ਸਰਕਾਰੀ ਆਮਦਨ ਵਿੱਚ ਵਾਧਾ ਹੋਵੇਗਾ ਅਤੇ ਸੂਬੇ ਦੀ ਬਿਜਲੀ ਪ੍ਰਣਾਲੀ ਹੋਰ ਭਰੋਸੇਯੋਗ ਬਣੇਗੀ।

ਮੈਟਾ ਦੇ ਡਾਟਾ ਸੈਂਟਰ ਰਣਨੀਤੀ ਅਤੇ ਵਿਕਾਸ ਵਿਭਾਗ ਦੇ ਉਪ ਪ੍ਰਧਾਨ ਗੈਰੀ ਡੀਮਾਸੀ ਨੇ ਕਿਹਾ ਕਿ ਮਜ਼ਬੂਤ ਬੁਨਿਆਦੀ ਢਾਂਚਾ, ਭਰੋਸੇਯੋਗ ਊਰਜਾ ਸਪਲਾਈ ਅਤੇ ਹੁਨਰਮੰਦ ਕਰਮਚਾਰੀਆਂ ਕਾਰਨ ਅਲਬਰਟਾ ਨੂੰ ਇਸ ਪ੍ਰੋਜੈਕਟ ਲਈ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੰਪਨੀ ਸਥਾਨਕ ਭਾਈਚਾਰੇ ਅਤੇ ਸਰਕਾਰ ਨਾਲ ਮਿਲ ਕੇ ਲੰਬੇ ਸਮੇਂ ਲਈ ਆਰਥਿਕ ਵਿਕਾਸ ਵਿੱਚ ਯੋਗਦਾਨ ਪਾਏਗੀ।